India

ਦਿੱਲੀ ‘ਚ ਗੁਰਪਤਵੰਤ ਸਿੰਘ ਪੰਨੂੰ ਦਾ ਪੁਤਲਾ ਸਾੜਿਆ, ISI ਪਾਕਿ ਤੇ ਚੀਨ ਤੋਂ ਪੈਸਾ ਮਿਲਣ ਦੇ ਲਾਏ ਦੋਸ਼!

‘ਦ ਖ਼ਾਲਸ ਬਿਊਰੋ (ਦਿਲਪ੍ਰੀਤ ਸਿੰਘ):- ਅੱਜ ਦਿੱਲੀ ‘ਚ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ GK ਵੱਲੋਂ ISI ਪਾਕਿਸਤਾਨ ਅਤੇ ‘ਸਿੱਖਸ ਫਾਰ ਜਸਟਿਸ’ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂੰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਰੋਸ ਪ੍ਰਦਰਸ਼ਨ ਨਹਿਰੂ ਪਲੈਨੀਟੇਰੀਅਮ, ਤਿੰਨ ਮੂਰਤੀ ਮਾਰਗ ਨਵੀਂ ਦਿੱਲੀ ਤੋਂ ਸ਼ੁਰੂ ਹੋ ਕੇ ਪਾਕਿਸਤਾਨ ਹਾਈ ਕਮਿਸ਼ਨ ਚਾਣਕਿਆਪੁਰੀ ਨਵੀਂ ਦਿੱਲੀ ਤੱਕ ਪਹੁੰਚਿਆ।

 

 

ਮਨਜੀਤ ਸਿੰਘ GK ਨੇ ਦੋਸ਼ ਲਾਇਆ ਹੈ ਕਿ ਗੁਰਪਤਵੰਤ ਸਿੰਘ ਪੰਨੂੰ ISI ਪਾਕਿਸਤਾਨ ਦੀ ਸ਼ਹਿ ‘ਤੇ ਭਾਰਤ ਅਤੇ ਪੰਜਾਬ ਵਿੱਚ ਰੈਫਰੈਂਡਮ-2020 ਦੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਉਹਨਾਂ ਕਿਹਾ ਕਿ ਪੰਨੂੰ ਨੂੰ ਚੀਨ ਅਤੇ ISI ਵੱਲੋਂ ਪੈਸਾ ਮਿਲਦਾ ਹੈ। ਇਸ ਕਰਕੇ ਉਹ ਦੇਸ਼ ਵਿਰੋਧੀ ਗਤੀਵਿਧੀਆਂ ਕਰ ਰਿਹਾ ਹੈ।

 

 

GK ਨੇ ਕਿਹਾ ਕਿ ਪੰਨੂੰ ਬਾਹਰਲੇ ਮੁਲਕ ਬੈਠ ਕੇ ਖਾਲਿਸਤਾਨ ਦੀ ਮੰਗ ਕਰਦਾ ਹੈ, ਪਰ ਪਹਿਲਾਂ ਉਹ ਖੁਦ-ਆਪ ਸਿੱਖ ਕਿਉਂ ਨਹੀਂ ਬਣਦਾ? GK ਨੇ ਪੰਨੂੰ ਨੂੰ ਸਵਾਲ ਕਰਦਿਆਂ ਕਿਹਾ ਕਿ ਭਾਰਤ ਵਿੱਚ 1984 ਦੇ ਕਤਲੇਆਮ ਦਾ ਸ਼ਿਕਾਰ ਹੋਈਆਂ ਹਜਾਰਾਂ ਵਿਧਵਾਵਾਂ ਹਨ, ਕੀ ਪੰਨੂੰ ਨੇ ਇਹਨਾਂ ਵਿਧਵਾਵਾਂ ਵਿੱਚੋਂ ਅੱਜ ਤੱਕ ਕਿਸੇ ਦੀ ਵੀ ਪੈਨਸ਼ਨ ਲਵਾਈ ਹੈ? ਉਹਨਾਂ ਇਹ ਵੀ ਸੁਆਲ ਕੀਤਾ ਕਿ ਭਾਰਤ ਦੀਆਂ ਜੇਲ੍ਹਾਂ ਵਿੱਚ ਅਨੇਕਾਂ ਬੰਦੀ ਸਿੰਘ ਕੈਦ ਹਨ, ਪੰਨੂੰ ਨੇ ਕਿੰਨੇ ਸਿੰਘਾਂ ਦੀ ਰਿਹਾਈ ਲਈ ਵਕੀਲ ਕੀਤੇ ਹਨ?

 

 

ਮਨਜੀਤ GK ਨੇ ਦੋਸ਼ ਲਾਇਆ ਕਿ ਜੇਕਰ ਪੰਨੂੰ ਗਲਵਾਨ ਵਾਦੀ ਤੇ ਲੱਦਾਖ ਨੂੰ ਚੀਨ ਦਾ ਹਿੱਸਾ ਮੰਨਦਾ ਹੈ ਤਾਂ ਇਸਦਾ ਮਤਲਬ ਉਹ ਸਿੱਖ ਇਤਿਹਾਸ ਨੂੰ ਝੁਠਲਾ ਰਿਹਾ ਹੈ। GK ਨੇ ਕਿਹਾ ਕਿ ਲੱਦਾਖ ਦੇ ਗਲਵਾਨ ਵਾਦੀ, ਗਿਲਗਿਟ ਆਦਿ ਦੇ ਪ੍ਰਦੇਸ਼ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਸਮੇਂ ਸਿੱਖ ਫੌਜਾਂ ਵੱਲੋਂ ਜਿੱਤੇ ਗਏ ਸਨ।

 

 

ਅਖੀਰ ਵਿੱਚ GK ਨੇ ਕਿਹਾ ਕਿ ਪੰਨੂੰ ਵੱਲੋਂ ਇਹ ਸਾਰੀਆਂ ਗਤੀਵਿਧੀਆਂ ਸਿਰਫ਼ ਆਪਣੇ ਨਿੱਜੀ ਹਿੱਤਾਂ ਅਤੇ ਚੀਨ ਅਤੇ ਪਾਕਿਸਤਾਨ ਤੋਂ ਮਿਲ ਰਹੇ ਪੈਸੇ ਕਰਕੇ ਹੀ ਕੀਤਾ ਜਾ ਰਿਹਾ ਹੈ। ਇਸ ਮੌਕੇ ਮਨਜੀਤ ਸਿੰਘ GK ਨਾਲ ਹੋਰ ਵੀ ਜਥੇਬੰਦੀਆਂ ਮੌਜੂਦ ਸਨ। ਪ੍ਰਦਰਸ਼ਨਕਾਰੀਆਂ ਵੱਲੋਂ ISI ਪਾਕਿਸਤਾਨ ਅਤੇ ਗੁਰਪਤਵੰਤ ਸਿੰਘ ਪੰਨੂੰ ਦੇ ਪੁਤਲੇ ਵੀ ਸਾੜੇ ਗਏ।