‘ਦ ਖ਼ਾਲਸ ਬਿਊਰੋ :-  ਲੱਦਾਖ ਦੀ ਗਲਵਾਨ ਘਾਟੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸੇ ਵੀ ਭਾਰਤੀ ਚੌਕੀ ’ਤੇ ਕਿਸੇ ਵਿਦੇਸ਼ੀ ਦਾ ਕਬਜ਼ਾ ਨਾ ਹੋਣ ਦੇ ਬਿਆਨ ਮਗਰੋਂ ਚੀਨ ਨੇ ਮੁੜ ਦਾਅਵਾ ਕੀਤਾ ਕਿ ਲੱਦਾਖ ਦੀ ਗਲਵਾਨ ਘਾਟੀ ਅਸਲ ਕੰਟਰੋਲ ਰੇਖਾ ( LAC ) ਦੇ ਪਾਰ ਚੀਨੀ ਇਲਾਕੇ ਵਿੱਚ ਪੈਂਦੀ ਹੈ।

ਚੀਨੀ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜਾਓ ਲਿਜਿਆਨ ਨੇ ਕਿਹਾ ਕਿ ਇਸ ਖੇਤਰ ਵਿੱਚ ਚੀਨੀ ਫ਼ੌਜੀ ਪਿਛਲੇ ਕਈ ਸਾਲਾਂ ਤੋਂ ਗਸ਼ਤ ਕਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਮਗਰੋਂ ਭਾਰਤੀ ਫ਼ੌਜ ਨੇ ਗਲਵਾਨ ਘਾਟੀ ’ਚ ਅਸਲ ਕੰਟਰੋਲ ਰੇਖਾ ’ਤੇ ਸੜਕ, ਪੁਲ ਤੇ ਹੋਰ ਉਸਾਰੀ ਕਾਰਜ ਸ਼ੁਰੂ ਕੀਤੇ ਹਨ। ਜਦਕਿ ਚੀਨ ਨੇ ਇਸ ਗੈਰਕਾਨੂੰਨੀ ਉਸਾਰੀ ਬਾਰੇ ਕਈ ਵਾਰ ਉਜਰ ਵੀ ਜਤਾਇਆ ਸੀ, ਪਰ ਭਾਰਤ ਨੇ ਅਸਲ ਕੰਟਰੋਲ ਰੇਖਾ ਪਾਰ ਕਰਕੇ ਭੜਕਾਊਣ ਵਾਲੀ ਕਾਰਵਾਈ ਜਾਰੀ ਰੱਖੀ।

ਲਿਜਿਆਨ ਨੇ ਦੱਸਿਆ ਕਿ ਰਾਤ ਦੇ ਸਮੇਂ ਅਸਲ ਕੰਟਰੋਲ ਰੇਖਾ ਪਾਰ ਕਰਕੇ ਚੀਨੀ ਇਲਾਕੇ ’ਚ ਦਾਖ਼ਲ ਹੋਈ ਭਾਰਤੀ ਫ਼ੌਜ ਨੇ 6 ਮਈ ਦੀ ਸਵੇਰ ਨੂੰ ਉੱਥੇ ਘੇਰਾਬੰਦੀ ਕਰਕੇ ਬੈਰੀਕੇਡ ਲਗਾ ਦਿੱਤੇ ਤੇ ਗਸ਼ਤ ਕਰ ਰਹੀ ਚੀਨੀ ਫ਼ੌਜ ਨੂੰ ਰੋਕਿਆ। ਉਸ ਮੁਤਾਬਿਕ ਭਾਰਤੀ ਫ਼ੌਜ ਨੇ ਇਕਪਾਸੜ ਕਾਰਵਾਈ ਦੀ ਕੋਸ਼ਿਸ਼ ਕਰਦਿਆਂ ਭੜਕਾਊ ਸਰਗਰਮੀਆਂ ਜਾਰੀ ਰੱਖੀਆਂ।

ਇਲਾਕੇ ’ਚ ਤਣਾਅ ਘਟਾਉਣ ਲਈ ਭਾਰਤ ਤੇ ਚੀਨੀ ਫ਼ੌਜੀ ਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਲਈ ਰਾਜ਼ੀ ਹੋ ਗਏ ਸਨ। ਉਸ ਨੇ ਕਿਹਾ ਕਿ ਚੀਨ ਵੱਲੋਂ ਸਖ਼ਤੀ ਨਾਲ ਰੱਖੀ ਗਈ ਮੰਗ ਮਗਰੋਂ ਭਾਰਤ ਅਸਲ ਕੰਟਰੋਲ ਰੇਖਾ ਉਲੰਘ ਚੁੱਕੇ ਆਪਣੇ ਫ਼ੌਜੀਆਂ ਨੂੰ ਵਾਪਸ ਸੱਦਣ ਤੇ ਉੱਥੇ ਕਾਇਮ ਤੰਬੂਆਂ ਨੂੰ ਹਟਾਊਣ ਲਈ ਰਾਜ਼ੀ ਹੋ ਗਿਆ ਸੀ।

ਉਸ ਨੇ ਕਿਹਾ ਕਿ 15 ਜੂਨ ਦੀ ਸ਼ਾਮ ਨੂੰ ਭਾਰਤੀ ਫ਼ੌਜੀਆਂ ਨੇ ਕਮਾਂਡਰ ਪੱਧਰ ਦੀ ਬੈਠਕ ’ਚ ਹੋਈ ਸਹਿਮਤੀ ਦੀ ਉਲੰਘਣਾ ਕਰਦਿਆਂ ਇੱਕ ਵਾਰ ਫਿਰ ਅਸਲ ਕੰਟਰੋਲ ਰੇਖਾ ਉਲੰਘੀ ਤੇ ਉੱਥੇ ਗੱਲਬਾਤ ਲਈ ਗਏ ਚੀਨੀ ਅਧਿਕਾਰੀਆਂ ਤੇ ਜਵਾਨਾਂ ’ਤੇ ਹਮਲਾ ਕੀਤਾ। ਬੁਲਾਰੇ ਵੱਲੋਂ ਇਹ ਉਮੀਦ ਜਤਾਈ ਕਿ ਭਾਰਤ, ਚੀਨ ਨਾਲ ਮਿਲ ਕੇ ਕੰਮ ਕਰੇਗਾ ਤੇ ਦੋਵੇਂ ਆਗੂਆਂ ਵਿਚਕਾਰ ਬਣੀ ਸਹਿਮਤੀ ਤੇ ਇਮਾਨਦਾਰੀ ਨਾਲ ਪਾਲਣਾ ਕੀਤੀ ਜਾਵੇ। ਉਸ ਨੇ ਕਿਹਾ ਕਿ ਸਰਹੱਦੀ ਇਲਾਕਿਆਂ ’ਚ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਭਾਰਤ ਮਿਲ ਕੇ ਕੰਮ ਕਰੇਗਾ।