Khaas Lekh

ਸਿਆਸਤ ਮੈਦਾਨ ‘ਚ ਨਹੀਂ ਖੇਡਦੀ…

‘‘ਸਿਆਸਤੀਆਂ ਨੂੰ ਲੋਕ ਚਲਾਕਾਂ ਦਾ ਝੁੰਡ ਕਹਿੰਦੇ ਨੇ। ਨਾਲੇ ਊਂ ਲੋਕ ਵੀ ਐਵੇਂ ਈ ਕੁੱਝ ਵੀ ਕਹਿ ਦਿੰਦੇ ਨੇ। ਲੋਕਾਂ ਨੂੰ ਕਹਿਣ ਤੋਂ ਕਿੱਥੇ ਫੁਰਸਤ, ਐਂਵੀਂ ਸਿਰ ਖਪਾਈ ਕਰਦੇ ਰਹਿੰਦੇ ਨੇ ਕਿ ਸਿਆਸਤ ਬਹੁਤ ਗੰਦੀ ਖੇਡ ਏ। ਲੋਕਾਂ ਨੂੰ ਸਿਆਸਤ ਚੋਂ ਕੱਲਾ ਗੰਦ ਈ ਦੀਹਦਾ। ਪਤਾ ਨਹੀਂ ਗੰਦ ਪਾਉਣ ਵਾਲੇ ਨੀ ਦੀਹਦੇ…।’’

‘ਦ ਖ਼ਾਲਸ ਬਿਊਰੋ :-(ਜਗਜੀਵਨ ਮੀਤ)
ਅਖੇ, ਜਿੰਨੇ ਮੂੰਹ ਉੰਨੀਆਂ ਗੱਲਾਂ। ਨਿੱਕੇ ਹੁੰਦੇ ਪਿੰਡਾਂ ‘ਚ ਜਦੋਂ ਕੋਈ ਲੜਾਈ ਹੋ ਜਾਣੀ ਤਾਂ ਲੜਦੇ ਲੋਕਾਂ ਦੀ ਆਵਾਜ ਘਰੋ-ਘਰੀ ਪੁੱਜ ਜਾਣੀ। ਕੋਈ ਇੱਕ ਅੱਧਾ ਘਰ ਇੰਦਾਂ ਦਾ ਵੀ ਹੁੰਦਾ ਸੀ, ਜਿਹਨਾਂ ਦੇ ਘਰ ਡਾਂਗ-ਸੋਟਾ ਚੱਲਦਾ ਈ ਰਹਿੰਦਾ ਸੀ। ਕੋਈ ਸ਼ਰਾਬੀ ਰੋਜ ਈ ਗਲ਼ੀ ‘ਚ ਮਾਹੌਲ ਬਣਾਈ ਰੱਖਦਾ। ਫਿਰ ਪਿੰਡ ਦੇ ਚਾਰ ਪੰਜ ਮੋਹਤਬਰ ਸਿੱਖਿਆ ਦੇ ਕੇ ਇਹਨਾਂ ਲੜਦੇ, ਡਿੱਗਦੇ, ਢਹਿੰਦੇ ਲੋਕਾਂ ਨੂੰ ਜੋੜੀ ਰੱਖਦੇ ਸੀ। 50-100 ਘਰਾਂ ਦਾ ਨਾਂ ਇੱਕ ਪਿੰਡ ਜੇ ਨਾਂ ਨਾਲ ਵੱਜਦਾ। ਫਿਰ ਮੁਹੱਲੇਦਾਰੀਆਂ ਦਾ ਰਿਵਾਜ ਆ ਗਿਆ। ਸੋਸਾਇਟੀਆਂ ਬਣ ਗਈਆਂ। ਮਾਂ ਕਹਿੰਦੀ ਪਿੰਡ ‘ਚ ਆਪਣੇ ਹੁੰਦੇ ਨੇ ਤੇ ਮੁਹੱਲੇ ‘ਚ ਵਣ-ਵਣ ਦੀ ਲੱਕੜੀ। ਇਹ ਵਣ-ਵਣ ਦੀ ਲੱਕੜੀ ਘੁਣ ਖਾਧੀ ਵੀ ਹੰਦੀ ਹੈ ਤੇ ਚਿਰਾਂ ਤੱਕ ਰਹਿਣ ਵਾਲੀ ਵੀ। ਇਸ ਲੱਕੜ ‘ਤੇ ਬੜਾ ਕੁੱਝ ਟਿਕਿਆ ਹੁੰਦਾ ਏ। ਸਿਆਸੀ ਰੰਗ ਇੱਕੋ ਜਿਹਾ ਹੁੰਦਾ ਤਕਰੀਬਨ ਸਾਰੇ ਪਾਸੇ। ਸਿਆਸੀ ਲੋਕ ਮਿੱਠਾ ਬਹੁਤ ਬੋਲਦੇ ਨੇ, ਇਹ ਵਿਸ਼ੇਸ਼ਤਾ ਚ ਗਿਣ ਸਕਦੇ ਆਂ। ਲੋਕਾਂ ਦੇ ਨੁਮਾਇੰਦੇ ਲੋਕਾਂ ਨਾਲੋਂ ਵਿੱਥ ਬਣਾ ਕੇ ਤੁਰਦੇ, ਸਰਦਾ ਫਿਰ ਵੀ ਨੀ ਲੋਕਾਂ ਬਗੈਰ। ਬਸ ਇਹਲੋਕਾਂ ਦੀਆਂ ਰਗਾਂ ਟੋਂਹਦੇ ਰਹਿੰਦੇ ਨੇ 24 ਘੰਟੇ। ਦੁੱਖ ਸੁੱਖ ਫੋਲੀ ਜਾਣਾ, ਜਨਮ ਮਰਗ ‘ਤੇ ਰੋਣ-ਧੋਣ ਹਾਸੇ ਠੱਠੇ ਕਰੀ ਜਾਣੇ। ਆਪਣਾ ਚਿੱਟਾ ਕੁੜਤਾ ਉੱਦਾਂ ਸਾਫ ਰੱਖਣਾ। ਇਹ ਗੁਣ ਆਮ ਬੰਦੇ ‘ਚ ਏਡੀ ਛੇਤੀ ਨਹੀਂ ਆਉਂਦੇ, ਇਹ ਪ੍ਰਾਪਤੀ ਕਈ ਪੁੱਛਤਾਂ ਦੀ ਘਾਲਣਾ ਮਗਰੋਂ ਅਹੁੱੜਦੀ ਏ।


ਇੱਕ ਵਾਰ ਕੋਈ ਆਪਣੇ ਬਾਪੂ ਨੂੰ ਸਵਾਲ ਕਰਨ ਲੱਗ ਪਿਆ ਅਖੇ, ਜੇ ਫਲਾਣਾ ਮਰ ਗਿਆ ਤਾਂ ਸਰਪੰਚ ਕੌਣ ਬਣੂੰ, ਬਾਪੂ ਕਹਿੰਦਾ ਫਿਰ ਫਲਾਣਾ ਬਣ ਜੂ। ਕਾਕੇ ਨੇ ਫਿਰ ਸਵਾਲ ਕੀਤਾ ਕਿ ਅਖੇ ਜੇ ਫਲਾਣਾ ਮਰ ਗਿਆ ਫਿਰ ਕੌਣ ਬਣੂੰ। ਬਾਪੂ ਕਹਿੰਦਾ ਫਿਰ ਉਹ ਫਲਾਣਾ ਬਣ ਜੂ। ਕਾਕਾ ਕਹਿੰਦਾ ਜੇ ਉਹ ਵੀ ਮਰ ਗਿਆ ਫਿਰ, ਤਾਂ ਬਾਪੂ ਨੇ ਬੜਾ ਸੋਚ ਕੇ ਜਵਾਬ ਦਿੱਤਾ ਕਿ ਚਾਹੇ ਸਾਰਾ ਪਿੰਡ ਮਰ ਜਾਏ, ਤੂੰ ਸਰਪੰਚ ਨੀ ਬਣ ਸਕਦਾ। ਅਸਲ ‘ਚ ਬਾਪੂ ਨੂੰ ਪਤਾ ਸੀ ਕਿ ਉਪਰਲਾ ਕੋਈ ਵੀ ਗੁਣ ਮੇਰੇ ਮੁੰਡੇ ‘ਚ ਹੈ ਨੀ ਤੇ ਬਿਨ੍ਹਾਂ ਇਹਨਾਂ ਗੁਣਾਂ ਤੋਂ ਇਹ ਸਰਪੰਚ ਨੀ ਬਣ ਸਕਦਾ।
ਸਿਆਸਤੀਆਂ ਨੂੰ ਲੋਕ ਚਲਾਕਾਂ ਦਾ ਝੁੰਡ ਕਹਿੰਦੇ ਨੇ। ਨਾਲੇ ਊਂ ਲੋਕ ਵੀ ਐਵੇਂ ਈ ਕੁੱਝ ਵੀ ਕਹਿ ਦਿੰਦੇ ਨੇ। ਲੋਕਾਂ ਨੂੰ ਕਹਿਣ ਤੋਂ ਕਿੱਥੇ ਫੁਰਸਤ, ਐਂਵੀਂ ਸਿਰ ਖਪਾਈ ਕਰਦੇ ਰਹਿੰਦੇ ਨੇ ਕਿ ਸਿਆਸਤ ਬਹੁਤ ਗੰਦੀ ਖੇਡ ਏ। ਲੋਕਾਂ ਨੂੰ ਸਿਆਸਤ ‘ਚੋਂ ਕੱਲਾ ਗੰਦ ਈ ਦੀਹਦਾ। ਪਤਾ ਨਹੀਂ ਗੰਦ ਪਾਉਣ ਵਾਲੇ ਨੀ ਦੀਹਦੇ।
ਸਾਡਾ ਇਕ ਬਾਬਾ ਹੁੰਦਾ ਸੀ ਦੌਲੀ ਰਾਮ। ਉਹਨੇ ਕਹਿਣਾ ਸਿਆਸੀ ਬੰਦਾ ਤਾਂ ਆਪਣੇ ਪਿਓ ਦਾ ਸਕਾ ਨਹੀਂ ਹੁੰਦਾ। ਊਂ ਯਾਦ ਆ ਰਿਹਾ ਦੌਲੀ ਬਾਬੇ ਦਾ ਆਪਣਾ ਮੁੰਡਾ ਪੰਚ ਸੀ ਪਿੰਡ ਦਾ। ਪਤਾ ਨਹੀਂ ਜਦ ਬਾਬਾ ਦੌਲੀ ਇਹ ਗੱਲ ਕਹਿੰਦਾ ਹੁੰਦਾ ਸੀ ਤਾਂ ਬਾਬੇ ਦਾ ਮੁੰਡਾ ਕਿਉਂ ਕੈੜਾ ਕੈੜਾ ਝਾਕਦਾ ਸੀ ਬਾਬੇ ਅੱਲ। ਛੱਡੋ ਆਪਾਂ ਕੀ ਲੈਣਾ ਹੋਓ ਕੋਈ ਪਿਓ ਪੁੱਤ ਦੀ ਗੁੱਝੀ ਗੱਲ।


ਨਿੱਕੇ ਹੁੰਦੇ ਸਕੂਲ ਦਾ ਕੋਈ ਪ੍ਰੋਗਰਾਮ ਹੋਣਾ ਤਾਂ ਮੂਹਰਲੀਆਂ ਕੁਰਸੀਆਂ ‘ਤੇ ਮਾਸਟਰਾਂ ਨੇ ਸਣੇ ਪ੍ਰਿੰਸੀਪਲ ਬਹਿਣਾ, ਕੋਈ ਚਿੱਟੇ ਜਿਹੇ ਕੱਪੜਿਆਂ ਵਾਲਾ ਬੰਦਾ ਵੱਡੇ ਸਾਰੇ ਢਿੱਡ ਨਾਲ ਬਿਟਰ ਬਿਟਰ ਝਾਕਦਾ ਰਹਿੰਦਾ ਨਿੱਕੇ ਨਿਆਣਿਆਂ ਨੂੰ। ਕੋਈ ਬੰਦਾ ਘੜੀ ਮੁੜੀ ਉਹਦੇ ਕੰਨ ‘ਚ ਪਤਾ ਨਹੀਂ ਕੀ ਕਹਿੰਦਾ ਰਹਿੰਦਾ। ਅਸੀਂ ਸੋਚੀ ਜਾਣਾ ਕੌਣ ਹੋਊ ਇਹ ਭੜਕੀਲਾ ਜਿਹਾ ਬੰਦਾ। ਐੱਮਐੱਲਏ…ਆਹ ਪਤਾ ਨਹੀਂ ਕਿਆ ਹੁੰਦਾ, ਪਤਾ ਨਹੀਂ ਉਹ ਬੰਦਾ ਹੀ ਹੋਣਾ, ਕਿਸੇ ਨੇ ਕਹੀ ਜਾਣਾ ਡੀਈਓ ਸੀ ਓਏ, ਇਹ ਕਿਹੜੀ ਸ਼ੈਅ ਹੁੰਦੀ ਡੀਈਓ…ਸਾਡੇ ਪੱਲੇ ਇਹ ਡੀਈਓ ਤੇ ਐੱਮਐੱਲਏ ਸੱਤਵੀਂ ਜਮਾਤ ‘ਚ ਆਕੇ ਪਏ। ਉਹ ਵੀ ਦੱਸਦਾ ਕਿੱਦਾਂ…। ਪੱਕੇ ਪੇਪਰਾਂ ਆਲੇ ਦਿਨ ਕੋਈ ਮੁੰਡਾ ਫੜਿਆ ਗਿਆ ਸੀ ਕਿਸੇ ਹੋਰ ਮੁੰਡੇ ਦੀ ਥਾਂ ਪੇਪਰ ਦਿੰਦਾ। ਸਾਡੇ ਸ਼ਰੀਰ ਸੁੰਨ ਹੋ ਗਏ। ਮਾਸਟਰ ਮੁੰਡੇ ਨੂੰ ਸੁਪਰਡੈਂਟ ਦੇ ਕਮਰੇ ‘ਚ ਲੈ ਗਿਆ। ਉੱਦਣ ਤਾਂ ਗੱਲ ਮੁੱਕ ਗਈ, ਤੀਜੇ ਦਿਨ ਓਹੀ ਮੰਡਾ, ਨਾਲ ਇੱਕ ਹੋਰ ਮੁੰਡਾ ਵੱਡੇ ਢਿੱਡ ਵਾਲਾ ਸ਼ੈਦ ਉਹੀ ਐੱਮਐਲਏ ਪ੍ਰਿੰਸੀਪਲ ਦੇ ਕਮਰੇ ਚੋਂ ਨਿਕਲੇ। ਪਤਾ ਨਹੀਂ ਕੀ ਕੜਾਹ ਪੱਕਿਆ। ਮੁੜ ਕੇ ਉਹ ਗੱਲ ਨਹੀਂ ਉੱਠੀ ਨਾ ਆਪਾਂ ਸੁਣੀ ਭਈ ਹੋਇਆ ਕੀ ਕਿਸੇ ਹੋਰ ਦੀ ਥਾਂ ਪੇਪਰ ਦੇਣ ਆਲੇ ਮੁੰਡੇ ਨਾਲ। ਉਹ ਵੀ ਸਕੂਲ ਈ ਘੁੰਮਦਾ ਫਿਰਦਾ ਦਿਸਿਆ।


ਚਾਰ ਧੌਲੇ ਚਿਟੇ ਆਏ ਤਾਂ ਪਤਾ ਲੱਗਿਆ ਕਿ ਗੰਢ-ਤੁੱਪ ਦਾ ਅਸਲੀ ਮਤਲਬ ਕੀ ਹੁੰਦਾ ਹੈ। ਪਿੰਡ ਦੇ ਉਹ ਦੋ ਚਾਰ ਮੋਹਤਬਰ ਸਾਰੀ ਉਮਰ ਪੰਜ ਸੱਤ ਗੱਲਾਂ ਨਾਲ ਮੋਹਤਬਰ ਕਿੱਦਾ ਬਣੇ ਰਹਿੰਦੇ ਨੇ। ਫਲਾਣਾ ਬੰਦਾ ਜਿਹੜਾ ਸਰਪੰਚ ਬਣਨਾ ਚਾਹੁੰਦਾ ਸੀ, ਉਹਦੇ ‘ਚ ਕਿਹੜੇ ਗੁਣ ਨੀ ਸੀ ਜਿਹਦੀ ਕਰਕੇ ਉਹਦੇ ਬਾਪੂ ਨੇ ਚਪੇੜ ਵਰਗਾ ਜਵਾਬ ਉਹਦੇ ਮੂੰਹ ਤੇ ਧਰ ਦਿੱਤਾ ਸੀ। ਤੇ ਮੁੱਕਦੀ ਗੱਲ…ਪਤਾ ਹੁਣ ਲੱਗਿਆ ਕਿ ਚਿੱਟੇ ਕੱਪੜਿਆਂ ਵਾਲਿਆਂ ਦੇ ਕੰਨ ‘ਚ ਜਿਹੜੇ ਬੰਦੇ ਗੱਲ ਕਹਿੰਦੇ ਨੇ ਉਹ ਕੌਣ ਹੁੰਦੇ ਨੇ ਤੇ ਜਿਹੜਾ ਮੁੰਡਾ ਜਮਾਤੀਆਂ ਮੂਹਰੇ ਕੰਨੋਂ ਫੜਕੇ ਬਾਹਰ ਲਿਜਾਇਆ ਗਿਆ ਸੀ, ਵੱਡੇ ਢਿੱਡ ਤੇ ਚਿੱਟੇ ਕੱਪੜਿਆਂ ਵਾਲੇ ਸਣੇ ਪ੍ਰਿੰਸੀਪਲ ਕਿਹੜੀ ਗੱਲ ਕਰਕੇ ਹੱਸਦਾ ਬਾਹਰ ਆ ਰਿਹਾ ਸੀ।
…ਨਾਲੇ ਬਾਬੇ ਦੌਲੀ ਰਾਮ ਦਾ ਇਸ਼ਾਰਾ ਠੀਕ ਈ ਸੀ, ਅਖੇ, ਸਿਆਸੀ ਬੰਦਾ ਤਾਂ ਆਪਣੇ ਪਿਓ ਦਾ ਸਕਾ ਨੀ ਹੁੰਦਾ।

Comments are closed.