ਚੰਡੀਗੜ੍ਹ- ਪੰਜਾਬ ਵਿੱਚ ਕੋਰੋਨਾਵਾਇਰਸ ਦਾ ਪਹਿਲਾ ਪਾਜ਼ੀਟਿਵ ਮਾਮਲਾ ਅੰਮ੍ਰਿਤਸਰ ਵਿਖੇ ਸਾਹਮਣੇ ਆਇਆ ਸੀ। ਇਸ 44 ਸਾਲਾ ਵਿਅਕਤੀ ਦਾ ਗੁਰੂ ਨਾਨਕ ਦੇਵ ਹਸਪਤਾਲ,ਅੰਮ੍ਰਿਤਸਰ ਦੇ ਆਈਸੋਲੇਸ਼ਨ ਵਾਰਡ ਚ ਅਜੇ ਤੱਕ ਇਲਾਜ ਚੱਲ ਰਿਹਾ ਹੈ। ਉਹ ਬੀਤੀ 4 ਮਾਰਚ ਨੂੰ ਕੌਮਾਂਤਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਉਤਰਿਆ ਸੀ। ਉਸ ਦੇ ਸੈਂਪਲ ਨੈਸ਼ਨਲ ਇੰਟੀਚਿਊਟ ਆਫ਼ ਵਾਇਰੋਲਾਜੀ ਪੁਣੇ ਚ ਭੇਜੇ ਗਏ ਸਨ, ਜਿੱਥੇ 9 ਮਾਰਚ ਨੂੰ ਉਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਉਸ ਦੀ ਦੁਬਾਰਾ ਜਾਂਚ ਕਰਨ ਤੇ ਵੀ ਉਸਨੂੰ ਪਾਜ਼ੀਟਿਵ ਪਾਇਆ ਗਿਆ ਸੀ। ਹੁਣ ਤੱਕ ਪੂਰੇ ਪੰਜਾਬ ਵਿੱਚ 13 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਇੱਕ ਦੀ ਮੌਤ ਹੋ ਚੁੱਕੀ ਹੈ।

 ਅੰਮ੍ਰਿਤਸਰ ਵਿਖੇ ਹੁਣ ਇੱਕ 36 ਸਾਲਾ ਵਿਅਕਤੀ ਦੀ ਰਿਪੋਰਟ ਕੋਰੋਨਾਵਾਇਰਸ ਪਾਜ਼ੀਟਿਵ ਆਈ ਹੈ ਜਿਸ ਨਾਲ ਹੁਣ ਅੰਮ੍ਰਿਤਸਰ ਚ ਕੋਰੋਨਾ ਵਾਇਰਸ ਦੇ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 2 ਹੋ ਗਈ ਹੈ। ਇਹ ਵਿਅਕਤੀ ਬੀਤੀ 19 ਮਾਰਚ ਨੂੰ ਦੁਬਈ ਤੋਂ ਪੰਜਾਬ ਪਰਤਿਆ ਸੀ। ਉਹ ਕੌਮਾਂਤਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਜੀ ਵਿਖੇ ਉਤਰਿਆ ਸੀ। ਉਸ ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਚ ਦਾਖਲ ਕਰਵਾਇਆ ਗਿਆ ਹੈ।

 ਮੋਹਾਲੀ ਵਿੱਚ ਕੋਰੋਨਾਵਾਇਰਸ ਤੋਂ 3 ਨਵੇਂ ਮਰੀਜ਼ ਪੀੜਤ ਪਾਏ ਗਏ ਹਨ। ਚੰਡੀਗੜ੍ਹ, ਮੋਹਾਲੀ ਅਤੇ ਪੰਚਕੂਲਾ ’ਚ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਮਰੀਜ਼ਾਂ ਦੀ ਗਿਣਤੀ ਵਧ ਕੇ 9 ਹੋ ਗਈ ਹੈ। ਹਿਲੇਰੀ ਵਿਕਟਰ ਦੀ ਰਿਪੋਰਟ ਮੁਤਾਬਕ ਇਹ ਸਾਰੇ 9 ਮਰੀਜ਼ ਇੰਗਲੈਂਡ ਤੋਂ ਪਰਤੇ ਹਨ।

 20 ਮਾਰਚ ਨੂੰ 69 ਸਾਲਾਂ ਦੀ ਇੱਕ ਪੰਜਾਬੀ ਔਰਤ ਇੰਗਲੈਂਡ ਤੋਂ ਮੋਹਾਲੀ ਪਰਤੀ ਸੀ ਤੇ ਟੈਸਟ ਕਰਨ ’ਤੇ ਉਹ ਵੀ ਕੋਰੋਨਾ ਪਾਜ਼ਿਟਿਵ ਪਾਈ ਗਈ ਸੀ। ਉਨ੍ਹਾਂ ਦੀ 73 ਸਾਲਾ ਭੈਣ ਵੀ ਕੋਰੋਨਾ ਤੋਂ ਪੀੜਤ ਪਾਈ ਗਈ ਹੈ। ਸਿਰਫ਼ ਮੋਹਾਲੀ ਸ਼ਹਿਰ ਵਿੱਚ ਤਿੰਨ ਵਿਅਕਤੀ ਹੁਣ ਕੋਰੋਨਾ ਤੋਂ ਪੀੜਤ ਹਨ। ਉਹ ਸਾਰੇ ਹੀ ਫ਼ੇਸ 3–ਏ ’ਚ ਰਹਿ ਰਹੇ ਹਨ।

 ਮੋਹਾਲੀ ਦੇ ਸੈਕਟਰ 69 ਦਾ 42 ਸਾਲਾ ਨਿਵਾਸੀ ਇੰਗਲੈਂਡ ਤੋਂ ਪਰਤਿਆ ਸੀ ਤੇ ਟੈਸਟ ਕਰਨ ‘ਤੇ ਉਸ ਦੀ ਰਿਪੋਰਟ ਕੋਰੋਨਾਪਾਜ਼ਿਟਿਵ ਪਾਈ ਗਈ। ਉਸ ਨੂੰ ਸੈਕਟਰ–16 ਚੰਡੀਗੜ੍ਹ ਦੇ ਸਰਕਾਰੀ ਮਲਟੀ–ਸਪੈਸ਼ਲਿਟੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਉਸ ਦੀ ਹਾਲਤ ਅਜੇ ਸਥਿਰ ਹੈ।

 ਚੰਡੀਗੜ੍ਹ ਦੇ ਸੈਕਟਰ–21 ਦੀ 23 ਸਾਲਾ ਔਰਤ ਵੀ ਕੋਵਿਡ–19 ਤੋਂ ਪ੍ਰਭਾਵਿਤ ਹੋ ਗਈ ਹੈ। ਉਸ ਦੀ 25 ਸਾਲਾ ਇੱਕ ਸਹੇਲੀ ਪੰਜ ਫ਼ੇਸ ’ਚ ਰਹਿੰਦੀ ਹੈ, ਉਹ ਉਸ ਨੂੰ ਲੈਣ ਲਈ ਅੰਮ੍ਰਿਤਸਰ ਦੇ ਹਵਾਈ ਅੱਡੇ ’ਤੇ ਗਈ ਸੀ ਉਸ ਦੀ ਸਹੇਲੀ ਨੂੰ ਹੁਣ ਮੋਹਾਲੀ ਦੇ ਫ਼ੇਸ–6 ਸਥਿਤ ਸਿਵਲ ਹਸਪਤਾਲ ’ਚ ਨਿਗਰਾਨੀ ਹੇਠ ਰੱਖਿਆ ਗਿਆ ਹੈ।

 ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਅਜਿਹੀਆਂ ਸਾਰੀਆਂ ਰਿਪੋਰਟਾਂ ਦੀ ਪੁਸ਼ਟੀ ਕੀਤੀ ਹੈ ਤੇ ਦੱਸਿਆ ਕਿ ਦੋ ਭੈਣਾਂ ਕੋਰੋਨਾ ਪਾਜ਼ੀਟਿਵ ਪਾਈਆਂ ਗਈਆਂ ਹਨ ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਤੋਂ ਫ਼ੌਰਟਿਸ ਹਸਪਤਾਲ ’ਚ ਤਬਦੀਲ ਕਰਵਾ ਦਿੱਤਾ ਗਿਆ ਹੈ। ਦੋਵੇਂ ਭੈਣਾਂ ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੀ ਸਿਹਤ ’ਚ ਸੁਧਾਰ ਹੋ ਰਿਹਾ ਹੈ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਇੱਕ ਚੌਪਹੀਆ ਏਜੰਸੀ ਵਿੱਚ ਕੰਮ ਕਰਦੀ ਫ਼ੇਸ–5 ’ਚ 23 ਸਾਲਾ ਇੱਕ ਔਰਤ ਵੀ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਸ ਦੀ ਹਾਲਤ ਵੀ ਸਥਿਰ ਹੈ।

 ਨਵਾਂਸ਼ਹਿਰ ਜ਼ਿਲ੍ਹੇ ਦੇ ਕਸਬੇ ਬੰਗਾ ਲਾਗਲੇ ਪਿੰਡ ਪਠਲਾਵਾ ਦੇ ਜਿਸ 70 ਸਾਲਾ ਵਿਅਕਤੀ ਦਾ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਦੇਹਾਂਤ ਹੋ ਗਿਆ ਸੀ ਉਸ ਦੇ ਛੇ ਪਰਿਵਾਰਕ ਮੈਂਬਰਾਂ ਨੂੰ ਨਵਾਂਸ਼ਹਿਰ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ। ਉਹ ਸਖ਼ਤ ਮੈਡੀਕਲ ਨਿਗਰਾਨੀ ਅਧੀਨ ਹਨ। ਪਠਲਾਵਾ ਦੇ ਇਸ ਪਰਿਵਾਰ ਦੇ ਸੰਪਰਕ ਚ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਚ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ 68 ਸਾਲਾ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।

 ਹੁਸ਼ਿਆਰਪੁਰ ਜ਼ਿਲ੍ਹੇ ਚ ਗੜ੍ਹਸ਼ੰਕਰ ਲਾਗਲੇ ਪਿੰਡ ਮੋਰਾਂਵਾਲੀ ਦਾ 68 ਸਾਲਾ ਵਿਅਕਤੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਇਆ ਹੈ। ਇਹ ਉਹੀ ਵਿਅਕਤੀ ਹੈ, ਜੋ ਬੰਗਾ ਚ ਕੋਰੋਨਾ ਵਾਇਰਸ ਕਾਰਨ ਮਾਰੇ ਗਏ ਵਿਅਕਤੀ ਦੇ ਸੰਪਰਕ ਵਿੱਚ ਸੀ। ਹੁਸ਼ਿਆਰਪੁਰ ਜ਼ਿਲ੍ਹੇ ਦੇ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਹੁਣ ਮੋਰਾਂਵਾਲੀ ਦੇ 68 ਸਾਲਾ ਨਿਵਾਸੀ ਦੇ ਕੋਰੋਨਾ ਪਾਜ਼ੀਟਿਵ ਹੋਣ ਦੀ ਪੁਸ਼ਟੀ ਕੀਤੀ ਹੈ।h