Punjab

ਬਿਹਾਰ ਦੇ ਕਿਸਾਨਾਂ ਤੋਂ ਕਣਕ ਲੁੱਟ ਕੇ ਲਿਆਏ ਵਪਾਰੀਆਂ ਨੂੰ ਪੰਜਾਬ ਦੇ ਕਿਸਾਨਾਂ ਨੇ ਪਾਇਆ ਘੇਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਪਨਗਰ ਨੇੜੇ ਪਿੰਡ ਸੋਲਖੀਆਂ ਵਿਖੇ ਕਿਸਾਨਾਂ ਨੇ ਬਾਹਰੀ ਸੂਬਿਆਂ ਤੋਂ ਪੰਜਾਬ ਵਿੱਚ ਵੇਚਣ ਲਈ ਲਿਆਂਦੀ ਗਈ ਕਣਕ ਦੇ ਵਿਰੋਧ ਵਿੱਚ ਰੂਪਨਗਰ-ਚੰਡੀਗੜ੍ਹ ਸੜਕ ’ਤੇ ਟਰੈਫਿਕ ਜਾਮ ਕੀਤਾ ਹੈ। ਜਾਣਕਾਰੀ ਮੁਤਾਬਕ 8 ਅਪ੍ਰੈਲ ਨੂੰ ਦੇਰ ਰਾਤ ਪਿੰਡ ਸੋਲਖੀਆਂ ਵਿੱਚ ਚੱਲ ਰਹੀ ਇੱਕ ਆਟਾ ਮਿੱਲ ਵਿੱਚ ਕਣਕ ਨਾਲ ਭਰੇ 40 ਟਰਾਲੇ ਆਏ ਸਨ। ਕਿਸਾਨਾਂ ਨੂੰ ਇਸਦੀ ਜਾਣਕਾਰੀ ਮਿਲਣ ‘ਤੇ ਉਨ੍ਹਾਂ ਨੇ ਇਹ ਟਰਾਲੇ ਘੇਰ ਲਏ ਅਤੇ ਇਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਮੁਤਾਬਕ ਕਣਕ ਦੇ ਇਹ ਟਰਾਲੇ ਬਿਹਾਰ ਸਮੇਤ ਹੋਰ ਬਾਹਰੀ ਸੂਬਿਆਂ ਤੋਂ ਪੰਜਾਬ ਵਿੱ ਆਏ ਸਨ।

ਮੌਕੇ ‘ਤੇ ਪੁਲਿਸ ਸਮੇਤ ਤਹਿਸੀਲਦਾਰ ਅਤੇ ਮੰਡੀ ਬੋਰਡ ਦੇ ਅਧਿਕਾਰੀ ਪਹੁੰਚ ਗਏ। ਪ੍ਰਸ਼ਾਸਨਿਕ ਅਧਿਕਾਰਿਆਂ ਨੇ ਕਿਸਾਨਾਂ ਨੂੰ ਸਵੇਰੇ ਜਾਂਚ ਕਰਕੇ ਕਾਰਵਾਈ ਦਾ ਭਰੋਸਾ ਦਿੱਤਾ, ਪਰ ਕਿਸਾਨਾਂ ਨੇ ਅੱਜ ਸਵੇਰੇ ਮੁੜ ਮੁਜ਼ਾਹਰਾ ਸ਼ੁਰੂ ਕਰ ਦਿੱਤਾ। ਮਸਲਾ ਹੱਲ ਨਾ ਹੁੰਦਾ ਦੇਖ ਕੇ ਕਿਸਾਨਾਂ ਨੇ ਰੂਪਨਗਰ-ਚੰਡੀਗੜ੍ਹ ਸੜਕ ਨੂੰ ਜਾਮ ਕਰ ਦਿੱਤਾ। ਕਿਸਾਨਾਂ ਵੱਲੋਂ ਲਗਭਗ ਦੋ ਘੰਟੇ ਸੜਕ ’ਤੇ ਮੁਜ਼ਾਹਰਾ ਕੀਤਾ ਗਿਆ। ਸਥਾਨਕ ਪੁਲਿਸ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਆਟਾ ਮਿੱਲ ਅਤੇ ਕਿਸਾਨਾਂ ਦਰਮਿਆਨ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਇਸ ਗੱਲ ’ਤੇ ਅੜੇ ਰਹੇ ਕਿ ਆਟਾ ਮਿੱਲ ਮਾਲਕ ਦੂਜੇ ਸੂਬਿਆਂ ਤੋਂ ਕਣਕ ਮੰਗਵਾਉਣ ਦੀ ਥਾਂ ਸਥਾਨਕ ਮੰਡੀ ’ਚੋਂ ਕਣਕ ਖਰੀਦਣ। ਕਿਸਾਨਾਂ ਨੇ ਕਿਹਾ ਕਿ ਬਾਹਰੀ ਸੂਬਿਆਂ ਤੋਂ ਕਣਕ ਮੰਗਵਾ ਕੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ’ਤੇ ਡਾਕਾ ਮਾਰਿਆ ਜਾ ਰਿਹਾ ਹੈ। ਉਨ੍ਹਾਂ ਨੇ ਆਟਾ ਮਿੱਲ ਮਾਲਕ ਖ਼ਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਦੋ ਘੰਟਿਆਂ ਦੀ ਬਹਿਸ ਮਗਰੋਂ ਪੁਲਿਸ ਅਤੇ ਜ਼ਿਲ੍ਹਾ ਮੰਡੀ ਬੋਰਡ ਦੇ ਅਧਿਕਾਰੀ ਕਿਸਾਨਾਂ ਅਤੇ ਆਟਾ ਮਿੱਲ ਦਰਮਿਆਨ ਸਮਝੌਤਾ ਕਰਵਾਉਣ ਵਿੱਚ ਕਾਮਯਾਬ ਹੋਏ। ਕਿਸਾਨ ਲੀਡਰ ਗੁਰਮੇਲ ਸਿੰਘ ਬਾੜਾਂ ਅਤੇ ਜੱਟ ਮਹਾਂ ਸਭਾ ਦੇ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਨੇ ਦੱਸਿਆ ਕਿ ਸਮਝੌਤੇ ਮੁਤਾਬਕ ਅੱਗੇ ਤੋਂ ਆਟਾ ਮਿੱਲ ਸਥਾਨਕ ਮੰਡੀਆਂ ’ਚੋਂ ਹੀ ਕਣਕ ਦੀ ਖਰੀਦ ਕਰੇਗੀ ਅਤੇ ਕਣਕ ਦੇ ਭਰੇ ਟਰਾਲੇ ਬਿਨਾਂ ਖਾਲੀ ਕੀਤੇ ਹੀ ਵਾਪਸ ਜਾਣਗੇ। ਇਸ ਦੌਰਾਨ ਆਟਾ ਮਿੱਲ ਨੇ ਕਿਸਾਨੀ ਸੰਘਰਸ਼ ਲਈ ਢਾਈ ਲੱਖ ਰੁਪਏ ਦਾ ਸਾਮਾਨ ਦੇਣ ਦੀ ਗੱਲ ਵੀ ਕਹੀ। ਇਸ ਮਗਰੋਂ ਕਿਸਾਨਾਂ ਨੇ ਸੜਕ ’ਤੇ ਲਗਾਇਆ ਜਾਮ ਖਤਮ ਕਰ ਦਿੱਤਾ।