Punjab

“ਪੰਜਾਬ ਦੇ ਫੈਸਲੇ ‘Elected ਲੋਕ ਕਰਨ, ਨਾ ਕਿ Selected”ਮੁੱਖ ਮੰਤਰੀ ਮਾਨ ਦਾ ਰਾਜਪਾਲ ‘ਤੇ ਤਿੱਖਾ ਪਲਟਵਾਰ

ਚੰਡੀਗੜ੍ਹ : ਕੱਲ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਖੜੇ ਕੀਤੇ ਗਏ ਸਵਾਲਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਰਾਜਪਾਲ ‘ਤੇ ਮੁੜ ਤਿੱਖਾ ਪਲਟਵਾਰ ਕੀਤਾ ਹੈ। ਵਿਧਾਇਕਾਂ ਦੀ ਟ੍ਰੇਨਿੰਗ ਸੈਸ਼ਨ ਦੌਰਾਨ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਹੈ ਕਿ ਪੰਜਾਬ ਦੇ ਫੈਸਲੇ ‘Elected ਲੋਕ ਕਰਨ, ਨਾ ਕਿ Selected । ਕਾਨੂੰਨ ਅਸੀਂ ਵੀ ਜਾਣਦੇ ਹਾਂ। ਕਈ ਵਾਰ ਕੋਈ ਹੋਰ ਉਨ੍ਹਾਂ ਤੋਂ ਸਭ ਕੁਝ ਕਰਵਾ ਦਿੰਦਾ ਹੈ।

ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ (Bhagwant maan) ਅਤੇ ਰਾਜਪਾਲ ਪੰਜਾਬ ਬਨਵਾਰੀ ਲਾਲ ਪੁਰੋਹਿਤ (Banwari lal purohit) ਵਿੱਚ ਪਿਛਲੇ ਕਈ ਦਿਨਾਂ ਤੋਂ ਸ਼ਬਦੀ ਜੰਗ ਜਾਰੀ ਹੈ। ਅੱਜ ਇੱਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਵੀ ਮੁੱਖ ਮੰਤਰੀ ਪੰਜਾਬ ਨੇ ਭਾਵੇਂ ਸਿੱਧੇ ਤੌਰ ਤਾਂ ਰਾਜਪਾਲ ਦਾ ਨਾਂ ਨਹੀਂ ਲਿਆ ਪਰ ਉਨ੍ਹਾਂ ਉਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਪੰਜਾਬ ਦੀ ਜਨਤਾ ਨੇ ਜਿੰਨਾਂ ਨੂੰ ਚੁਣਿਆ ਹੈ, ਉਹੀ ਫੈਸਲੇ ਕਰਨ। ਇਲੈਕਟਿਡ ਲੋਕ ਹੀ ਕਰਨ, ਨਾ ਕਿ ਸਿਲੈਕਟਿਡ। ਮਾਨ ਨੇ ਅੱਗੇ ਕਿਹਾ ਕਿ ਲੋਕਤੰਤਰ ਵਿੱਚ ਇਲੈਕਟਿਡ ਲੋਕ ਵੱਡੇ ਹਨ, ਸਿਲੈਕਟਿਡ ਤਾਂ ਕੋਈ ਵੀ ਹੋ ਸਕਦਾ ਹੈ।

ਮਾਨ ਨੇ ਸਿੱਧੇ ਸ਼ਬਦਾਂ ਵਿੱਚ ਕਿਹਾ ਹੈ ਕਿ ਕਾਨੂੰਨ ਸਾਰਿਆਂ ਲਈ ਇਕੋ ਜਿਹਾ ਹੈ ਤੇ ਜੇ ਉਹ ਕਾਨੂੰਨ ਜਾਣਦੇ ਹਨ ਤਾਂ ਅਸੀਂ ਵੀ ਜਾਣਦੇ ਹਾਂ। ਜਿਹੜੇ ਕਾਨੂੰਨ ਰਾਹੀਂ ਉਹ ਰੋਕਦੇ ਹਨ ,ਉਸ ਰਾਹੀਂ ਅਸੀਂ ਵੀ ਉਹਨਾਂ ਨੂੰ ਜੁਆਬ ਦੇਵਾਂਗੇ।

ਦੱਸ ਦੇਈਏ ਕਿ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕੁੱਝ ਦਿਨ ਪਹਿਲਾਂ ਸਰਹੱਦੀ ਖੇਤਰਾਂ ਦਾ ਦੌਰਾ ਕੀਤਾ ਸੀ ਅਤੇ ਉਨ੍ਹਾਂ ਨੇ ਪੰਜਾਬ ਸਰਕਾਰ ਉਪਰ ਨਸ਼ੇ ਅਤੇ ਅਮਨ ਕਾਨੂੰਨ ਦੀ ਸਥਿਤੀ ‘ਤੇ ਸਵਾਲ ਚੁੱਕੇ ਸਨ। ਇਸ ਤੋਂ ਬਾਅਦ ਹੁਣ ਰਾਜਪਾਲ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਚਿੱਠੀ ਵੀ ਲਿਖੀ, ਜਿਸ ਵਿੱਚ ਪ੍ਰਿੰਸੀਪਲਾਂ ਨੂੰ ਸਿੰਗਾਪੁਰ ਭੇਜਣ ਦੇ ਫੈਸਲੇ ਸਮੇਤ 4 ਨੁਕਤਿਆਂ ਉਪਰ ਜਵਾਬ ਮੰਗਿਆ ਹੈ।ਇਸ ਤੋਂ ਪਹਿਲਾਂ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵੇਲੇ ਵੀ ਮੁੱਖ ਮੰਤਰੀ ਪੰਜਾਬ ਤੇ ਰਾਜਪਾਲ ਦਰਮਿਆਨ ਸ਼ਬਦੀ ਜੰਗ ਹੋ ਚੁੱਕੀ ਹੈ।