Punjab

ਬੰਦੀ ਸਿੱਖਾਂ ਲਈ ਲੱਗੇ ਮੋਰਚੇ ‘ਚ ਅੱਜ ਪਹੁੰਚੀ ਆਹ ਕਿਸਾਨ ਜਥੇਬੰਦੀ,ਕਰ ਦਿੱਤਾ ਐਲਾਨ

ਮੁਹਾਲੀ : ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦੀ ਰਿਹਾਈ ਲਈ ਮੁਹਾਲੀ ਵਿੱਚ ਲੱਗੇ ਹੋਏ ਮੋਰਚੇ ਦੇ ਸਮਰਥਨ ਲਈ ਹੁਣ ਕਿਸਾਨ ਜਥੇਬੰਦੀਆਂ ਵੀ ਮੈਦਾਨ ਵਿੱਚ ਆ ਗਈਆਂ ਹਨ। ਕਿਰਤੀ ਕਿਸਾਨ ਯੂਨੀਅਨ ਨੇ ਅੱਜ ਜਥੇਬੰਦੀ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਦੀ ਅਗਵਾਈ ‘ਚ ਮੋਰਚੇ ‘ਚ ਸ਼ਮੂਲੀਅਤ ਕੀਤੀ ਹੈ।

ਇਸ ਦੌਰਾਨ ਮੋਰਚੇ ‘ਚ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਕਿਹਾ ਕੇ ਮੁਲਕ ਦੇ ਕਾਨੂੰਨ ਮੁਤਾਬਿਕ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ‘ਤੇ ਵੀ ਰਿਹਾਅ ਨਾ ਕਰਨਾ,ਸਰਕਾਰ ਦੀ ਘੱਟ ਗਿਣਤੀਆਂ ਵਿਰੋਧੀ ਤੇ ਗੈਰ ਜਮਹੂਰੀ ਸੋਚ ਦਾ ਪ੍ਰਤੀਕ   ਹੈ। ਇੱਕ ਪਾਸੇ ਬਲਾਤਕਾਰੀਆਂ, ਘੱਟ ਗਿਣਤੀਆਂ ਦੇ ਕਤਲੇਆਮ ਕਰਨ ਵਾਲੇ ਸਜਾਵਾਂ ਪੂਰੀਆਂ ਕਰਨ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਮੁਆਫੀਆਂ ਦੇ ਕੇ ਛੱਡੇ ਜਾ ਰਹੇ ਤੇ ਦੂਜੇ ਪਾਸੇ ਸਜਾਵਾਂ ਪੂਰੀਆਂ ਕਰਨ ਵਾਲਿਆਂ ਨੂੰ ਜੇਲਾਂ ‘ਚ ਸਾੜਿਆ ਜਾ ਰਿਹਾ ਹੈ।

ਉਹਨਾਂ ਕਿਹਾ ਕਿ ਇਸ ਤਰਾਂ ਦੇ ਮਸਲਿਆਂ ਵਿੱਚ ਸੂਬਾ ਤੇ ਕੇਂਦਰੀ ਸਰਕਾਰਾਂ ਆਪਸ ਵਿੱਚ ਹੀ ਇਲਜ਼ਾਮ ਬਾਜੀ ਕਰਨ ‘ਤੇ ਲਗੀਆਂ ਰਹਿੰਦੀਆਂ ਹਨ ਤੇ ਇਹ ਸਾਰਾ ਮਸਲਾ ਰੁਲ ਜਾਂਦਾ ਹੈ। ਕੋਈ ਵੀ ਸਰਕਾਰ ਇਸ ਬਾਰੇ ਸੰਜੀਦਾ ਹੋਵੇ ਤਾਂ ਇਸ ਮਸਲੇ ਦਾ ਆਸਾਨੀ ਨਾਲ ਹੱਲ ਕੱਢਿਆ ਜਾ ਸਕਦਾ ਹੈ।

ਕਿਸਾਨ ਆਗੂ ਨੇ ਕਿਹਾ ਕੇ ਇਹ ਮਸਲਾ ਸਿਰਫ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੱਖਾਂ ਦਾ ਜਾਂ ਸਿਰਫ ਸਿੱਖਾਂ ਦਾ ਨਹੀਂ,ਇਹ ਮਸਲਾ ਹਰ ਇਨਸਾਫਪਸੰਦ ਤੇ ਜਮਹੂਰੀਅਤ ਪਸੰਦ ਸ਼ਹਿਰੀਆਂ ਦਾ ਹੈ,ਇਸ ਲਈ ਸਭ ਨੂੰ ਇਸ ਮੰਗ ਦੀ ਹਮਾਇਤ ‘ਚ ਆਉਣਾ ਚਾਹੀਦਾ ਹੈ ।ਕਿਰਤੀ ਕਿਸਾਨ ਯੂਨੀਅਨ ਇਸ ਮਸਲੇ ਲਈ ਲੱਗੇ ਮੋਰਚੇ ਦੀ ਵੀ ਡਟਵੀਂ ਹਮਾਇਤ ਕਰਦੀ ਹੈ ਤੇ ਜਦੋਂ ਤੱਕ ਮੋਰਚਾ ਚੱਲੇਗਾ,ਉਦੋਂ ਤੱਕ ਜਥੇਬੰਦੀ ਇਸ ਮੋਰਚੇ ਨਾਲ ਖੜੀ ਰਹੇਗੀ।