India Punjab

ਕੀ ਹੁਣ ਖਹਿਰਾ ਦੀ ਬੀਜੇਪੀ ‘ਚ ਜਾਣ ਦੀ ਤਿਆਰ ? ਕਾਂਗਰਸ ਵਿਧਾਇਕ ਨੇ ਆਪ ਚੁੱਕਿਆ ਪਰਦਾ

ਬਿਉਰੋ ਰਿਪੋਰਟ : ਪੰਜਾਬ ਵਿੱਚ ਲੋਕਸਭਾ ਚੋਣਾਂ ਦੇ ਜ਼ੋਰ ਫੜਨ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ 2 ਦਿਨਾਂ ਵਿੱਚ ਤਿੰਨ ਵੱਡੀ ਸਿਆਸੀ ਤਿਤਲੀਆਂ ਨੇ ਉਡਾਰੀਆਂ ਮਾਰੀਆਂ ਹਨ । ਅਜਿਹੇ ਵਿੱਚ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਕੁਝ ਅਜਿਹੇ ਆਗੂਆਂ ਦੇ ਬੀਜੇਪੀ ਵਿੱਚ ਸ਼ਾਮਲ ਹੋਣ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ ਜਿੰਨਾਂ ਨੂੰ ਆਪ ਆਕੇ ਇੰਨਾਂ ਖਬਰਾਂ ਦਾ ਖੰਡਨ ਕਰਨਾ ਪਿਆ ਹੈ । ਸੋਸ਼ਲ ਮੀਡੀਆ ‘ਤੇ ਇੱਕ ਖਬਰ ਚੱਲ ਰਹੀ ਹੈ ਕਿ ਭੁੱਲਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਕਾਂਗਰਸ ਤੋਂ ਬਣਦਾ ਮਾਨ ਨਾ ਮਿਲਣ ਤੋਂ ਨਰਾਜ਼ ਹੋਕੇ ਬੀਜੇਪੀ ਦਾ ਪੱਲਾ ਫੜ ਸਕਦੇ ਹਨ । ਇਸ ‘ਤੇ ਖਹਿਰਾ ਨੇ ਆਪ ਆਕੇ ਜਵਾਬ ਦਿੱਤਾ ਹੈ ।

ਸੁਖਪਾਲ ਸਿੰਘ ਖਹਿਰਾ ਨੇ ਆਪਣੇ ਸੋਸ਼ਲ ਮੀਡੀਆ ਐਕਾਊਂਟ x ‘ਤੇ ਨਿਊਜ਼ ਸ਼ੇਅਰ ਕਰਦੇ ਹੋਏ ਲਿਖਿਆ ਇਹ ਬਿਲਕੁਲ ਫੇਕ ਅਤੇ ਪਲਾਂਟ ਖਬਰ ਹੈ ਕਿ ਮੈਂ ਬੀਜੇਪੀ ਜੁਆਇਨ ਕਰ ਰਿਹਾ ਹਾਂ,ਇਹ ਆਮ ਆਦਮੀ ਪਾਰਟੀ ਵੱਲੋਂ ਫੈਲਾਈ ਗਈ ਖਬਰ ਹੈ । ਜਿੰਨਾ ਨੇ ਆਪਣਾ ਸਟਿੰਗ ਐੱਮਪੀ ਅਤੇ ਵਿਧਾਇਕ ਗਵਾ ਦਿੱਤਾ ਹੈ । ਹਾਲਾਂਕਿ ਮੈਨੂੰ ਇਸ ਫਰਜ਼ੀ ਖਬਰ ਨਾਲ ਕੋਈ ਫਰਕ ਨਹੀਂ ਪੈਂਦਾ ਹੈ,ਪਰ ਫਿਰ ਵੀ ਮੈਂ ਸਾਹਮਣੇ ਆਕੇ ਇਸ ਖਬਰ ਨੂੰ ਸਿਰੇ ਤੋਂ ਖਾਰਿਜ ਕਰਦਾ ਹਾਂ। ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੀਆਂ ਤਿਤਲੀਆਂ ਦੇ ਲਈ ਅਜਿਹੇ ਪੋਸਟਰ ਤਿਆਰ ਕਰੋ । ਇਸ ਤੋਂ ਪਹਿਲਾਂ ਕਾਂਗਰਸ ਦੇ ਖਡੂਰ ਸਾਹਿਬ ਤੋਂ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਕਾਂਗਰਸ ਵਿੱਚ ਬਣੇ ਰਹਿਣ ਦਾਅਵਾ ਕੀਤਾ ਸੀ। ਕਾਂਗਰਸ ਦੇ 3 ਵਾਰ ਦੇ ਐੱਮਪੀ ਰਵਨੀਤ ਸਿੰਘ ਬਿੱਟੂ ਦੇ ਬੀਜੇਪੀ ਵਿੱਚ ਚੱਲੇ ਜਾਣ ਤੋਂ ਬਾਅਦ ਉਨ੍ਹਾਂ ਦੇ ਵੀ ਪਾਰਟੀ ਛੱਡਣ ਦੀਆਂ ਚਰਚਾਵਾਂ ਸਨ ।

‘ਸਾਡੀ ਤਿੰਨ ਪੀੜੀਆਂ ਕਾਂਗਰਸ ਦੀ ਵਾਫਦਾਰ’

ਖਡੂਰ ਸਾਹਿਬ ਤੋਂ ਕਾਂਗਰਸੀ ਐੱਮਪੀ ਜਸਬੀਰ ਸਿੰਘ ਡਿੰਪਾ ਨੇ ਕਿਹਾ ਮੈਂ ਬੀਜੇਪੀ ਵਿੱਚ ਨਹੀਂ ਜਾ ਰਿਹਾ ਹਾਂ, ਮੇਰੇ ਸਾਥੀ ਰਵਨੀਤ ਬਿੱਟੂ ਦੇ ਬੀਜੇਪੀ ਵਿੱਚ ਜਾਣ ਤੋਂ ਬਾਅਦ ਮੇਰਾ ਨਾਂ ਵੀ ਲਿਆ ਜਾ ਰਿਹਾ ਸੀ । ਕਿਸੇ ਟਕਸਾਲੀ ਵੱਲੋਂ ਪਾਰਟੀ ਛੱਡਣ ‘ਤੇ ਝਟਕਾ ਜ਼ਰੂਰ ਲੱਗ ਦਾ ਹੈ । ਮੇਰੀ ਪਾਰਟੀ ਵਿੱਚ ਜਿਸ ਸ਼ਖਸ਼ ਨਾਲ ਨਰਾਜ਼ਗੀ ਸੀ ਉਹ ਹੁਣ ਸੂਬੇ ਦਾ ਇੰਚਾਰਜ ਨਹੀਂ ਹੈ । ਜੇਕਰ ਪਾਰਟੀ ਮੈਨੂੰ ਟਿਕਟ ਦਿੰਦੀ ਹੈ ਤਾਂ ਮੈਂ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਦੀ ਨੁਮਾਇੰਦਗੀ ਕਰਨ ਦੇ ਲਈ ਤਿਆਰ ਹਾਂ,ਮੈਂ ਧੜਲੇ ਨਾਲ ਚੋਣ ਲੜਾਂਗਾ। ਜੇਕਰ ਪਾਰਟੀ ਕਿਸੇ ਹੋਰ ਨੂੰ ਟਿਕਟ ਦੇਵੇਗੀ ਤਾਂ ਵੀ ਮੈਂ ਉਸ ਦੀ ਪੂਰੀ ਮਦਦ ਕਰਾਂਗਾ ।