India Punjab

ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਨੂੰ ਆਪਣੇ ਭਰਾ ਦੀ ਕੁੱਟਮਾਰ ਕਰਨ ‘ਤੇ ਦਿੱਤੀ ਖੁੱਲੀ ਚਿਤਾਵਨੀ, ਨਵਜੋਤ ਸਿੱਧੂ ਨੂੰ ਵੀ ਚੜ੍ਹੀ ਗਰਮੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਪੁਲਿਸ ਉੱਤੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਦੀ ਕੁੱਟ-ਮਾਰ ਕਰਨ ਦੇ ਦੋਸ਼ ਲੱਗੇ ਹਨ। ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਦੇ ਭਰਾ ਗੁਰਦੀਪ ਸਿੰਘ ਨੂੰ 9 ਅਪ੍ਰੈਲ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਸੀ ਅਤੇ ਉਸਦੇ ਨਾਲ ਉਸਦੇ ਦੋਸਤ ਗੁਰਪ੍ਰੀਤ ਸਿੰਘ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਇਸ ਗੱਲ ਦਾ ਖੁਲਾਸਾ ਲੱਖਾ ਸਿਧਾਣਾ ਨੇ ਕੀਤਾ ਸੀ। ਗੁਰਦੀਪ ਸਿੰਘ ਉਸ ਦਿਨ ਪਟਿਆਲੇ ਪੇਪਰ ਦੇਣ ਗਿਆ ਸੀ।

ਲੱਖਾ ਸਿਧਾਣਾ ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ ‘ਤੇ ਸਵਾਲ ਚੁੱਕਦਿਆਂ ਕਿਹਾ ਹੈ ਕਿ ਦਿੱਲੀ ਪੁਲਿਸ ਪਟਿਆਲਾ ਵਿੱਚ ਆ ਕੇ ਕਿਵੇਂ ਪੰਜਾਬ ਪੁਲਿਸ ਦੀ ਜਾਣਕਾਰੀ ਤੋਂ ਬਿਨਾਂ ਕਿਸੇ ਨੂੰ ਇਸ ਤਰ੍ਹਾਂ ਚੁੱਕ ਸਕਦੀ ਹੈ। ਸਿਧਾਣਾ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪੁਲਿਸ ਲੱਖਾ ਸਿਧਾਣਾ ‘ਤੇ ਕਿਸਾਨੀ ਅੰਦੋਲਨ ਤੋਂ ਪਿੱਛੇ ਹਟਣ ਲਈ ਦਬਾਅ ਬਣਾ ਰਹੀ ਹੈ।

ਲੱਖਾ ਸਿਧਾਣਾ ਨੇ ਇਸ ਘਟਨਾ ਤੋਂ ਮਗਰੋਂ ਸਾਰੇ ਪੰਜਾਬੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਅਜਿਹਾ ਕਿਸੇ ਨਾਲ ਵੀ ਹੋ ਸਕਦਾ ਹੈ। ਇਸ ਲਈ ਹੁਣ ਆਵਾਜ਼ ਚੁੱਕਣ ਦੀ ਲੋੜ ਹੈ। ਉਨ੍ਹਾਂ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਨਾਲਾਇਕੀ ਉੱਤੇ ਵੀ ਸਵਾਲ ਚੁੱਕੇ ਹਨ। ਲੱਖਾ ਸਿਧਾਣਾ ਨੇ ਕਿਹਾ ਕਿ ਆਉਂਦੇ ਦਿਨਾਂ ਵਿੱਚ ਦਿੱਲੀ ਪੁਲਿਸ ਹੋਰ ਨੌਜਵਾਨਾਂ ਖਿਲਾਫ ਵੀ ਕਾਰਵਾਈ ਕਰ ਸਕਦੀ ਹੈ। ਪੁਲਿਸ ਵੱਡੀ ਗਿਣਤੀ ਵਿੱਚ ਨੌਜਵਾਨਾਂ ਦੀਆਂ ਲਿਸਟਾਂ ਬਣਾਈ ਬੈਠੀ ਹੈ। ਇਸ ਲਈ ਤਕੜੇ ਹੋ ਜਾਵੋ ਅਤੇ ਜੇਕਰ ਪਿੰਡ ਵਿੱਚ ਕਿਸੇ ਨੌਜਵਾਨ ਦੀ ਗ੍ਰਿਫਤਾਰੀ ਲਈ ਪੁਲਿਸ ਆਉਂਦੀ ਹੈ ਤਾਂ ਉਸ ਦਾ ਡਟ ਕੇ ਵਿਰੋਧ ਕੀਤਾ ਜਾਵੇ।

ਲੱਖਾ ਸਿਧਾਣਾ ਨੇ ਕਿਸਾਨ ਜਥੇਬੰਦੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਦਿੱਲੀ ਪੁਲਿਸ ਖਿਲਾਫ ਕੇਸ ਦਰਜ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਇਸ ਬਾਰੇ ਰਣਨੀਤੀ ਬਣਾਈ ਜਾਵੇਗੀ।

ਉੱਧਰ, ਨਵਜੋਤ ਸਿੰਘ ਸਿੱਧੂ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਦਿੱਲੀ ਪੁਲਿਸ ਦਾ ਸਾਡੇ ਅਧਿਕਾਰ ਖੇਤਰ ‘ਚ ਆ ਕੇ ਪੰਜਾਬੀਆਂ ‘ਤੇ ਤਸ਼ੱਦਦ ਕਰਨਾ ਸ਼ਰਮਨਾਕ ਹੈ। ਉਹਨਾਂ ਕਿਹਾ ਕਿ ਇਹ ਪੰਜਾਬ ਦੇ ਨਿਯਮਾਂ ਦੀ ਉਲੰਘਣਾ ਹੈ।