ਚੰਡੀਗੜ੍ਹ-(ਕਮਲਪ੍ਰੀਤ ਕੌਰ)  ਦਿੱਲੀ ਵਿੱਚ ਪਿਛਲੇ ਕਈ ਦਿਨਾਂ ਤੋਂ ਭੜਕੀ ਹਿੰਸਾ ਦੌਰਾਨ ਹੁਣ ਤੱਕ 42 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦਰਮਿਆਨ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਇੱਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਦਿੱਲੀ ਦੇ ਖ਼ਰਾਬ ਹੋਏ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ 6 ਮੈਂਬਰੀ ਕਮੇਟੀ ਬਣਾਈ ਹੈ। ਇਹ ਕਮੇਟੀ ਦਿੱਲੀ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਉੱਥੋਂ ਦੇ ਹਾਲਾਤਾਂ ਦਾ ਜਾਇਜਾ ਲੈ ਕੇ ਲੈੜਵੰਦ ਲੋਕਾਂ ਦੀ ਲਿਸਟ ਬਣਾਏਗੀ, ਜਿਸ ਦੇ ਮੁਤਾਬਿਕ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਬਣਾਈ ਇਹ 6 ਮੈਂਬਰੀ ਕਮੇਟੀ ਪੀੜਤ ਲੋਕਾਂ ਦੀ ਮਦਦ ਕਰੇਗੀ।

ਇਹਨਾਂ ਲੋਕਾਂ ਦੀ ਮਦਦ ਕਰਨ ਲਈ ਪੰਥਕ ਸੰਸਥਾਵਾਂ ਤੋਂ ਵੀ ਸਹਿਯੋਗ ਲਿਆ ਜਾਵੇਗਾ ਅਤੇ ਦੋਵਾਂ ਧਿਰਾਂ ‘ਚ ਸ਼ਾਤੀ ਬਣਾਈ ਰੱਖਣ ਲਈ ਵੀ ਇਹ ਕਮੇਟੀ ਉਪਰਾਲਾ ਕਰੇਗੀ। ਜਥੇਦਾਰ ਵੱਲੋਂ ਬਣਾਈ ਇਹ ਕਮੇਟੀ ਸਿੱਖਾਂ ਦੇ ਹੋਏ ਨੁਕਸਾਨ ਦਾ ਵੀ ਜਾਇਜਾ ਲਵੇਗੀ ਅਤੇ ਪੂਰੀ ਰਿਪੋਰਟ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸਕੱਤਰਤ ਵਿਖੇ ਭੇਜੇਗੀ।

ਇਸ ਕਮੇਟੀ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਐਡਵੋਕੇਟ ਹਰਵਿੰਦਰ ਸਿੰਘ ਫੂਲਕਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾਕਟਰ ਜਸਪਾਲ ਸਿੰਘ, ਘੱਟ ਗਿਣਤੀਆਂ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਵਾਇਸ ਬੀਬੀ ਰਣਜੀਤ ਕੌਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਸ਼ਾਮਿਲ ਹਨ।

ਇਸ ਤੋਂ ਪਹਿਲਾਂ ਵੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਦਿੱਲੀ ਦੰਗਿਆਂ ਦੇ ਪੀੜਤ ਲੋਕਾਂ ਲਈ ਹਰ ਸੰਭਵ ਮਦਦ ਕਰਨ ਦਾ ਐਲਾਨ ਕੀਤਾ ਗਿਆ ਸੀ। ਜਥੇਦਾਰ ਸਾਹਿਬ ਨੇ ਦਿੱਲੀ ਦੇ ਸਿੱਖਾਂ ਸਮੇਤ ਸਮੂਹ ਸਿੱਖਾਂ ਨੂੰ ਆਦੇਸ਼ ਦਿੱਤਾ ਸੀ ਕਿ ਦਿੱਲੀ ਦੰਗਿਆ ਵਿੱਚ ਪ੍ਰਭਾਵਿਤ ਭਾਵੇ ਉਹ ਮੁਸਲਮਾਨ ਹੋਣ, ਹਿੰਦੂ ਹੋਣ ਜਾਂ ਕਿਸੇ ਵੀ ਧਰਮ ਦੇ ਲੋੜਵੰਦ ਲੋਕ ਹੋਣ, ਉਹਨਾਂ ਦੀ ਲੰਗਰ ਨਿਵਾਸ ਆਦਿ ਨਾਲ ਸਹਾਇਤਾ ਕੀਤੀ ਜਾਵੇ। ਜਿਸ ਤੋਂ ਬਾਅਦ ਦਿੱਲੀ ਦਾ ਸਿੱਖ ਭਾਈਚਾਰਾ ਪੂਰੀ ਤਰ੍ਹਾਂ ਬਾਹਵਾਂ ਖੋਲ ਕੇ ਪੀੜਤਾਂ ਦੀ ਮਦਦ ਕਰਨ ਜੁਟਿਆ ਹੋਇਆ ਹੈ।

Leave a Reply

Your email address will not be published. Required fields are marked *