Punjab

ਪੰਜਾਬ ‘ਚ ਸੈਨੀਟਾਈਜ਼ਰ ਦੀ ਸਪਲਾਈ ਲਈ ਵੱਡਾ ਆਦੇਸ਼

ਚੰਡੀਗੜ੍ਹ- ਸਿਹਤ ਐਮਰਜੈਂਸੀ ਕਾਰਨ ਲੋਕਾਂ ਵਿੱਚ ਵੱਧ ਰਹੀ ਸੈਨੀਟਾਈਜ਼ਰ/ਹੈਂਡ ਰਬਜ਼ ਦੀ ਮੰਗ ਦੇ ਮੱਦੇਨਜ਼ਰ ਪੰਜਾਬ ਡਰੱਗ ਪ੍ਰਬੰਧਨ ਕਮਿਸ਼ਨਰੇਟ ਨੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਰਜਿਸਟਰਡ ਡਿਟਿਲ੍ਰੀਜ਼ ਨੂੰ ਵਿਸ਼ਵ ਸਿਹਤ ਸੰਸਥਾ ਵੱਲੋਂ ਨਿਰਧਾਰਤ ਕੀਤੇ ਮਾਪਦੰਡਾਂ ਅਨੁਸਾਰ ਸੈਨੀਟਾਈਜ਼ਰ/ਹੈਂਡ ਰਬਜ਼ ਬਣਾਉਣ ਅਤੇ ਸਪਲਾਈ ਕਰਨ ਸਬੰਧੀ ਮਨਜ਼ੂਰੀ ਦੇ ਦਿੱਤੀ  ਹੈ। ਇਹ ਜਾਣਕਾਰੀ ਖ਼ੁਰਾਕ ਤੇ ਡਰੱਗ ਪ੍ਰਬੰਧਨ ਦੇ ਕਮਿਸ਼ਨਰ ਕਾਹਨ ਸਿੰਘ ਪੰਨੂ ਨੇ ਦਿੱਤੀ।

ਜਾਰੀ ਕੀਤੇ ਹੁਕਮਾਂ ਵਿੱਚ ਸਪੱਸ਼ਟ ਤੌਰ ‘ਤੇ ਦੱਸਿਆ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਫੈਲਣ ਕਾਰਨ ਪੈਦਾ ਹੋਈ ਹੰਗਾਮੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਇਜਾਜ਼ਤ ਸਿਰਫ਼ 10 ਦਿਨਾਂ ਲਈ ਪੂਰੀ ਤਰ੍ਹਾਂ ਆਰਜ਼ੀ ਤੌਰ ‘ਤੇ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਉਤਪਾਦਕ ਸਿਰਫ਼ ਪੰਜਾਬ ਰਾਜ ਵਿੱਚ ਸਰਕਾਰੀ ਅਦਾਰਿਆਂ ਨੂੰ ਸਪਲਾਈ ਕੀਤੇ ਜਾਣਗੇ ਅਤੇ ਇਸ ਦਾ ਕੋਈ ਵੀ ਹਿੱਸਾ ਰਾਜ ਤੋਂ ਬਾਹਰ ਸਪਲਾਈ ਨਹੀਂ ਕੀਤਾ ਜਾਵੇਗਾ। ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਤਪਾਦਕ ਕੇਵਲ ਪ੍ਰਮਾਣਿਤ ਸਮੱਗਰੀ ਦੀ ਹੀ ਵਰਤੋਂ ਕਰੇਗਾ ਅਤੇ  ਭਾਰਤ ਸਰਕਾਰ ਜਾਂ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਕੀਤੀ ਕੀਮਤ ਤੋਂ ਵੱਧ ਕੀਮਤ ਨਹੀਂ ਵਸੂਲੇਗਾ।

ਪੰਨੂ ਨੇ ਦੱਸਿਆ ਕਿ ਖੇਤਰ ਦੇ ਡਰੱਗ ਕੰਟਰੋਲ ਅਧਿਕਾਰੀ ਗੁਣਵੱਤਾ, ਉਤਪਾਦਨ ਦੀ ਮਾਤਰਾ ਅਤੇ ਸਪਲਾਈ ਲਈ ਉਤਪਾਦਨ ਇਕਾਈਆਂ ਦੀ ਰੋਜ਼ਾਨਾ ਆਧਾਰ ‘ਤੇ ਜਾਂਚ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀਆਂ ਨੂੰ ਸਮੱਗਰੀ ਦੇ ਨਿਰਮਾਣ ਅਤੇ ਸਪਲਾਈ ਦਾ ਸਹੀ ਰਿਕਾਰਡ ਰੱਖਣ ਲਈ ਵੀ ਕਿਹਾ ਗਿਆ ਹੈ।

ਉਨ੍ਹਾਂ ਕਿਹਾ ਕਿ ਕੋਵਿਡ -19 ਦੇ ਫੈਲਣ ਨਾਲ ਪੈਦਾ ਹੋਈ ਸੰਕਟ ਦੀ ਘੜੀ ਦੇ ਮੱਦੇਨਜ਼ਰ ਵਾਇਰਸ ਦੇ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਡਾਕਟਰੀ ਵਸਤੂਆਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣਾ ਜ਼ਰੂਰੀ ਹੋ ਗਿਆ ਹੈ। ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੋਵਿਡ -19 ਦੀ ਰੋਕਥਾਮ ਕਰਨ ਲਈ ਚੁੱਕੇ ਗਏ ਹੋਰ ਉਪਾਵਾਂ ਤੋਂ ਇਲਾਵਾ, ਜਨਤਕ, ਸਿਹਤ ਕਰਮਚਾਰੀਆਂ ਅਤੇ ਕੋਵਿਡ -19 ਦੀ ਰੋਕਥਾਮ ਵਿੱਚ ਲੱਗੇ ਹੋਰ ਕਾਰਕੁੰਨਾਂ ਲਈ  ਸੈਨੀਟਾਈਜ਼ਰ / ਹੈਂਡ ਰਬਜ਼ ਨੂੰ ਭਰਪੂਰ ਰੂਪ ਵਿੱਚ ਉਪਲਬਧ ਕਰਵਾਉਣਾ ਜ਼ਰੂਰੀ ਹੈ।  ਕੋਵਿਡ -19 ਕਾਰਨ  ਹੈਂਡ ਸੈਨੀਟਾਈਜ਼ਰ / ਹੈਂਡ ਰੱਬਸ ਦੀ ਮੰਗ ਦਿਨੋਂ-ਦਿਨ ਵੱਧ ਰਹੀ ਹੈ ਅਤੇ ਮੌਜੂਦਾ ਨਿਰਮਾਣ ਸਹੂਲਤਾਂ ਵੱਲੋਂ ਵੱਧ ਰਹੀ ਮੰਗ ਨੂੰ ਪੂਰਾ ਨਾ ਕਰ ਪਾਉਣ ਦੀਆਂ ਵੀ ਖ਼ਬਰਾਂ ਹਨ। ਉਨ੍ਹਾਂ ਕਿਹਾ ਅਜਿਹੀ ਔਖੀ ਘੜੀ ਵਿੱਚ ਮੰਗ ਅਤੇ ਸਪਲਾਈ ਦਾ ਫਾਇਦਾ ਉਠਾਉਂਦੇ ਹੋਏ ਬਹੁਤ ਸਾਰੇ ਵਪਾਰੀ ਕਾਲਾ ਬਜ਼ਾਰੀ ਕਰ ਰਹੇ ਹਨ। ਇੱਥੋਂ ਤੱਕ ਕਿ ਨਿਰਮਾਤਾ ਸੈਨੇਟਾਈਜ਼ਰ ਦੀਆਂ ਬੋਤਲਾਂ ਦੇ ਲੇਬਲਾਂ ਤੇ ਬਹੁਤ ਜ਼ਿਆਦਾ ਕੀਮਤਾਂ ਪ੍ਰਿੰਟ ਕਰ ਰਹੇ ਹਨ। ਇਸ ਲਈ ਸੈਨੀਟਾਈਜ਼ਰ / ਹੈਂਡ ਰਬਜ਼ ਦੇ ਉਤਪਾਦਨ ਨੂੰ ਵਧਾਉਣ ਦੀ ਲੋੜ ਹੈ।