India Punjab

ਪੰਜਾਬੀ ਗਾਇਕ ਦਿਲਜਾਨ ਦੀ ਸੜਕ ਹਾਦਸੇ ‘ਚ ਮੌਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬੀ ਗਾਇਕ ਦਿਲਜਾਨ ਦੀ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜੰਡਿਆਲਾ ਗੁਰੂ ਨੇੜੇ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਕ ਦਿਲਜਾਨ ਅੰਮ੍ਰਿਤਸਰ ਤੋਂ ਕਰਤਾਰਪੁਰ ਆਪਣੇ ਘਰ ਵਾਪਸ ਪਰਤ ਰਹੇ ਸਨ, ਜਦੋਂ ਦੇਰ ਰਾਤ ਕਰੀਬ 3 ਵੱਜ ਕੇ 45 ਮਿੰਟ ‘ਤੇ ਉਹਨਾਂ ਦੀ ਕਾਰ ਦਾ ਸ਼ਿਕਾਰ ਹੋ ਗਈ ਅਤੇ ਦਿਲਜਾਨ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਜੰਡਿਆਲਾ ਗੁਰੂ ਦੇ ਡੀਐੱਸਪੀ ਸੁਖਵਿੰਦਰਪਾਲ ਸਿੰਘ ਨੇ ਦੱਸਿਆ ਕਿ “ਉਨ੍ਹਾਂ ਦੀ ਮ੍ਰਿਤਕ ਦੇਹ ਕਰਤਾਰਪੁਰ ਦੇ ਚੈਰੀਟੇਬਲ ਹਸਪਤਾਲ ਵਿੱਚ ਪਹੁੰਚਾ ਦਿੱਤੀ ਗਈ ਹੈ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵਿਦੇਸ਼ ਤੋਂ 5 ਅਪ੍ਰੈਲ ਨੂੰ ਦੇਸ਼ ਆਉਣਗੇ ਅਤੇ ਉਨ੍ਹਾਂ ਨਾਲ ਗੱਲ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।” ਉਨ੍ਹਾਂ ਨੇ ਕਿਹਾ ਕਿ, “ਹਾਦਸਾ ਜੰਡਿਆਲਾ ਗੁਰੂ ਨੇੜੇ ਵਾਪਰਿਆ ਹੈ ਪਰ ਹਾਦਸੇ ਦੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ। ਰਾਹਗੀਰਾਂ ਨੇ ਗੱਡੀ ਨੂੰ ਦੇਖਿਆ ਅਤੇ ਪੁਲਿਸ ਨੂੰ ਫੋਨ ਕਰਕੇ ਦਿਲਜਾਨ ਨੂੰ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਹੈ।”

ਦਿਲਜਾਨ ਦੀ ਪਤਨੀ, ਬੇਟੀ, ਭੈਣ ਅਤੇ ਭਰਾ ਟੋਰਾਂਟੋ, ਕੈਨੇਡਾ ਰਹਿੰਦੇ ਹਨ ਅਤੇ ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਦਿਲਜਾਨ ਦਾ ਸਸਕਾਰ ਕੀਤਾ ਜਾਵੇਗਾ। ਦਿਲਜਾਨ ਦੀ ਮੌਤ ‘ਤੇ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸੰਗੀਤ ਜਗਤ ਨੂੰ ਘਾਟਾ ਪੈ ਗਿਆ ਹੈ।

ਦਿਲਜਾਨ ਨੇ ਸੁਰ ਸ਼ੇਤਰ ਸੰਗੀਤਕ ਪ੍ਰੋਗਰਾਮ ਵਿੱਚ ਹਿੱਸਾ ਲਿਆ ਸੀ। ਇਸ ਵਿੱਚ ਦੱਖਣੀ ਏਸ਼ੀਆ ਅਤੇ ਪਾਕਿਸਤਾਨ ਦੇ ਗਾਇਕਾਂ ਦਾ ਮੁਕਾਬਲਾ ਕਰਵਾਇਆ ਗਿਆ ਸੀ। ਇਸ ਵਿੱਚ ਪਾਕਿਸਤਾਨ ਦੀ ਟੀਮ ਦੀ ਅਗਵਾਈ ਆਤਿਫ਼ ਅਸਲਮ ਅਤੇ ਭਾਰਤੀ ਟੀਮ ਦੀ ਹਿਮੇਸ਼ ਰੇਸ਼ਮੀਆ ਨੇ ਕੀਤੀ ਸੀ। ਇਸ ਪ੍ਰੋਗਰਾਮ ਵਿੱਚ ਦਿਲਜਾਨ ਨੇ ਪਾਕਿਸਤਾਨ ਦੇ ਪ੍ਰਤੀਭਾਗੀ ਨਬੀਲ ਸ਼ੌਕਤ ਅਲੀ ਨੂੰ ਤਕੜੀ ਟੱਕਰ ਦਿੱਤੀ ਸੀ।

33 ਸਾਲਾ ਦਿਲਜਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਰਿਐਲਿਟੀ ਸ਼ੋਅ ਸੁਰ ਸ਼ੇਤਰ ਤੋਂ ਕੀਤੀ ਸੀ। ਉਨ੍ਹਾਂ ਨੂੰ ਗਾਇਕੀ ਦੀ ਗੁੜਤੀ ਉਨ੍ਹਾਂ ਦੇ ਪਿਤਾ ਮਦਨ ਮਦਾਰ ਕੋਲੋਂ ਮਿਲੀ ਸੀ। ਉਨ੍ਹਾਂ ਦੇ ਪਿਤਾ ਪੂਰਨ ਸ਼ਾਹ ਕੋਟੀ ਦੇ ਸ਼ਾਗਿਰਦ ਸਨ ਅਤੇ ਉਨ੍ਹਾਂ ਨੇ ਆਪਣੀ ਮੁੱਢਲੀ ਸਿੱਖਿਆ ਆਪਣੇ ਪਿਤਾ ਕੋਲੋਂ ਹੀ ਹਾਸਿਲ ਕੀਤੀ ਸੀ। ਦਿਲਜਾਨ ਸਕੂਲ, ਕਾਲਜ ਦੇ ਦਿਨਾਂ ਤੋਂ ਹੀ ਗਾਇਕੀ ਵਿੱਚ ਹਿੱਸਾ ਲੈਂਦੇ ਸੀ।