India

ਕੋਰੋਨਾ ਕਰਕੇ ਦੇਸ਼ ਦੀ ਗਤੀ ਨੂੰ ਰੋਕਣਾ ਕੀਮਤੀ ਸਾਲ ਨੂੰ ਬਰਬਾਦ ਕਰਨ ਦੇ ਬਰਾਬਰ, ਪ੍ਰੀਖਿਆਵਾਂ ‘ਤੇ ਨਹੀਂ ਲੱਗੇਗੀ ਰੋਕ:- ਸਰਬਉੱਚ ਅਦਾਲਤ

‘ਦ ਖ਼ਾਲਸ ਬਿਊਰੋ:- ਸਰਬਉੱਚ ਅਦਾਲਤ ਨੇ NEET ਅਤੇ IIT-JEE  ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਕੋਰੋਨਾ ਕਰਕੇ IIT-JEE ਤੇ NEET ਦੀਆਂ ਪ੍ਰੀਖਿਆਵਾਂ ਨੂੰ ਮੁਲਤਵੀ ਕਰਨ ਦੀ ਪਟੀਸ਼ਨ ਕੋਰਟ ‘ਚ ਦਾਇਰ ਕੀਤੀ ਗਈ ਸੀ ਜਿਸ ਨੂੰ ਸਰਬਉੱਚ ਅਦਾਲਤ ਨੇ ਖਾਰਜ ਕਰ ਦਿੱਤਾ ਹੈ। JEE(Main) ਦੀ ਪ੍ਰੀਖਿਆ 1 ਤੋਂ 6 ਸਤੰਬਰ ਦੇ ਵਿਚਕਾਰ ਤੇ NEET ਦੀ ਪ੍ਰੀਖਿਆ 13 ਸਤੰਬਰ ਨੂੰ ਹੋਣੀ ਹੈ।

ਸਰਬਉੱਚ ਅਦਾਲਤ ਨੇ ਸੁਣਵਾਈ ਦੌਰਾਨ ਕਿਹਾ ਕਿ ਕੀ ਦੇਸ਼ ਦੀ ਹਰ ਚੀਜ਼ ਨੂੰ ਰੋਕਿਆ ਜਾਣਾ ਚਾਹੀਦਾ ਹੈ? ਇਸ ਤਰ੍ਹਾਂ ਕਰਨ ਨਾਲ ਤਾਂ ਇੱਕ ਕੀਮਤੀ ਸਾਲ ਨੂੰ ਇੰਝ ਹੀ ਬਰਬਾਦ ਕਰ ਦਿੱਤਾ ਜਾਵੇਗਾ। ਪਟੀਸ਼ਨਕਰਤਾ ਦੇ ਵਕੀਲ ਨੇ ਵਿਦਿਆਰਥੀਆਂ ਦੀ ਸਿਹਤ ਨੂੰ ਕੋਰੋਨਾ ਕਾਰਨ ਖ਼ਤਰਾ ਹੋਣ ਦਾ ਹਵਾਲਾ ਦਿੱਤਾ ਪਰ ਕੋਰਟ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ। ਨੈਸ਼ਨਲ ਟੈਸਟਿੰਗ ਏਜੰਸੀ ਲਈ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਪ੍ਰੀਖਿਆ ਕਰਾਉਣਾ ਜ਼ਰੂਰੀ ਹੈ।