Others Punjab

ਬਿਨਾਂ ਰਜਿਸਟਰੇਸ਼ਨ ਦੇ ਹੁਣ ਨਹੀਂ ਚੱਲ ਸਕਣਗੇ ਪਲੇਅ-ਵੇਅ ਸਕੂਲ ਤੇ ਬਾਲਵਾੜੀਆਂ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਪੰਜਾਬ ਸਰਕਾਰ ਨੇ ਸੂਬੇ ਵਿੱਚ ਚੱਲ ਰਹੇ ਨਿੱਜੀ ਪਲੇਅ-ਵੇਅ ਸਕੂਲਾਂ ਅਤੇ ਬਾਲਵਾੜੀਆਂ ਯਾਨੀ ਕਰੈੱਚਾਂ ਲਈ ਰਜਿਸਟਰੇਸ਼ਨ ਨੂੰ ਹੁਣ ਜ਼ਰੂਰ ਕਰਾਰ ਦੇ ਦਿੱਤਾ ਹੈ। ਰਜਿਸਟਰੇਸ਼ਨ ਤੋਂ ਬਗੈਰ ਕਿਸੇ ਨੂੰ ਵੀ ਅਜਿਹਾ ਸੰਸਥਾਨ ਚਲਾਉਣ ਦੀ ਮਨਜ਼ੂਰੀ ਨਹੀਂ ਹੋਵੇਗੀ। ਸਰਕਾਰ ਨੇ ਇਹ ਫੈਸਲਾ ਬਾਲ ਅਧਿਕਾਰਾਂ ਦੀ ਸੁਰੱਖਿਆ ਬਾਰੇ ਕੌਮੀ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਚੱਲਣ ਵਾਲੇ ਇਨ੍ਹਾਂ ਸਿਖਿਆ ਸੰਸਥਾਨਾਂ ਬਾਬਤ ਲਿਆ ਹੈ।

ਇਹ ਜਾਣਕਾਰੀ ਦਿੰਦਿਆਂ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਸਟੇਟ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ਈਸੀਸੀਈ) ਕੌਂਸਲ ਦੀ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਹੈ ਕਿ ਹੁਣ ਰਜਿਸਟਰੇਸ਼ਨ ਤੋਂ ਬਿਨਾਂ ਕਿਸੇ ਵੀ ਪਲੇਅ-ਵੇਅ ਸਕੂਲ ਜਾਂ ਕਰੈੱਚ ਨੂੰ ਪੰਜਾਬ ਵਿੱਚ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ।

ਅਰੁਣਾ ਚੌਧਰੀ ਨੇ ਕਿਹਾ ਕਿ ਛੋਟੇ ਸਿਹਤ ਅਤੇ ਮਾਨਸਿਕ ਵਿਕਾਸ ਨੂੰ ਯਕੀਨੀ ਬਣਾਉਣ ਲਈ ਰਾਜ ਭਰ ਵਿੱਚ ਚੱਲ ਰਹੇ ਇਨ੍ਹਾਂ ਨਿੱਜੀ ਪਲੇਅ ਸਕੂਲਾਂ ਦੀ ਜਾਂਚ ਲਈ ਸਮੇਂ ਸਮੇਂ ‘ਤੇ ਨਿਗਰਾਨੀ ਕਰਨ ਦੀ ਲੋੜ ਹੈ। ਕਿਸੇ ਵੀ ਪਲੇਅ ਸਕੂਲ ਜਾਂ ਕਰੈੱਚ ਨੂੰ ਰਜਿਸਟਰ ਕੀਤੇ ਬਗੈਰ ਕੰਮ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਕੈਬਨਿਟ ਮੰਤਰੀ ਨੇ ਕਿਹਾ ਕਿ ਇਨ੍ਹਾਂ ਅਦਾਰਿਆਂ ਵਿੱਚ ਇਕ ਪੋਰਟਲ ‘ਤੇ ਡਾਟਾ ਬੈਂਕ ਬਣਾਏ ਜਾਣਗੇ ਅਤੇ ਪਾਠਕ੍ਰਮ ਵਿਚ ਇਕਸਾਰਤਾ ਯਕੀਨੀ ਬਣਾਈ ਜਾਏਗੀ। ਇਸ ਦਾ ਫੈਸਲਾ ਕੌਂਸਲ ਵੱਲੋਂ ਕੀਤਾ ਜਾਵੇਗਾ ਤੇ ਰਾਜ ਭਰ ਵਿਚ ਇਹ ਲਾਗੂ ਕੀਤੀ ਜਾਏਗੀ।