Punjab

ਅੰਮ੍ਰਿਤਸਰ ‘ਚ ਸਿੱਖ ਜਥੇਬੰਦੀਆਂ ਨੇ ‘ਕਾਲੇ ਦਿਵਸ’ ਵਜੋਂ ਮਨਾਇਆ ਅਜ਼ਾਦੀ ਦਿਹਾੜਾ

‘ਦ ਖ਼ਾਲਸ ਬਿਊਰੋ:- ਅੱਜ ਦੇਸ਼ ਭਰ  ਵਿੱਚ ਅਜ਼ਾਦੀ ਦਿਹਾੜੇ ਮੌਕੇ ਲੋਕਾਂ ਵਿੱਚ ਬੇਸ਼ੱਕ ਖੁਸ਼ੀ ਦਾ ਮਾਹੌਲ ਹੈ। ਉੱਥੇ ਹੀ ਅੰਮ੍ਰਿਤਸਰ ਵਿੱਚ ਕੁਝ ਸਿੱਖ ਜਥੇਬੰਦੀਆਂ ਸਿਰ ‘ਤੇ ਕਾਲੀਆਂ ਪੱਟੀਆਂ ਬੰਨ੍ਹਕੇ ਅਤੇ ਹੱਥਾਂ ਵਿੱਚ ਕਾਲੇ ਝੰਡੇ ਫੜ੍ਹਕੇ ਆਜ਼ਾਦੀ ਦਿਹਾੜੇ ਨੂੰ ‘ਕਾਲਾ ਦਿਵਸ’ ਵਜੋਂ ਮਨਾਉਣ ਲਈ ਸੜਕਾਂ ‘ਤੇ ਉੱਤਰ ਆਈਆਂ। ਇਹਨਾਂ ਜਥੇਬੰਦੀਆਂ ਨੇ ਹੱਥਾਂ ਵਿੱਚ UAPA ਅਤੇ ਖੇਤੀ ਆਰਡੀਨੈਂਸਾਂ ਖਿਲਾਫ ਪੋਸਟਰ ਫੜ੍ਹ ਕੇ ਭਾਰਤ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਗੁਰਦੁਆਰਾ ਰਾਮਸਰ ਸਾਹਿਬ ‘ਚੋਂ ਗਾਇਬ ਹੋਏ 267 ਸਰੂਪਾਂ ਤੋਂ ਇਲਾਵਾਂ ਹੋਰ ਕਈ ਮੁੱਦਿਆਂ ਬਾਰੇ ਪ੍ਰਦਰਸ਼ਨ ਕੀਤਾ ਅਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਵੀ ਲਾਏ। ਪ੍ਰਦਰਸ਼ਨਕਾਰੀਆਂ ਨੇ ਨਾਅਰੇਬਾਜੀ ਕਰਦਿਆਂ ਜੇਲ੍ਹਾਂ ਵਿੱਚ ਬੰਦ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਵੀ ਕੀਤੀ।

ਪ੍ਰਦਰਸ਼ਨ ਦੌਰਾਨ ਰਣਜੀਤ ਸਿੰਘ ਨਾਂ ਦੇ ਇੱਕ ਸਿੱਖ ਨੌਜਵਾਨ ਦੇ ਹੱਥ ਵਿੱਚ UAPA ਦਾ ਪੋਸਟਰ ਫੜ੍ਹਿਆ ਹੋਇਆ ਸੀ, ਜਿਸ ‘ਤੇ  Under UAPA I am terrorist ਲਿਖਿਆ ਹੋਇਆ ਸੀ। ਸਿੱਖ ਨੌਜਵਾਨ ਦਾ ਕਹਿਣਾ ਹੈ ਕਿ UAPA ਦਾ ਵਿਰੋਧ ਕਰਨ ਕਰਕੇ ਮੈਂ ਆਪਣੇ-ਆਪ ਨੂੰ ਅੱਤਵਾਦੀ ਕਹਿ ਰਿਹਾ ਹਾਂ ਕਿਉਂਕਿ ਨਹੀਂ ਤਾਂ ਸਰਕਾਰ ਨੇ ਵੀ ਉਸ ਨੂੰ ਅੱਤਵਾਦੀ ਕਰਾਰ ਹੀ ਦੇਣਾ ਹੈ ਅਤੇ ਜਿਹੜਾ ਵੀ ਆਪਣੇ ਹੱਕਾ ਲਈ ਲੜ੍ਹਦਾ ਹੈ ਜਾਂ ਸਰਕਾਰ ਖਿਲਾਫ ਕਦਮ ਚੁੱਕਣ ਦੀ ਕੋਸ਼ਿਸ਼ ਕਰਦਾ ਹੈ, ਸਰਕਾਰ ਉਸ ਵਿਅਕਤੀ ਨੂੰ ਅੱਤਵਾਦੀ ਐਲਾਨ ਦਿੰਦੀ ਹੈ। ਇਸ ਸਿੱਖ ਨੌਜਵਾਨ ਨੇ ਪੰਜਾਬ ਦੀਆਂ ਸਮੂਹ ਸਿੱਖ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ UAPA ਖਿਲਾਫ ਅਵਾਜ਼ ਬੁਲੰਦ ਕੀਤੀ ਜਾਵੇ ਤਾਂ ਜੋ ਬੇਕਸੂਰ ਫੜੇ ਜਾ ਰਹੇ ਸਿੱਖ ਨੌਜਵਾਨਾਂ ਨੂੰ ਇਸ ਕਾਲੇ ਕਾਨੂੰਨ ਤੋਂ ਬਚਾਇਆ ਜਾ ਸਕੇ।

ਪ੍ਰਦਰਸ਼ਨਕਾਰੀਆਂ ਨੇ UAPA ਖਿਲਾਫ ਆਵਾਜ਼ ਚੁੱਕਣ ਵਾਲੇ ਡਾ. ਧਰਮਵੀਰ ਗਾਂਧੀ, ਕਰਨੈਲ ਸਿੰਘ ਪਿਜੌਰੀ ਅਤੇ ਵਿਧਾਇਕ ਸੁਖਪਾਲ ਸਿਘ ਖਹਿਰਾ ਦੀ ਸ਼ਲਾਘਾ ਕੀਤੀ ਅਤੇ ਕੈਪਟਨ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀਆਂ ‘ਤੇ ਕੇਂਦਰ ਸਰਕਾਰ ਨਾਲ ਰਲੇ ਹੋਣ ਦੇ ਇਲਜਾਮ ਲਾਏ।

 

ਸਿੱਖ ਲੀਡਰ ਬਲਦੇਵ ਸਿੰਘ ਸਿਰਸਾ ਵੀ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਰਹੇ, ਉਹਨਾਂ ਕਿਹਾ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਾਸਤੇ 95% ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਹਨ, ਹੁਣ ਉਹੀ ਸਿੱਖ ਗੁਲਾਮਾਂ ਤੋਂ ਮਾੜੀ ਜ਼ਿੰਦਗੀ ਜਿਉਂ ਰਹੇ ਹਨ, ਜਿਸ ਕਰਕੇ ਅੱਜ ਕਾਲਾ ਦਿਵਸ ਮਨਾਇਆ ਗਿਆ।

 

 

ਪ੍ਰਦਰਸ਼ਨਕਾਰੀ ਨਰਾਇਣ ਸਿੰਘ ਚੌੜਾਂ ਨਾਂ ਦੇ ਸਿੱਖ ਵਿਅਕਤੀ ਨੇ ਗਾਇਬ ਹੋਏ 267 ਸਰੂਪਾਂ ਦੇ ਮਾਮਲੇ ਬਾਰੇ ਬੋਲਦਿਆਂ ਕਿਹਾ ਕਿ “ਜਦੋਂ 2016 ਵਿੱਚ ਗੁਰਦੁਆਰਾ ਰਾਮਸਰ ਸਾਹਿਬ ‘ਚ ਅੱਗ ਲੱਗਣ ਨਾਲ ਸਰੂਪ ਨੁਕਸਾਨੇ ਗਏ ਸਨ, ਉਹ ਉਦੋਂ ਤੋਂ ਰਿਕਾਰਡ ‘ਚੋਂ ਗਾਇਬ ਚੱਲੇ ਆ ਰਹੇ ਹਨ, ਹੁਣ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਗਾਇਬ ਹੋਏ ਸਰੂਪਾਂ ‘ਤੇ ਪਰਦਾ ਪਾ ਰਹੇ ਹਨ, ਜੇਕਰ ਸਰੂਪਾਂ ਦੇ ਮਾਮਲੇ ਦੀ ਜਾਂਚ ਕਰਵਾਉਣੀ ਹੁੰਦੀ ਤਾਂ ਪੰਥ ਦੇ ਨੁਮਾਇੰਦਿਆਂ ਨੂੰ ਚੁਣਦੇ”।