ਚੰਡੀਗੜ੍ਹ- ਸਰਕਾਰ ਨੇ ਆਮ ਲੋਕਾਂ ਦੀ ਮੁਸ਼ਕਲ ਨੂੰ ਵੇਖਦਿਆਂ, ਸ਼ਰਤਾਂ ਦੇ ਆਧਾਰ ’ਤੇ ਹਾਲ ਦੀ ਘੜੀ 44 ਚੋਣਵੇਂ ਰੂਟਾਂ ’ਤੇ ਪੀਆਰਟੀਸੀ, ਪੰਜਾਬ ਰੋਡਵੇਜ਼ ਅਤੇ ਪਨਬਸ ਬੱਸਾਂ ਨੂੰ ਚਾਲੂ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਦੌਰਾਨ ਪਟਿਆਲਾ ਅਤੇ ਹੋਰ ਸ਼ਹਿਰਾਂ ਤੋਂ ਚੰਡੀਗੜ੍ਹ ਸਮੇਤ ਇੱਕ ਤੋਂ ਦੂਜੇ ਜ਼ਿਲ੍ਹੇ ਤੱਕ ਕੁੱਝ ਰੂਟਾਂ ’ਤੇ ਬੱਸਾਂ ਅਜੇ ਚਾਲੂ ਰਹਿਣਗੀਆਂ। ਪਰ ਅਜਿਹੀ ਪ੍ਰਵਾਨਗੀ ਕੁੱਝ ਸ਼ਰਤਾਂ ਦੇ ਆਧਾਰ ’ਤੇ ਮਿਲੀ ਹੈ, ਜਿਸ ਤਹਿਤ ਨਿਰਧਾਰਤ ਕੁੱਲ ਸੀਟਾਂ ਦਾ ਪੰਜਾਹ ਫੀਸਦੀ ਹਿੱਸਾ ਹੀ ਭਰਿਆ ਜਾ ਸਕੇਗਾ। ਜਿਵੇਂ ਆਮ ਤੌਰ ’ਤੇ ਇੱਕ ਬੱਸ ਵਿਚ 52 ਸਵਾਰੀਆਂ ਚੜ੍ਹਾ ਸਕਣ ਦੀ ਸਮਰੱਥਾ ਹੁੰਦੀ ਹੈ ਤੇ ਤਾਜ਼ਾ ਹਾਲਾਤ ਦੌਰਾਨ ਇੱਕ ਬੱਸ ਵਿੱਚ 26 ਸਵਾਰੀਆਂ ਹੀ ਚੜ੍ਹਾਈਆਂ ਜਾ ਸਕਣਗੀਆਂ। ਚਲਾਈ ਜਾਣ ਵਾਲੀ ਹਰੇਕ ਬੱਸ ਨੂੰ ਸੈਨੇਟਾਈਜ਼ ਕਰਨ ਸਮੇਤ ਹਰੇਕ ਬੱਸ ਵਿਚ ਸੈਨੇਟਾਈਜ਼ਰ ਰੱਖਣਾ ਲਾਜ਼ਮੀ ਹੋਵੇਗਾ। ਕਿਸੇ ਰੂਟ ’ਤੇ ਤੀਹ ਮਿੰਟਾਂ ਮਗਰੋਂ ਹੀ ਅਗਲੀ ਬੱਸ ਚੱਲੇਗੀ। ਇਸ ਦੌਰਾਨ ਪੀਆਰਟੀਸੀ ਦੇ ਮੁੱਖ ਦਫ਼ਤਰ ਪਟਿਆਲਾ ਤੋਂ ਮੈਨੇਜਿੰਗ ਡਾਇਰੈਕਟਰ ਦੀ ਤਰਫ਼ੋਂ ਕਾਰਪੋਰੇਸ਼ਨ ਦੇ ਸਮੂਹ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਇਸ ਸਬੰਧੀ ਸੂਚੀਬੱਧ ਕੀਤੇ ਗਏ ਰੂਟਾਂ ’ਤੇ ਉਕਤ ਸ਼ਰਤਾਂ ਦੇ ਆਧਾਰ ’ਤੇ ਅਗਲੇ ਹੁਕਮਾਂ ਤੱਕ ਬੱਸ ਸਰਵਿਸ ਚਾਲੂ ਰੱਖਣ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਪਰ ਪੀਆਰਟੀਸੀ ਨੇ ਟਰਾਂਸਪੋਰਟ ਵਿਭਾਗ ਵੱਲੋਂ ਸੂਚੀਬੱਧ ਕੀਤੇ ਗਏ 50 ਵਿਚੋਂ 44 ਰੂਟਾਂ ਦੀ ਚੋਣ ਕੀਤੀ ਹੈ।

ਬੱਸ ਸਰਵਿਸ ਲਈ ਚੁਣੇ ਗਏ ਇਨ੍ਹਾਂ ਰੂਟਾਂ ਵਿੱਚ ਚੰਡੀਗੜ੍ਹ ਤੋਂ ਡੱਬਵਾਲੀ, ਚੰਡੀਗੜ੍ਹ ਤੋਂ ਫਿਰੋਜ਼ਪੁਰ, ਚੰਡੀਗੜ੍ਹ ਤੋਂ ਅੰਮ੍ਰਿਤਸਰ, ਚੰਡੀਗੜ੍ਹ ਤੋਂ ਪਠਾਨਕੋਟ, ਚੰਡੀਗੜ੍ਹ ਤੋਂ ਅੰਬਾਲਾ, ਚੰਡੀਗੜ੍ਹ ਤੋਂ ਨੰਗਲ। ਬਠਿੰਡਾ ਤੋਂ ਹੁਸ਼ਿਆਰਪੁਰ, ਫਿਰੋਜ਼ਪੁਰ ਤੋਂ ਪਠਾਨਕੋਟ, ਲੁਧਿਆਣਾ ਤੋਂ ਬਠਿੰਡਾ, ਪਟਿਆਲਾ ਤੋਂ ਮਲੋਟ ਵਾਇਆ ਮਾਨਸਾ-ਬਠਿੰਡਾ, ਮਾਲੇਰਕੋਟਲਾ ਤੋਂ ਬੁਢਲਾਡਾ ਵਾਇਆ ਪਟਿਆਲਾ-ਪਾਤੜਾਂ, ਲੁਧਿਆਣਾ ਤੋਂ ਪਾਤੜਾਂ ਵਾਇਆ ਮਲੇਰਕਟਲਾ-ਸੰਗਰੂਰ, ਬਠਿੰਡਾ ਤੋਂ ਅੰਮ੍ਰਿਤਸਰ ਵਾਇਆ ਫਰੀਦਕੋਟ, ਅਬੋਹਰ ਤੋਂ ਜਲੰਧਰ, ਕਪੂਰਥਲਾ ਤੋਂ ਪਟਿਆਲਾ, ਅੰਮ੍ਰਿਤਸਰ ਤੋਂ ਭਿੱਖੀਵਿੰਡ, ਅੰਮ੍ਰਿਤਸਰ ਤੋਂ ਅਟਾਰੀ, ਬਟਾਲਾ ਤੋਂ ਡੇਰਾਬਾਬਾ ਨਾਨਕ, ਬਟਾਲਾ ਤੋਂ ਕਾਦੀਆਂ ਅਤੇ ਬਟਾਲਾ ਤੋਂ ਹਰਗੋਬਿੰਦਪੁਰ। ਜਦਕਿ ਜਲੰਧਰ ਤੋਂ ਨੂਰਮਹਿਲ, ਹੁਸ਼ਿਆਰਪੁਰ ਤੋਂ ਟਾਂਡਾ, ਲੁਧਿਆਣਾ ਤੋਂ ਪੱਖੋਵਾਲ, ਲੁਧਿਆਣਾ ਤੋਂ ਮਾਛੀਵਾੜਾ, ਜਗਰਾਓਂ ਤੋਂ ਸਿੱਧਵਾਂ ਬੇਟ, ਫਿਰੋਜ਼ਪੁਰ ਤੋਂ ਬਠਿੰਡਾ, ਮੁਕਤਸਰ ਤੋਂ ਬਠਿੰਡਾ, ਬਰਨਾਲਾ ਤੋਂ ਸਿਰਸਾ, ਬੁਢਲਾਡਾ ਤੋਂ ਰਤੀਆ, ਫਰੀਦਕੋਟ ਤੋਂ ਫਿਰੋਜ਼ਪੁਰ, ਲੁਧਿਆਣਾ ਤੋਂ ਹੁਸ਼ਿਆਰਪੁਰ, ਲੁਧਿਆਣਾ ਤੋਂ ਸੁਲਤਾਨਪੁਰ, ਫਰੀਦਕੋਟ ਤੋਂ ਚੰਡੀਗੜ੍ਹ ਵਾਇਆ ਮੋਗਾ-ਲੁਧਿਆਣਾ, ਸੁਲਤਾਨਪੁਰ ਤੋਂ ਟਾਂਡਾ ਵਾਇਆ ਕਪੂਰਥਲਾ ਅਤੇ ਪਟਿਆਲਾ ਤੋਂ ਅੰਬਾਲਾ ਕੈਂਟ ਆਦਿ ਰੂਟਾਂ ’ਤੇ ਵੀ ਹਾਲ ਦੀ ਘੜੀ ਬੱਸ ਸਰਵਿਸ ਜਾਰੀ ਰੱਖਣ ਨੂੰ ਮਨਜ਼ੂਰੀ ਮਿਲੀ ਹੈ। ਸੰਪਰਕ ਕਰਨ ’ਤੇ ਪੀਆਰਟੀਸੀ ਦੇ ਚੇਅਰਮੈਨ ਕੇ.ਕੇ ਸ਼ਰਮਾ ਇਨ੍ਹਾਂ ਤੱਥਾਂ ਦੀ ਪੁਸ਼ਟੀ ਕੀਤੀ ਹੈ। ਜਨਰਲ ਮੈਨੇਜਰ (ਪ੍ਰਸ਼ਾਸਨ) ਐੱਮ.ਪੀ ਸਿੰਘ ਦਾ ਤਰਕ ਸੀ ਕਿ ਭਾਵੇਂ ਕਿ ਸਮਰੱਥਾ ਦੇ ਮੁਕਾਬਲੇ ਪੰਜਾਹ ਫੀਸਦੀ ਸੀਟਾਂ ਹੀ ਭਰਨ ਦੀ ਸ਼ਰਤ ਤਹਿਤ ਕਾਰਪੋਰੇਸ਼ਨ ਨੂੰ ਕਾਫ਼ੀ ਵਿੱਤੀ ਘਾਟਾ ਵੀ ਸਹਿਣਾ ਪਵੇਗਾ, ਪਰ ਲੋਕਾਂ ਦੀ ਮੁਸ਼ਕਲ ਨੂੰ ਮੁੱਖ ਰੱਖਦਿਆਂ ਇਹ ਬੱਸਾਂ ਚਲਾਏ ਜਾਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਭਲਕੇ ਮੁੜ ਫੈਸਲਾ ਵਿਚਾਰਿਆ ਜਾਵੇਗਾ।

ਸੂਬੇ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਮੰਤਰੀਆਂ ਦੇ ਗਰੁੱਪ ਦੀ ਮੀਟਿੰਗ ਵਿੱਚ ਸਾਰੇ ਜਨਤਕ ਸੇਵਾ ਵਾਹਨਾਂ ਦੀ ਆਵਾਜਾਈ ’ਤੇ ਰੋਕ ਲਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਜਿਸ ਵਿੱਚ ਸਾਰੇ ਸਟੇਟ ਕੈਰੇਜ, ਕੰਟਰੈਕਟ ਕੈਰੇਜ ਬੱਸਾਂ, ਆਟੋ ਰਿਕਸ਼ਾ ਅਤੇ ਈ-ਰਿਕਸ਼ਾ ਸ਼ਾਮਲ ਹਨ। ਟਰਾਂਸਪੋਰਟ ਵਿਭਾਗ ਨੇ ਜਨਤਕ ਸਹੂਲਤਾਂ ਲਈ, ਪੀਆਰਟੀਸੀ/ਪਨਬੱਸ/ਪੰਜਾਬ ਰੋਡਵੇਜ਼ ਦੀਆਂ ਬੱਸਾਂ ਨੂੰ ਖ਼ਾਸ ਰੂਟਾਂ ’ਤੇ ਚਲਾਉਣ ਦਾ ਫ਼ੈਸਲਾ ਕੀਤਾ ਹੈ ਅਤੇ ਟੈਕਸੀਆਂ, ਜਿਨ੍ਹਾਂ ਵਿੱਚ 12 ਤੋਂ ਘੱਟ ਯਾਤਰੀਆਂ/ਮੁਸਾਫ਼ਰਾਂ ਦੇ ਬੈਠਣ ਦੀ ਸਮਰੱਥਾ ਹੈ ਭਾਵ ਟੈਕਸੀ ਕੈਬ ਅਤੇ ਮੋਟਰ ਕੈਬ ਨੂੰ ਵੀ ਛੋਟ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਾਬੰਦੀ 20 ਮਾਰਚ ਅੱਧੀ ਰਾਤ ਤੋਂ ਲਾਗੂ ਹੋਵੇਗੀ ਅਤੇ 31 ਮਾਰਚ ਤੱਕ ਲਾਗੂ ਰਹੇਗੀ। ਸਟੇਟ ਕੈਰੇਜ ਦੇ ਨਾਲ-ਨਾਲ ਠੇਕੇ ’ਤੇ ਚੱਲਣ ਵਾਲੀਆਂ ਬੱਸਾਂ ਵੀ ਸ਼ਾਮਲ ਹਨ ਜੋ ਪੰਜਾਬ ਦੇ ਬਾਹਰੋਂ ਆਉਂਦੀਆਂ ਹਨ। ਹਾਲਾਂਕਿ ਐਮਰਜੈਂਸੀ ਦੀ ਸਥਿਤੀ ਵਿੱਚ ਸਬੰਧਤ ਡਿਪਟੀ ਕਮਿਸ਼ਨਰਾਂ ਅਤੇ ਰਾਜ ਟਰਾਂਸਪੋਰਟ ਕਮਿਸ਼ਨਰ ਨੂੰ ਕਿਸੇ ਵੀ ਜਨਤਕ ਵਾਹਨ ਨੂੰ ਇਸ ਹੁਕਮ ਨੂੰ ਲਾਗੂ ਕਰਨ ਤੋਂ ਛੋਟ ਦੇਣ ਦਾ ਅਧਿਕਾਰ ਹੈ। ਟਰਾਂਸਪੋਰਟ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਪਾਬੰਦੀ ਮਾਲ ਕੈਰੀਅਰਾਂ ਅਤੇ ਪ੍ਰਾਈਵੇਟ ਸਰਵਿਸ ਵਾਹਨ ਜਿਵੇਂ ਫੈਕਟਰੀ, ਸਟਾਫ਼ ਬੱਸਾਂ ਆਦਿ ਨੂੰ ਸ਼ਾਮਲ ਨਹੀਂ ਕਰਦੀ। ਡਰਾਈਵਿੰਗ ਲਾਇਸੈਂਸ ਜਾਰੀ ਕਰਨ ਅਤੇ ਡਰਾਈਵਿੰਗ ਟੈਸਟ ਨੂੰ 23 ਮਾਰਚ ਤੋਂ 31 ਤੱਕ ਅਸਥਾਈ ਤੌਰ ’ਤੇ ਮੁਅੱਤਲ ਕਰਨ ਦਾ ਫ਼ੈਸਲਾ ਵੀ ਲਿਆ ਗਿਆ।

ਕੋਰੋਨਾਵਾਇਰਸ ਦੇ ਸੰਕਟ ਦੌਰਾਨ ਸਾਵਧਾਨੀ ਵਜੋਂ ਸੂਬਾ ਸਰਕਾਰ ਵੱਲੋਂ ਰਾਜ ’ਚ ਸਮੁੱਚੀ ਟਰਾਂਸਪੋਰਟ ਬੰਦ ਕਰ ਦਿੱਤੀ ਗਈ ਸੀ ਪਰ ਕੁੱਝ ਰੂਟਾਂ ‘ਤੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਵੇਖਦਿਆਂ ਕੁੱਝ ਬੱਸਾਂ ਚਲਾਈਆਂ ਜਾਣਗੀਆਂ।