Punjab

“ਹੁਣ ਮੀਟਿੰਗ ਨਹੀਂ, ਫੈਸਲਾ ਹੋਊ”, ਕਿਸਾਨ ਜਥੇਬੰਦੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਦਿੱਤੀ ਚਿਤਾਵਨੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਪੂਰੇ ਪੰਜਾਬੀਆਂ ਅਤੇ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਨੂੰ ਦਿੱਲੀ ਵਿੱਚ ਬਹਾਦਰੀ ਦੇ ਨਾਲ ਧਰਨਾ ਲਾਉਣ ‘ਤੇ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਹਾਲੇ ਵੀ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ। ਪੰਧੇਰ ਨੇ ਕਿਹਾ ਕਿ ਸਰਕਾਰਾਂ ਕਿਸਾਨੀ ਅੰਦੋਲਨ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਕਿਸੇ ਵੀ ਕਿਸਾਨ ਜਥੇਬੰਦੀਆਂ ਵਿੱਚ ਕੋਈ ਵੀ ਫੁੱਟ ਨਹੀਂ ਹੈ, ਬਸ ਵਿਚਾਰਾਂ ਦੇ ਤਰਕ-ਵਿਵਾਦ ਹੁੰਦੇ ਰਹਿੰਦੇ ਹਨ।

ਪੰਧੇਰ ਨੇ ਕਿਸਾਨਾਂ ਨੂੰ ਨੈਸ਼ਨਲ ਮੀਡੀਆ ਤੋਂ ਸੁਚੇਤ ਕਰਦਿਆਂ ਕਿਹਾ ਕਿ ਨੈਸ਼ਨਲ ਮੀਡੀਆ ਸਾਡੇ ਮੂੰਹੋਂ ਗੱਲਾਂ ਕਢਵਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਜੋ ਸਾਨੂੰ ਬਦਨਾਮ ਕੀਤਾ ਜਾ ਸਕੇ। ਇਸ ਲਈ ਇਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਪੰਧੇਰ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਖੱਟਰ ਸਾਡੇ ‘ਤੇ ਖਾਲਸਤਾਨੀ ਹੋਣ ਦਾ ਠੱਪਾ ਲਗਾ ਰਿਹਾ ਹੈ। ਜਦੋਂ ਅਸੀਂ ਸੂਬਿਆਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਰਦੇ ਹਾਂ ਤਾਂ ਉਦੋਂ ਸਾਰੇ ਦੇਸ਼ ਦੇ ਸੂਬਿਆਂ ਵਾਸਤੇ ਗੱਲ ਕਰਦੇ ਹਾਂ ਤਾਂ ਕਿ ਕੇਂਦਰ ਦੀਆਂ ਸ਼ਕਤੀਆਂ ਵਿਕੇਂਦਰੀਕਰਨ ਹੋਵੇ।

ਉਨ੍ਹਾਂ ਨੇ ਕਿਸਾਨਾਂ ਨੂੰ ਹੱਲਾਸ਼ੇਰੀ ਦਿੰਦਿਆਂ ਕਿਹਾ ਕਿ ਇਹ ਇੱਕ ਲੰਬੀ ਲੜਾਈ ਹੈ, ਇਸ ਵਿੱਚ ਅੱਕਣਾ ਜਾਂ ਥੱਕਣਾ ਨਹੀਂ ਹੈ। ਦਿੱਲੀ ਦੀ ਬੈਰੀਕੇਡਿੰਗ ਕੇਂਦਰ ਸਰਕਾਰ ਨੇ ਕੀਤੀ ਹੈ। ਉਹਦੇ ਵਿਰੋਧ ਵਿੱਚ ਸਾਡੇ ਕਿਸਾਨਾਂ ਨੇ ਧਰਨਾ ਲਾਇਆ ਹੈ। ਭਾਜਪਾ, ਸਾਰਾ ਦੇਸ਼ ਜੰਤਰ-ਮੰਤਰ ‘ਤੇ ਧਰਨਾ ਲਾਉਂਦਾ ਹੈ ਤਾਂ ਕਿਸਾਨ ਕਿਉਂ ਨਹੀਂ ਜੰਤਰ-ਮੰਤਰ ‘ਤੇ ਧਰਨਾ ਲਾ ਸਕਦੇ। ਪੰਧੇਰ ਨੇ ਅਮਿਤ ਸ਼ਾਹ ਦੇ ਸੱਦੇ ਦਾ ਜਵਾਬ ਦਿੰਦਿਆਂ ਕਿਹਾ ਕਿ ਤੁਹਾਨੂੰ ਕਿਸਾਨ ਲੀਡਰਾਂ ਨੇ ਸੱਤ ਘੰਟੇ ਬੈਠ ਕੇ ਖੇਤੀ ਕਾਨੂੰਨਾਂ ਦੀ ਸਾਰੀ ਗੱਲ ਸਮਝਾ ਦਿੱਤੀ ਹੈ, ਇਸ ਲਈ ਹੁਣ ਮੀਟਿੰਗ ਨਹੀਂ, ਫੈਸਲਾ ਕਰੋ।

ਪੰਧੇਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਲਕਾਰਦਿਆਂ ਕਿਹਾ ਕਿ ਮੋਦੀ ਨੂੰ ਸਮਾਂ ਰਹਿੰਦੇ ਫੈਸਲਾ ਕਰ ਲੈਣਾ ਚਾਹੀਦਾ ਹੈ। ਮੋਦੀ ਨੂੰ ਵਿਸ਼ਵ ਭਰ ਸੰਸਥਾ ਦੇ ਦਬਾਅ ਹੇਠਾਂ ਨਹੀਂ ਆਉਣਾ ਚਾਹੀਦਾ, ਤਾਕਤਵਾਰ ਦੇਸ਼ ਦਾ ਪ੍ਰਧਾਨ ਮੰਤਰੀ ਉਹੀ ਹੁੰਦਾ ਹੈ ਜੋ ਦੇਸ਼ ਦੇ ਲੋਕਾਂ ਦੇ ਹੱਕ ਵਿੱਚ ਫੈਸਲਾ ਕਰੇ। ਜੇ ਭਾਰਤ ਦਾ ਲੋਕਤੰਤਰ ਹੈ ਤਾਂ ਤੁਹਾਨੂੰ ਪੰਜਾਬੀਆਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਤੁਹਾਨੂੰ ਕਿਸਾਨਾਂ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਪੰਜਾਬ ਵੀ ਦੇਸ਼ ਵਿੱਚ ਆਉਂਦਾ ਹੈ। ਇਹ ਖੇਤੀ ਕਾਨੂੰਨ ਤੁਸੀਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਲਿਆਂਦੇ ਹਨ, ਇਸ ਲਈ ਸਾਡਾ ਕਾਰਪੋਰੇਟ ਖਿਲਾਫ ਧਰਨਾ ਜਾਰੀ ਰਹੇਗਾ।

ਪੰਧੇਰ ਨੇ ਕਿਸਾਨ ਜਥੇਬੰਦੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਡੇ ਕਿਸਾਨ ਲੀਡਰਾਂ ਨੇ ਲਹਿਰਾਂ ਖੜੀਆਂ ਕਰਨ ਵਿੱਚ ਆਪਣੀਆਂ ਸਾਰੀਆਂ ਉਮਰਾਂ ਲਾਈਆਂ ਹਨ। ਜਥੇਬੰਦੀਆਂ ਫੈਸਲੇ ਆਮ ਜਨਤਾ ਦੀ ਸਹਿਮਤੀ ਬਣਾ ਕੇ ਹੀ ਕਰਨਗੀਆਂ। ਅਸੀਂ ਦਿੱਲੀ ਦੇ ਖਿਲਾਫ ਪੂਰਾ ਲੜਾਂਗੇ, ਬਸ ਘਬਰਾਇਉ ਨਾ ਅਤੇ ਨਾ ਹੀ ਹੌਂਸਲਾ ਛੱਡਿਉ ਅਤੇ ਨਿਰਾਸ਼ ਨਾ ਹੋਇਉ। ਸਿਆਸੀ ਪਾਰਟੀਆਂ ਸਾਡੇ ਅੰਦੋਲਨ ਵਿੱਚ ਦਾਖਲ ਹੋਣਾ ਚਾਹੁੰਦੀਆਂ ਹਨ ਪਰ ਅਸੀਂ ਉਨ੍ਹਾਂ ਨੂੰ ਦਾਖਲ ਨਹੀਂ ਹੋਣ ਦਿਆਂਗੇ। ਸਿਆਸੀ ਪਾਰਟੀਆਂ ਸਾਡਾ ਕਦੇ ਭਲਾ ਨਹੀਂ ਕਰ ਸਕਦੀਆਂ। ਪੰਧੇਰ ਨੇ ਕਿਹਾ ਕਿ ਮੈਂ ਆਸ ਰੱਖਦਾ ਹਾਂ ਕਿ ਕੇਂਦਰ ਸਰਕਾਰ ਸੁਚੇਤ ਹੋ ਕੇ ਫੈਸਲਾ ਕਰੇਗੀ।