‘ਦ ਖ਼ਾਲਸ ਬਿਊਰੋ :- ਕੋਵਿਡ-19 ਦੇ ਖ਼ਤਰੇ ਤੋਂ ਬਚਣ ਲਈ ਲੱਗੇ ਲਾਕਡਾਊਨ ਕਾਰਨ ਪੂਰੇ ਦੇਸ਼ ਨੂੰ ਰੋਕਣਾ ਪਿਆ ਜਿਸ ਕਾਰਨ ਹਵਾਈ ਜਹਾਜ਼, ਟਰੇਨਾਂ, ਬੱਸਾਂ ਆਦਿ ਨੂੰ ਰਫ਼ਤਾਰ ਰੁੱਕ ਗਈ। ਪਰ ਹੁਣ ਲਾਕਡਾਊਣ ‘ਚ ਪ੍ਰਵਾਸੀ ਮਜ਼ਦੂਰਾਂ ਨੂੰ ਵਾਪਿਸ ਲਿਆਉਣ ਲਈ ਹੁਣ ਸੂਬੇ ਦੀਆਂ ਦਰਜਨਾਂ ਪ੍ਰਾਈਵੇਟ ਬੱਸਾਂ ਦੇ ਮਾਲਕ ਹੁਣ ‘ਲੇਬਰ ਪੈਕੇਜ’ ਦੇ ਨਾਂ ’ਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਝੋਲੀਆਂ ਖ਼ਾਲੀ ਕਰਨ ਤੇ ਲੁੱਟ ਦਾ ਧੰਦਾ ਚਲਾ ਰਹੇ ਹਨ। ਪੰਜਾਬ ਦੇ ਵੱਡੇ ਸ਼ਹਿਰਾਂ ’ਚੋਂ ਰੋਜ਼ਾਨਾ ਬੱਸਾਂ ਬਿਹਾਰ ਤੇ ਯੂਪੀ ਜਾ ਕੇ ਪ੍ਰਵਾਸੀ ਮਜ਼ਦੂਰ ਲੇਬਰ ਪੰਜਾਬ ਲਿਆ ਰਹੀਆਂ ਹਨ। ਕਈ ਬੱਸ ਮਾਲਕ ਤਾਂ ਕੋਵਿਡ ਸੰਕਟ ‘ਚ ਫਸੀ ਹੋਈ ਕਿਸਾਨੀ ਲੇਬਰ ਨੂੰ ਹੱਥੋਂ ਲੁੱਟੀ ਜਾ ਰਹੇ ਹਨ।

ਦੱਸਣਯੋਗ ਹੈ ਕਿ ਬਠਿੰਡਾ ਦੀ ਇੱਕ ਪ੍ਰਾਈਵੇਟ ਬੱਸ ਕੰਪਨੀ ਨੇ ਤਾਂ ਜਨਤਕ ਤੌਰ ’ਤੇ ‘ਲੇਬਰ ਪੈਕੇਜ’ ਐਲਾਨ ਦਿੱਤਾ ਹੈ। ਕੰਪਨੀ ਨੇ ਬਕਾਇਦਾ ਫੋਨ ਨੰਬਰ ਵੀ ਦਿੱਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀਆਂ ਬੱਸਾਂ ਬਿਹਾਰ ਦੇ ਸ਼ਹਿਰਾਂ ਵਿੱਚ ਆਉਂਦੀਆਂ ਜਾਂਦੀਆਂ ਹਨ। ਕੋਈ ਬਿਹਾਰ ਤੋਂ ਪੰਜਾਬ ਆਉਣਾ ਚਾਹੁੰਦਾ ਹੋਵੇ ਤਾਂ ਉਹ ਆਪ ਪਾਸ ਬਣਾ ਕੇ ਦੇਣਗੇ। ਬਰਨਾਲਾ, ਸੰਗਰੂਰ ਤੇ ਲੁਧਿਆਣਾ ਸਮੇਤ ਬਠਿੰਡਾ ਤੇ ਮਾਨਸਾ ਦੇ ਕਈ ਬੱਸ ਅਪਰੇਟਰ ਵੀ ਇਸੇ ਰਾਹ ਪਏ ਹਨ। ਸੂਤਰਾਂ ਮੁਤਾਬਕ ਹਰ ਇੱਕ ਸਵਾਰੀ ਤੋਂ 3500 ਤੋਂ 4500 ਰੁਪਏ ਤੱਕ ਵਸੂਲੇ ਜਾ ਰਹੇ ਹਨ।

ਜਦਕਿ ਵੱਡੀ ਬੱਸ ਵਿੱਚ ਸਿਰਫ਼ 30 ਤੋਂ 32 ਸਵਾਰੀਆਂ ਦੀ ਪ੍ਰਵਾਨਗੀ ਮਿਲਦੀ ਹੈ ਪਰ ਇਹ ਬੱਸ ਮਾਲਕ 50-50 ਸਵਾਰੀਆਂ ਲਿਆ ਰਹੇ ਹਨ। ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਦਿਨੀਂ ਇੱਕ ਬੱਸ ਫੜੀ ਵੀ ਗਈ ਹੈ। ਕਈ – ਕਈ ਕਿਸਾਨ ਪੈਸੇ ਇਕੱਠੇ ਕਰਦੇ ਹਨ ਤੇ ਬੱਸ ਦੀ ਬੁਕਿੰਗ ਕਰਾ ਲੈਂਦੇ ਹਨ। ਇੱਕ ਬੱਸ ਅਪਰੇਟਰ ਨਸੀਬ ਸਿੰਘ ਨੇ ਦੱਸਿਆ ਕਿ ਬਿਹਾਰ ਤੋਂ ਆਉਣ ਵਾਲੀ ਲੇਬਰ ਆਪ ਹੀ ਬਿਹਾਰ ਸਰਕਾਰ ਤੋਂ ਪਾਸ ਬਣਾਉਂਦੀ ਹੈ ਅਤੇ ਹੁਣ ਕਿਸਾਨ ਕਾਫ਼ੀ ਗਿਣਤੀ ਵਿੱਚ ਬਿਹਾਰ ਤੋਂ ਲੇਬਰ ਲਿਆ ਰਹੇ ਹਨ। ਉਨ੍ਹਾਂ ਦੱਸਿਆ ਕਿ ਪ੍ਰਤੀ ਸਵਾਰੀ 3000 ਤੋਂ 3500 ਰੁਪਏ ਤੱਕ ਦਾ ਰੇਟ ਚੱਲ ਰਿਹਾ ਹੈ। ਟਰੇਨਾਂ ਬੰਦ ਹੋਣ ਕਰਕੇ ਕਿਸਾਨ ਹੁਣ ਯੂਪੀ-ਬਿਹਾਰ ਤੋਂ ਲੇਬਰ ਲਿਆਉਣ ਖਾਤਰ ਹੀਲਾ ਵਸੀਲਾ ਕਰ ਰਹੇ ਹਨ।

ਸਰਕਾਰੀ ਨੱਕ ਹੇਠ ਲੁੱਟ ਦਾ ਧੰਦਾ:

ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਪੰਜਾਬ ਸਰਕਾਰ ਦੀ ਸਰਪ੍ਰਸਤੀ ਹੇਠ ਲੇਬਰ ਪੈਕੇਜ ਦੇ ਇਸ ਘਟਿਆ ਧੰਦੇ ਨੂੰ ਵੇਖਦੇ ਹੋਏ ਕਿਹਾ ਕਿ ਪ੍ਰਾਈਵੇਟ ਬੱਸ ਮਾਲਕਾਂ ਵੱਲੋਂ ਲੁੱਟ ਦਾ ਧੰਦਾ ਚਲਾਇਆ ਜਾ ਰਿਹਾ ਹੈ। ਅਤੇ ਸਰਕਾਰਾਂ ਇਸ ਦੇ ਸੁਹਿਰਦ ਹਨ ਤਾਂ ਰੇਲ ਗੱਡੀਆਂ ਚਲਾਉਣ ਤਾਂ ਜੋ ਕਿਸੇ ਗਰੀਬ ਮਜ਼ਦੂਰ ਜਾ ਕਿਸਾਨ ਨੂੰ ਲੁੱਟਣ ਦਾ ਮੌਕਾ ਹੀ ਨਾ ਮਿਲ ਸਕੇ।