‘ਦ ਖ਼ਾਲਸ ਬਿਊਰੋ:- ਕੋਵਿਡ-19 ਮਹਾਂਮਾਰੀ ਕਰਕੇ ਕੁਵੈਤ ਵਿੱਚ ਪੰਜਾਬ ਦੇ ਕਰੀਬ 600 ਤੋਂ ਵੱਧ ਨੌਜਵਾਨ ਫਸ ਗਏ ਹਨ। ਇਹਨਾਂ ਨੌਜਵਾਨਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਰਾਹੀਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਇਲਾਵਾ ਸਿਆਸੀ ਆਗੂਆਂ ਨੂੰ ਭਾਰਤ ਵਾਪਸੀ ਦੀ ਅਪੀਲ ਕੀਤੀ ਗਈ ਪਰ ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੀ ਸਾਰ ਨਾ ਲਈ।

‘ਪੰਜਾਬੀ ਟ੍ਰਿਬਿਊਨ’ ਦੀ ਖ਼ਬਰ ਮੁਤਾਬਿਕ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨ ਮਨਪ੍ਰੀਤ ਸਿੰਘ ਵਾਸੀ ਭੱਟੀਆਂ ਨੇ ਦੱਸਿਆ ਕਿ ਕੁਵੈਤ ਦੇ ਕਸਬਾ ਫਰਮਾਨੀਆਂ ’ਚ ਕਾਫ਼ੀ ਤਦਾਦ ’ਚ ਪੰਜਾਬੀ ਵਿਅਕਤੀ ਏ.ਜੀ.ਐਲ. ਕੰਪਨੀ ’ਚ ਡਰਾਈਵਰੀ ਦਾ ਕੰਮ ਕਰਦੇ ਹਨ। ਮਹਾਮਾਰੀ ਕਾਰਨ ਪਿਛਲੇ 3 ਦਿਨਾਂ ਤੋਂ ਸਾਰਾ ਕੰਮ ਠੱਪ ਪਿਆ ਹੈ ਅਤੇ ਕੰਪਨੀ ਵੱਲੋਂ ਉਨ੍ਹਾਂ ਨੂੰ ਪਿਛਲੇ 3 ਮਹੀਨਿਆਂ ਤੋਂ ਨਾ ਤਨਖਾਹ ਦਿੱਤੀ ਅਤੇ ਨਾ ਹੀ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਕੁਵੈਤ ਦੀਆਂ ਵੱਖ-ਵੱਖ ਕੰਪਨੀਆਂ ’ਚ ਕਰੀਬ 600 ਤੋਂ ਵੱਧ ਪੰਜਾਬੀ ਹਨ। ਕੁਵੈਤ ’ਚ ਫਸੇ ਪੰਜਾਬੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਾਸਪੋਰਟ ਕੰਪਨੀ ਕੋਲ ਹਨ ਤੇ ਨਾ ਉਨ੍ਹਾਂ ਨੂੰ ਪਾਸਪੋਰਟ ਵਾਪਸ ਕੀਤੇ ਜਾ ਰਹੇ ਹਨ ਅਤੇ ਨਾ ਹੀ ਪੂਰਾ ਭੋਜਨ ਦਿੱਤਾ ਜਾ ਰਿਹਾ ਹੈ। ਇਨ੍ਹਾਂ ਕੋਲ ਪੈਸੇ ਮੁੱਕ ਗਏ ਹਨ। ਨੌਜਵਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਿਛਲੇ ਕਈ ਦਿਨਾਂ ਤੋਂ ਕੁਵੈਤ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਸਿੰਘ ਮਾਨ ਅਤੇ ਸਮਾਜ ਸੇਵੀ ਐਸ.ਪੀ. ਸਿੰਘ ਓਬਰਾਏ ਨੂੰ ਵਾਪਸ ਲਿਆਉਣ ਵਿਚ ਮਦਦ ਕਰਨ ਦੀ ਅਪੀਲ ਕੀਤੀ।

ਕੋਰੋਨਾਵਾਇਰਸ ਮਹਾਂਮਾਰੀ ਕਰਕੇ ਕਈ ਦੇਸ਼ਾਂ ਵਿੱਚ ਬਹੁਤ ਸਾਰੇ ਭਾਰਤੀ ਫਸੇ ਹੋਏ, ਜਿਹੜੇ ਭਾਰਤ ਸਰਕਾਰ ਨੂੰ ਆਪਣੇ ਵਤਨ ਵਾਪਿਸ ਲਿਆਉਣ ਦੀ ਗੁਹਾਰ ਲਗਾ ਰਹੇ ਹਨ।