Punjab

ਪੰਜਾਬ ਦੇ ਅਧਿਆਪਕਾਂ ਲਈ ‘ਰਾਸ਼ਟਰੀ ਅਧਿਆਪਕ ਐਵਾਰਡ-2019’ ਦੀ ਰਜਿਸਟ੍ਰੇਸ਼ਨ ਸ਼ੁਰੂ: ਕੈਪਟਨ

‘ਦ ਖ਼ਾਲਸ ਬਿਊਰੋ :- ਲਾਕਡਾਊਨ ‘ਚ ਪੰਜਾਬ ਦੇ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਉਣ ਤੇ ਕੋਰੋਨਾ ਸੰਕਟ ਦੀ ਘੜੀ ਵੇਲੇ ਹਿਮਤ ਨਾ ਹਾਰਨ ਨੂੰ ਵੇਖਦੇ ਹੋਏ, ਕੈਪਟਨ ਸਰਕਾਰ ਨੇ ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਐਵਾਰਡ 2019 ਲਈ ਆਨਲਾਈਨ ਅਪਲਾਈ ਕਰਨ ਦੀ ਤਜਵੀਜ਼ ਦਿੱਤੀ ਹੈ। ਇਹ ਆਨਲਾਈਨ ਰਜਿਸਟ੍ਰੇਸ਼ਨ ਡਾਇਰੈਕਟਰ ਸੈਕੰਡਰੀ ਸਿੱਖਿਆ ਸੁਖਜੀਤ ਪਾਲ ਸਿੰਘ ਵੱਲੋਂ 6 ਜੁਲਾਈ, 2020 ਤੱਕ ਕਰਵਾਉਣ ਲਈ ਕਿਹਾ ਗਿਆ ਹੈ। ਸਾਰੇ ਸਕੂਲ ਮੁਖੀ, ਇੰਚਾਰਜ ਤੇ ਪੱਕੇ ਅਧਿਆਪਕ ਇਸ ਐਵਾਰਡ ਲਈ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।

ਦੱਸ ਦਈਏ ਕਿ ਇਸ ਪੁਰਸਕਾਰ ਦਾ ਮੁਲਾਂਕਣ ਕਰਨ ਲਈ ਹਰ ਜ਼ਿਲ੍ਹੇ ਵਿੱਚ ਜ਼ਿਲ੍ਹਾ ਚੋਣ ਕਮੇਟੀ ਦਾ ਗਠਨ ਕੀਤਾ ਜਾਵੇਗਾ। ਜ਼ਿਲ੍ਹਾ ਚੋਣ ਕਮੇਟੀ ਤਿੰਨ ਉਮੀਦਵਾਰਾਂ ਦੇ ਨਾਂ ਚੌਣ (ਸ਼ਿਉਰਲਿਸਟ) ਕਰੇਗੀ ਤੇ 21 ਜੁਲਾਈ, 2020 ਤੱਕ ਸੂਬਾਈ ਚੋਣ ਕਮੇਟੀ ਨੂੰ ਭੇਜੇਗੀ। ਸੂਬਾਈ ਚੋਣ ਕਮੇਟੀ ਦੇ ਚੇਅਰਮੈਨ ਸਕੱਤਰ ਸਿੱਖਿਆ ਹੋਣਗੇ।

ਇਸ ਤੋਂ ਇਲਾਵਾ ਇਸ ਕਮੇਟੀ ਵਿੱਚ ਕੇਂਦਰ ਸਰਕਾਰ ਦਾ ਇੱਕ ਨੁਮਾਇੰਦਾ, ਡਾਇਰੈਕਟਰ ਐਜੂਕੇਸ਼ਨ (ਮੈਂਬਰ ਸੈਕਟਰੀ), ਡਾਇਰੈਕਟਰ ‘SCERT’ (ਮੈਂਬਰ) ਤੇ ਸੂਬਾਈ  ‘MIS’ ਇੰਚਾਰਜ (ਤਕਨੀਕੀ ਸਹਾਇਕ) ਹੋਣਗੇ।

ਇਹ ਸੂਬਾਈ ਚੋਣ ਕਮੇਟੀ ਛੇ ਉਮੀਦਵਾਰਾਂ ਦੇ ਨਾਂ ਰਾਸ਼ਟਰੀ ਪੱਧਰ ਦੀ ਜਿਊਰੀ ਨੂੰ 31 ਜੁਲਾਈ, 2020 ਤੱਕ ਭੇਜੇਗੀ। ਇਹ ਨਾਮਜ਼ਦ ਉਮੀਦਵਾਰ ਜਿਊਰੀ ਸਾਹਮਣੇ ਆਪਣੀਆਂ ਰਚਨਾਵਾਂ/ਪ੍ਰਾਪਤੀਆਂ ਪੇਸ਼ ਕਰਨਗੇ, ਜਿਸ ਅਧਿਆਪਕ ਨੂੰ ਵਧੇਰੇ ਅੰਕ ਪ੍ਰਾਪਤ ਹੋਣਗੇ ਉਹ ਰਾਸ਼ਟਰੀ ਪੁਰਸਕਾਰ ਲਈ ਚੁਣੇ ਜਾਣਗੇ।