Punjab

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਬਦਲਿਆ ਦਿੱਲੀ ਜਾਣ ਦਾ ਪ੍ਰੋਗਰਾਮ, ਉਲੀਕੀ ਨਵੀਂ ਰਣਨੀਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਅੱਜ ਜੰਡਿਆਲਾ ਗੁਰੂ, ਅੰਮ੍ਰਿਤਸਰ ਦੇ ਰੇਲਵੇ ਟਰੈਕ ਨੂੰ ਰਾਤ ਦੇ ਕਰੀਬ 3 ਵਜੇ ਜਾਮ ਕਰ ਦਿੱਤਾ ਸੀ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੱਲ੍ਹ ਸ਼ਾਮ ਕੈਪਟਨ ਸਰਕਾਰ ਵੱਲੋਂ ਅਧਿਕਾਰੀਆਂ ਦੁਆਰਾ ਜਥੇਬੰਦੀ ‘ਤੇ ਦਬਾਅ ਬਣਇਆ ਗਿਆ ਅਤੇ ਰਾਤ ਹੀ ਪੁਲਿਸ ਫੋਰਸਾਂ ਤਾਇਨਾਤ ਕਰ ਦਿੱਤੀਆਂ ਗਈਆਂ ਅਤੇ ਸਟੇਸ਼ਨ ਉੱਪਰ ਬੈਰੀਕੇਡਿੰਗ ਕਰ ਦਿੱਤੀ ਗਈ।

ਪੰਧੇਰ ਨੇ ਕਿਹਾ ਕਿ ‘ਸਾਡਾ ਅੰਦੋਲਨ ਕੇਂਦਰ ਸਰਕਾਰ ਦੇ ਖਿਲਾਫ ਹੈ ਅਤੇ ਅਸੀਂ ਯਾਤਰੀ ਗੱਡੀਆਂ ਨਹੀਂ ਚੱਲਣ ਦੇਵਾਂਗੇ। ਅਸੀਂ ਤਿੰਨ ਮਾਲ ਗੱਡੀਆਂ ਲੰਘਾਈਆਂ ਹਨ,  ਜਿਨ੍ਹਾਂ ਵਿੱਚੋਂ ਦੋ ਮਾਲ ਗੱਡੀਆਂ ਯੂਰੀਆ ਦੀਆਂ ਸਨ ਅਤੇ ਇੱਕ ਪਾਰਸਲ ਦੀ ਸੀ। ਹੁਣ ਸਾਡੀ ਜਥੇਬੰਦੀ ਨੇ ਫੈਸਲਾ ਕਰਕੇ ਟਰੈਕ ਵਿਹਲਾ ਕਰ ਦਿੱਤਾ ਹੈ ਅਤੇ ਆਪਣਾ ਮੋਰਚਾ ਰੇਲ ਲਾਈਨਾਂ ਦੇ ਹੇਠਾਂ ਤਬਦੀਲ ਕੀਤਾ ਹੈ। ਸਾਡੀ ਜਥੇਬੰਦੀ 2 ਵਜੇ ਤੋਂ ਲੈ ਕੇ 4 ਵਜੇ ਤੱਕ ਟਰੈਕ ਜਾਮ ਕਰਕੇ ਪ੍ਰਦਰਸ਼ਨ ਕਰਿਆ ਕਰੇਗੀ ਅਤੇ ਬਾਕੀ 22 ਘੰਟਿਆਂ ਦੇ ਵਾਸਤੇ ਮਾਲ ਗੱਡੀਆਂ ਦੇ ਲਈ ਲਾਂਘਾ ਖੋਲ੍ਹੇਗੀ। ਸਾਡੇ ਪੰਜ ਬੰਦੇ ਨਿਗਰਾਨੀ ਕਰਨ ਲਈ ਪਲੇਟਫਾਰਮ ‘ਤੇ ਰਹਿਣਗੇ’।

ਉਨ੍ਹਾਂ ਕਿਹਾ ਕਿ ‘ਇਸ ਪ੍ਰੋਗਰਾਮ ਕਰਕੇ ਹੁਣ ਅਸੀਂ ਦਿੱਲੀ ਨੂੰ 27 ਨਵੰਬਰ ਨੂੰ ਰਵਾਨਾ ਹੋਵਾਂਗੇ। ਸਾਡੀ ਕੈਪਟਨ ਨਾਲ ਕੋਈ ਮੀਟਿੰਗ ਨਹੀਂ ਹੈ ਅਤੇ ਜੇ ਉਨ੍ਹਾਂ ਦੀ ਮਰਜ਼ੀ ਹੋਵੇਗੀ ਤਾਂ ਉਹ ਪੰਜਾਬ ਦੀਆਂ ਮੰਗਾਂ ‘ਤੇ ਮੀਟਿੰਗ ਕਰ ਲੈਣ ਅਤੇ ਜੇਕਰ ਉਹ ਮੀਟਿੰਗ ਨਹੀਂ ਕਰਦੇ ਤਾਂ ਅਸੀਂ ਕਿਸਾਨਾਂ ਦੇ ਅੰਦੋਲਨ ਦੇ ਦਬਾਅ ਹੇਠ ਆਪਣੀਆਂ ਮੰਗਾਂ ਮਨਵਾਵਾਂਗੇ’।