‘ਦ ਖ਼ਾਲਸ ਬਿਊਰੋ:- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚੋਰੀ ਅਤੇ ਬੇਅਦਬੀ ਹੋਏ ਸਰੂਪਾਂ ਦੇ ਮਾਮਲੇ ‘ਚ ਅੱਜ 10 ਜੁਲਾਈ ਨੂੰ ਮੋਹਾਲੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਈ ਸੀ। ਇਹ ਸੁਣਵਾਈ CBI ਦੇ ਵਿਸ਼ੇਸ਼ ਜੱਜ G.S ਸੇਖੋਂ ਦੀ ਅਦਾਲਤ ਵਿੱਚ ਹੋਈ।

ਇਸ ਮੌਕੇ CBI ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਪੰਜਾਬ ਪੁਲਿਸ ਦੀ SIT ਦੀ ਟੀਮ ਨੂੰ ਜਾਂਚ ਕਰਨ ਤੋਂ ਰੋਕਿਆ ਜਾਵੇ। ਅਦਾਲਤ ਨੇ CBI ਦੀ ਅਰਜ਼ੀ ‘ਤੇ ਪੰਜਾਬ ਸਰਕਾਰ ਅਤੇ ਸ਼ਿਕਾਇਤ ਕਰਤਾਵਾਂ ਨੂੰ ਆਪਣਾ ਪੱਖ ਰੱਖਣ ਲਈ ਕੇਸ ਦੀ ਅਗਲੀ ਸੁਣਵਾਈ 20 ਜੁਲਾਈ ਕਰ ਦਿੱਤੀ ਹੈ।

ਇਸ ਮੌਕੇ CBI  ਨੇ ਮੁਲਜ਼ਮਾਂ ਦੇ ਹੱਕ ਵਿੱਚ ਇੱਕ ਨਵੀਂ ਅਰਜੀ ਦਾਇਰ ਕਰ ਦਿੱਤੀ ਹੈ ।  CBI ਨੇ ਦਾਅਵਾ ਕੀਤਾ ਹੈ ਕਿ  ਉਹਨਾਂ ਵੱਲੋਂ ਹਾਲੇ ਤੱਕ ਕੇਸ ਨੂੰ ਬੰਦ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਸੁਪਰੀਮ ਕੋਰਟ ਵਿੱਚ ਉਸ (CBI) ਦੀ ਨਜ਼ਰਸਾਨੀ ਪਟੀਸ਼ਨ ਪੈਂਡਿੰਗ ਹੈ, ਜਿਸ ਕਰਕੇ ਉਦੋਂ ਤੱਕ ਸਟੇਅ ਦਿੱਤੀ ਜਾਵੇ।

CBI ਦੀ ਇਸ ਦਲੀਲ ਦਾ ਸਰਕਾਰੀ ਵਕੀਲ ਸੰਜੀਵ ਬੱਤਰਾ ਸਮੇਤ ਸ਼ਿਕਾਇਤ ਕਰਤਾਵਾਂ ਦੇ ਵਕੀਲਾਂ ਗਗਨ ਪਰਦੀਪ ਸਿੰਘ ਬੱਲ ਅਤੇ ਸਤਨਾਮ ਸਿੰਘ ਕਲੇਰ ਨੇ ਸਖ਼ਤ ਇਤਰਾਜ਼ ਜਤਾਇਆ ਉਨ੍ਹਾਂ ਕਿਹਾ ਕਿ, CBI ਕੇਸ ਨੂੰ ਜਾਣਬੁੱਝ ਕੇ ਲਟਕਾ ਰਹੀ ਹੈ। ਇਸ ਮਾਮਲੇ ਵਿੱਚ ਇਨਸਾਫ਼ ਮਿਲਣ ਵਿੱਚ ਪਹਿਲਾਂ ਹੀ ਬਹੁਤ ਦੇਰੀ ਹੋ ਚੁੱਕੀ ਹੈ ਅਤੇ ਪੂਰੇ ਵਿਸ਼ਵ ਦੇ ਸਿੱਖਾਂ ਦੀਆਂ ਨਜ਼ਰਾਂ ਕੇਸ ਕਿਸੇ ਕੰਢੇ ਲੱਗਣ ‘ਤੇ ਟਿਕੀਆਂ ਹੋਈਆਂ ਹਨ।

ਸੁਣਵਾਈ ਦੌਰਾਨ ਇਸ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਵੀ ਹਾਜ਼ਰ ਸਨ।

ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਸ਼ਿਕਾਇਤ ਕਰਤਾਵਾਂ ਰਣਜੀਤ ਸਿੰਘ ਅਤੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੋਰਾ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਵਿੱਚ ਜਲਦੀ ਇਨਸਾਫ਼ ਚਾਹੁੰਦੇ ਹਨ।

 

ਵਿਧਾਇਕ ਸੁਖਪਾਲ ਖਹਿਰਾ ਨੇ CBI ਦੀ ਮਨਸ਼ਾ ‘ਤੇ ਚੁੱਕੇ ਸੁਆਲ

9 ਜੁਲਾਈ ਨੂੰ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਵੀ  CBI ਦੀ ਕਾਰਗੁਜਾਰੀ ‘ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਡੇਰਾ ਮੁਖੀ ਰਾਮ ਰਹੀਮ ਤੇ ਉਸਦੇ ਡੇਰਾ ਪ੍ਰੇਮੀਆਂ ਦਾ ਨਾਮ ਬੇਅਦਬੀ ਕੇਸ ਵਿੱਚ ਨਾਮਜ਼ਦ ਹੋਣ ਤੋਂ ਬਾਅਦ CBI ਤੁਰੰਤ ਹਰਕਤ ਵਿੱਚ ਆ ਗਈ ਹੈ। ਉਹਨਾਂ ਇਲਜ਼ਾਮ ਲਾਇਆ ਸੀ ਕਿ BJP ਸਰਕਾਰ ਡੇਰਾ ਮੁਖੀ ਰਾਮ ਰਹੀਮ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਨਾਲ ਹੀ ਉਨਾਂ ਇਹ ਵੀ ਕਿਹਾ ਸੀ ਕਿ ਇਸ ਕੇਸ ਦੀ ਤਾਰ ਉਸ ਸਮੇਂ ਦੀ ਬਾਦਲ ਸਰਕਾਰ ਨਾਲ ਵੀ ਜੁੜਦੀ ਦਿਖਾਈ ਦਿੰਦੀ ਹੈ। ਖਹਿਰਾ ਨੇ ਕਿਹਾ ਕਿ ਜੇਕਰ ਇਸ ਬੇਅਦਬੀ ਕਾਂਡ ਦੀ ਜਾਂਚ DIG ਰਣਬੀਰ ਸਿੰਘ ਖੱਟੜਾ ਦੀ SIT ਵੱਲੋਂ ਕੀਤੀ ਜਾਂਦੀ ਰਹੀ, ਤਾਂ ਇਸ ਕੇਸ ਵਿੱਚ ਬਹੁਤ ਸਾਰੇ ਵੱਡੇ ਲੀਡਰਾਂ ਦੇ ਸ਼ਾਮਿਲ ਹੋਣ ਦਾ ਖੁਲਾਸਾ ਜ਼ਰੂਰ ਹੋਵੇਗਾ।