India

370 ਹਟਾਏ ਜਾਣ ਮਗਰੋਂ ਵੀ ਅਸੀਂ ਅਜ਼ਾਦ ਨਹੀਂ : ਨਈਮ ਅਖ਼ਤਰ

‘ਦ ਖ਼ਾਲਸ ਬਿਊਰੋ :-  ਸ੍ਰੀਨਗਰ ‘ਚ ਪੀਪਲਜ਼ ਡੈਮੋਕਰੈਟਿਕ ਪਾਰਟੀ (PDP) ਦੇ ਜਨਰਲ ਸਕੱਤਰ ਜੀ ਐੱਨ ਲੋਨ ਹੰਜਰਾ ਨੇ ਕੱਲ੍ਹ 3 ਸਤੰਬਰ ਨੂੰ ਪਾਰਟੀ ਹੈੱਡਕੁਆਰਟਰ ’ਚ ਬੈਠਕ ਸੱਦੀ ਸੀ, ਜੋ ਕਿ ਪੁਲਿਸ ਨੇ ਹੋਣ ਨਹੀਂ ਦਿੱਤੀ। ਇਸ ਬੈਠਕ ਲਈ ਪੁਲਿਸ ਨੇ ਕਈ ਆਗੂਆਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਹੀ ਨਹੀਂ ਨਿਕਲਣ ਦਿੱਤਾ।

ਦੱਸਣਯੋਗ ਹੈ ਕਿ ਪਿਛਲੇ ਸਾਲ ਧਾਰਾ 370 ਹਟਾਏ ਜਾਣ ਮਗਰੋਂ ਪਾਰਟੀ ਦੀ ਇਹ ਪਹਿਲੀ ਬੈਠਕ ਮੰਨੀ ਜਾ ਰਹੀ ਸੀ। ਸੀਨੀਅਰ ਪਾਰਟੀ ਆਗੂ ਤੇ ਪੀਡੀਪੀ ਦੇ ਸਾਬਕਾ ਮੰਤਰੀ ਨਈਮ ਅਖ਼ਤਰ ਨੇ ਟਵਿੱਟਰ ਜ਼ਰੀਏ ਇੱਕ ਵੀਡੀਓ ਪਾ ਕੇ ਦੱਸਿਆ ਕਿ ਉਨ੍ਹਾਂ ਨੂੰ ਪੁਲੀਸ ਨੇ ਰੋਕ ਦਿੱਤਾ ਹੈ। ਅਖ਼ਤਰ ਨੇ ਇੱਕ ਟਵੀਟ ‘ਚ ਲਿਖਿਆ ਕਿ ਕਾਗਜ਼ਾਂ ‘ਤੇ ਹਾਈ ਕੋਰਟ ਤੇ ਸੁਪਰੀਮ ਕੋਰਟ ’ਚ ਸਰਕਾਰੀ ਦਾਅਵਿਆਂ ਦੇ ਬਾਵਜੂਦ ਵੀ ਉਹ ਆਜ਼ਾਦ ਨਹੀਂ ਹਨ, ਅਤੇ ਪੀਡੀਪੀ ਲੀਡਰਸ਼ਿਪ ਲਗਾਤਾਰ ਗ਼ੈਰਕਾਨੂੰਨੀ ਹਿਰਾਸਤ ’ਚ ਹੈ।

ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦੀ ਧੀ ਇਲਤਿਜਾ ਮੁਫ਼ਤੀ ਨੇ ਟਵੀਟ ਕਰ ਕੇ ਪ੍ਰਸ਼ਾਸਨ ਤੇ ਪੁਲੀਸ ਵੱਲੋਂ ਪੀਡੀਪੀ ਆਗੂਆਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਉਹ ਬੇਸ਼ਰਮੀ ਨਾਲ ਝੂਠ ਬੋਲ ਕੇ ਅਦਾਲਤਾਂ ਨੂੰ ਦੱਸਦੇ ਹਨ, ਕਿ ਆਗੂ ਆਜ਼ਾਦ ਹਨ ਅਤੇ ਕਿਤੇ ਵੀ ਜਾ ਸਕਦੇ ਹਨ, ਪਰ ਫਿਰ ਉਨ੍ਹਾਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਘਰ ’ਚ ਡੱਕ ਦਿੱਤਾ ਜਾਂਦਾ ਹੈ।