International

ਸਿੱਖ ਰਾਜ ਦੇ ਆਖਰੀ ਮਹਾਰਾਜੇ ਦਲੀਪ ਸਿੰਘ ਦੇ ਪੁੱਤ ਦੀ ਰਿਹਾਇਸ਼ ਵੀ ਲੰਡਨ ‘ਚ ਵਿਕਣ ਲਈ ਤਿਆਰ

‘ਦ ਖ਼ਾਲਸ ਬਿਊਰੋ:- ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਵਿਕਟਰ ਅਲਬਰਟ ਜੇਯ ਦਲੀਪ ਸਿੰਘ ਦਾ ਲੰਡਨ ਵਿੱਚ ਬਣਿਆ ਖ਼ੂਬਸੂਰਤ ਮਹਿਲ ਹੁਣ ਵਿਕਣ ਦੀ ਤਿਆਰੀ ਵਿੱਚ ਹੈ। ਮਹਿਲ ਦੀ ਵਿਕਰੀ ਲਈ ਕੀਮਤ 1.55 ਕਰੋੜ ਬ੍ਰਿਟਿਸ਼ ਪੌਂਡ ਰੱਖੀ ਗਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਛੋਟੇ ਪੁੱਤਰ ਦਲੀਪ ਸਿੰਘ ਸਿੱਖ ਰਾਜ ਦੇ ਆਖ਼ਰੀ ਮਹਾਰਾਜਾ ਸਨ।

ਪੰਜਾਬ ਦੀ ਹਕੂਮਤ ਬ੍ਰਿਟਿਸ਼ ਰਾਜ ਅਧੀਨ ਆਉਣ ਮਗਰੋਂ ਦਲੀਪ ਸਿੰਘ ਨੂੰ ਇੰਗਲੈਂਡ ‘ਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ। ਦਲੀਪ ਸਿੰਘ ਦੇ ਪੁੱਤਰ ਵਿਕਟਰ ਦਾ 1866 ‘ਚ ਲੰਡਨ ‘ਚ ਜਨਮ ਹੋਇਆ ਸੀ ਅਤੇ ਮਹਾਰਾਣੀ ਵਿਕਟੋਰੀਆ ਨੇ ਉਸ ਨੂੰ ਆਪਣੀ ਛੱਤਰ ਛਾਇਆ ਹੇਠ ਲੈ ਲਿਆ ਸੀ।

ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਦੇ ਵਿਆਹ ਮਗਰੋਂ ਸਥਾਨਕ ਪ੍ਰਸ਼ਾਸਨ ਨੇ ਇਹ ਆਲੀਸ਼ਾਨ ਮਹਿਲ ਉਨ੍ਹਾਂ ਨੂੰ ਅਲਾਟ ਕੀਤਾ ਸੀ। ਮਹਿਲ ਦੀ ਵਿਕਰੀ ਦਾ ਪ੍ਰਬੰਧ ਕਰ ਰਹੇ ਬਿਊਸ਼ੈਪ ਅਸਟੇਟ ਦੇ MD ਜੈਰੇਮੀ ਗੀ ਨੇ ਕਿਹਾ ਕਿ ਲਾਹੌਰ ਦੇ ਜਲਾਵਤਨ ਸਾਬਕਾ ਸ਼ਹਿਜ਼ਾਦੇ ਦਾ 5613 ਸਕੁਏਅਰ ਫੁੱਟ ਦਾ ਮਹਿਲ ਖੁੱਲ੍ਹਾ-ਡੁੱਲਾ ਹੈ, ਉੱਚੀਆਂ ਕੰਧਾਂ ਹਨ ਅਤੇ ਇਸ ਦੇ ਪਿੱਛੇ 52 ਫੁੱਟ ਦਾ ਬਾਗ ਹੈ।

ਸ਼ਹਿਜ਼ਾਦਾ ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਤੋਂ ਪੈਦਾ ਹੋਇਆ ਸੀ ਅਤੇ ਉਹ ਮਹਾਰਾਜੇ ਦਾ ਵੱਡਾ ਪੁੱਤਰ ਸੀ। ਉਸ ਨੇ ਐਟਨ ਕਾਲਜ ਅਤੇ ਕੈਂਬ੍ਰਿਜ ਯੂਨੀਵਰਸਿਟੀ ਤੋਂ ਸਿੱਖਿਆ ਹਾਸਲ ਕੀਤੀ ਸੀ। ਉਸ ਨੂੰ 8250 ਪੌਂਡ ਅਤੇ ਪਤਨੀ ਨੂੰ 2500 ਪੌਂਡ ਸਾਲਾਨਾ ਮਿਲਦੇ ਸਨ ਪਰ ਸ਼ਹਿਜ਼ਾਦੇ ਦੇ ਸਿਰ ’ਤੇ 117900 ਪੌਂਡ ਦਾ ਕਰਜ਼ਾ ਚੜ੍ਹ ਗਿਆ ਜਿਸ ਕਾਰਨ ਉਸ ਨੂੰ 1902 ’ਚ ਦੀਵਾਲੀਆ ਕਰਾਰ ਦਿੱਤਾ ਗਿਆ ਸੀ। ਉਸ ਨੇ ਪਹਿਲੀ ਵਿਸ਼ਵ ਜੰਗ ਦਾ ਸਮਾਂ ਮੋਨਾਕੋ ’ਚ ਗੁਜ਼ਾਰਿਆ ਜਿੱਥੇ 1918 ’ਚ 51 ਸਾਲ ਦੀ ਉਮਰ ’ਚ ਸ਼ਹਿਜ਼ਾਦੇ ਦੀ ਮੌਤ ਹੋ ਗਈ ਸੀ। ਉਸ ਦੀ ਪਤਨੀ ਜੁਲਾਈ 1956 ’ਚ ਆਪਣੀ ਮੌਤ ਤੱਕ ‘ਦਿ ਲਿਟਿਲ ਬੋਲਟਨਜ਼’ ਵਾਲੇ ਮਹਿਲ ’ਚ ਰਹਿੰਦੀ ਰਹੀ।