India

ਦਰੋਣਾਚਾਰੀਆ ਐਵਾਰਡ ਮਿਲਣ ਤੋਂ ਇੱਕ ਦਿਨ ਪਹਿਲਾਂ ਇਸ ਖਿਡਾਰੀ ਦੀ ਹੋਈ ਮੌਤ

‘ਦ ਖ਼ਾਲਸ ਬਿਊਰੋ:- ਰਾਸ਼ਟਰੀ ਖੇਡ ਦਿਵਸ ‘ਤੇ ਦਰੋਣਾਚਾਰੀਆ ਪੁਰਸਕਾਰ ਲੈਣ ਤੋਂ ਇੱਕ ਦਿਨ ਪਹਿਲਾਂ ਹੀ ਅਥਲੈਟਿਕਸ ਕੋਚ ਪ੍ਰਸ਼ੋਤਮ ਰਾਏ ਦੀ 79 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ। ਰਾਏ ਨੂੰ ਅੱਜ ਵਰਚੁਅਲ ਸਮਾਰੋਹ ਦੌਰਾਨ ਸਨਮਾਨ ਦਿੱਤਾ ਜਾਣਾ ਸੀ। ਉਨ੍ਹਾਂ ਨੇ ਇਸ ਵਰਚੁਅਲ ਸਮਾਗਮ ਲਈ ਫੁੱਲ ਡਰੈੱਸ ਰਿਹਰਸਲ ਵੀ ਕੀਤੀ ਸੀ।

ਖੇਡ ਮੰਤਰੀ ਕਿਰਨ ਰਿਜੀਜੂ ਨੇ ਦਰੋਣਾਚਾਰੀਆ ਐਵਾਰਡ ਪ੍ਰਾਪਤ ਕਰਨ ਵਾਲੇ ਅਥਲੈਟਿਕਸ ਕੋਚ ਪੁਰਸ਼ੋਤਮ ਰਾਏ ਦੀ ਮੌਤ ’ਤੇ ਦੁੱਖ ਪ੍ਰਗਾਇਆ ਹੈ। ਖੇਡ ਮੰਤਰੀ ਨੇ ਟਵੀਟ ਕੀਤਾ ਕਿ,‘‘ ਭਾਰਤ ਨੇ ਸ਼ੁੱਕਰਵਾਰ ਨੂੰ ਤਜ਼ਰਬੇਕਾਰ ਅਥਲੈਟਿਕਸ ਕੋਚ ਪੁਰਸ਼ੋਤਮ ਰਾਏ ਨੂੰ ਗੁਆ ਦਿੱਤਾ। ਉਨ੍ਹਾਂ ਨੂੰ ਅੱਜ ਰਾਸ਼ਟਰੀ ਖੇਡ ਪੁਰਸਕਾਰਾਂ ਦੇ ਵਰਚੁਅਲ ਸਮਾਰੋਹ ਵਿੱਚ ਦਰੋਣਾਚਾਰੀਆ (ਜੀਵਨ ਭਰ ਦੀਆਂ ਪ੍ਰਾਪਤੀਆਂ) ਦਾ ਪੁਰਸਕਾਰ ਦਿੱਤਾ ਜਾਣਾ ਸੀ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ।”

ਰਾਏ ਨੇ ਆਪਣੇ ਕੋਚਿੰਗ ਕਰੀਅਰ ਦੀ ਸ਼ੁਰੂਆਤ 1974 ਵਿੱਚ ਨੇਤਾ ਜੀ ਸਪੋਰਟਸ ਇੰਸਟੀਚਿਊਟ ਦੇ ਡਿਪਲੋਮਾ ਨਾਲ ਕੀਤੀ। ਉਨ੍ਹਾਂ ਨੇ ਓਲੰਪੀਅਨ ਰਿਲੇਅ ਦੌੜਾਕ ਵੰਦਨਾ ਰਾਓ, ਹੈਪੇਟੈਲੇਟ ਪ੍ਰਮਿਲਾ ਅਯੱਪਾ, ਅਸ਼ਵਨੀ ਨਾਚੱਪਾ, ਮੁਰਲੀ ​​ਕੁਤਨ, ਐੱਮਕੇ ਆਸ਼ਾ, ਜੀਜੀ ਪ੍ਰਮਿਲਾ ਨੂੰ ਕੋਚਿੰਗ ਦਿੱਤੀ। ਉਹ 1987 ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ, 1988 ਏਸ਼ਿਆਈ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਤੇ 1999 ਦੱਖਣੀ ਏਸ਼ਿਆਈ ਖੇਡਾਂ ਵਿੱਚ ਭਾਰਤੀ ਟੀਮ ਦੀ ਕੋਚਿੰਗ ਕੀਤੀ।