‘ਦ ਖ਼ਾਲਸ ਬਿਊਰੋ (ਪੁਨੀਤ ਕੌਰ):- ਉੱਤਰ ਪ੍ਰਦੇਸ਼ ਦੇ ਹਾਥਰਸ ‘ਚ ਦਲਿਤ ਲੜਕੀ ਦੇ ਨਾਲ ਹੋਏ ਸਮੂਹਿਕ ਗੈਂਗਰੇਪ ਦੇ ਸਦਮੇ ਤੋਂ ਲੋਕ ਅਜੇ ਪੂਰੀ ਤਰ੍ਹਾਂ ਉੱਭਰੇ ਵੀ ਨਹੀਂ ਸਨ ਕਿ ਹੁਣ ਯੂ.ਪੀ. ਦੇ ਬਲਰਾਮਪੁਰ ਵਿੱਚ ਇੱਕ ਦਲਿਤ ਲੜਕੀ ਦੇ ਨਾਲ ਗੈਂਗਰੇਪ ਅਤੇ ਹੱਤਿਆ ਦੀ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ।  ਬਲਰਾਮਪੁਰ ਵਿੱਚ ਦੋ ਲੜਕਿਆਂ ਨੇ ਇੱਕ ਦਲਿਤ ਲੜਕੀ ਨਾਲ ਬਲਾਤਕਾਰ ਕੀਤਾ।  ਇਸ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਦੋਵਾਂ ਦੋਸ਼ੀਆਂ ਨੇ ਲੜਕੀ ਨੂੰ ਗੰਭੀਰ ਹਾਲਤ ਵਿੱਚ ਇੱਕ ਰਿਕਸ਼ੇ ‘ਤੇ ਬਿਠਾ ਕੇ ਘਰ ਭੇਜ ਦਿੱਤਾ, ਜਿੱਥੇ ਲੜਕੀ ਦੀ ਮੌਤ ਹੋ ਗਈ। ਪੁਲਿਸ ਨੇ ਦੋਵਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।  ਪੋਸਟਮਾਰਟਮ ਕਰਨ ਤੋਂ ਬਾਅਦ ਦੇਰ ਰਾਤ ਲੜਕੀ ਦਾ ਸਸਕਾਰ ਕਰ ਦਿੱਤਾ ਗਿਆ ਹੈ।

ਪੁਲਿਸ ਮੁਤਾਬਕ ਦੋਸ਼ੀਆਂ ਦੇ ਨਾਮ ਸ਼ਾਹਿਦ ਅਤੇ ਸਾਹਿਲ ਹੈ। ਇਹ ਦੋਵੇਂ ਦੋਸ਼ੀ ਗੈਂਸੜੀ ਪਿੰਡ ਦੇ ਰਹਿਣ ਵਾਲੇ ਹਨ।  ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤਾ ਦੇ ਹੱਥ-ਪੈਰ ਅਤੇ ਕਮਰ ਤੋੜਨ ਵਾਲੀ ਗੱਲ ਦੀ ਪੋਸਟਮਾਰਟਮ ਦੀ ਰਿਪੋਰਟ ਵਿੱਚ ਪੁਸ਼ਟੀ ਨਹੀਂ ਕੀਤੀ ਗਈ।

ਮੁਲਜ਼ਮ

ਪੁਲਿਸ ਨੇ ਦੱਸਿਆ ਕਿ ਬਲਰਾਮਪੁਰ ਦੇ ਥਾਣਾ ਗੈਂਸਲੀ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ।  ਲੜਕੀ ਦੇ ਪਰਿਵਾਰ ਨੇ ਦੱਸਿਆ ਕਿ ਉਹ ਇੱਕ ਨਿੱਜੀ ਫਰਮ ਵਿੱਚ ਕੰਮ ਕਰਦੀ ਸੀ।  ਜਦੋਂ ਉਨ੍ਹਾਂ ਦੀ ਲੜਕੀ ਦੇਰ ਸ਼ਾਮ ਤੱਕ ਘਰ ਵਾਪਸ ਨਹੀਂ ਆਈ ਤਾਂ ਉਨ੍ਹਾਂ ਨੂੰ ਚਿੰਤਾ ਹੋਣ ਲੱਗ ਪਈ। ਉਨ੍ਹਾਂ ਨੇ ਲੜਕੀ ਨੂੰ ਫੋਨ ਕੀਤਾ ਪਰ ਲੜਕੀ ਨਾਲ ਉਨ੍ਹਾਂ ਦਾ ਸੰਪਰਕ ਨਹੀਂ ਹੋ ਸਕਿਆ।  ਥੋੜ੍ਹੀ ਦੇਰ ਬਾਅਦ ਲੜਕੀ ਜਦੋਂ ਰਿਕਸ਼ੇ ‘ਤੇ ਘਰ ਆਈ ਤਾਂ ਉਸਦੀ ਹਾਲਤ ਠੀਕ ਨਹੀਂ ਸੀ।

ਪਰਿਵਾਰ ਨੇ ਤੁਰੰਤ ਲੜਕੀ ਨੂੰ ਹਸਪਤਾਲ ਲਿਜਾਇਆ ਪਰ ਰਸਤੇ ਵਿੱਚ ਹੀ ਲੜਕੀ ਦੀ ਮੌਤ ਹੋ ਗਈ।  ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦਾਖਲਾ ਕਰਵਾਉਣ ਗਈ ਸੀ ਕਾਲਜ

ਜਾਣਕਾਰੀ ਮੁਤਾਬਕ ਪੀੜਤਾ ਕਾਲਜ ਦੀ ਵਿਦਿਆਰਥਣ ਹੈ ਅਤੇ ਉਹ ਪਚਪੇਡਵਾ ਦੇ ਡਿਗਰੀ ਕਾਲਜ ਵਿੱਚ ਬੀ.ਕਾਮ ਦੇ ਦੂਜੇ ਸਾਲ ਲਈ ਦਾਖਲਾ ਕਰਵਾਉਣ ਲਈ ਗਈ ਸੀ।  ਪਰਿਵਾਰ ਨੇ ਦੋਸ਼ ਲਾਇਆ ਕਿ ਕਾਲਜ ਤੋਂ ਵਾਪਸ ਆਉਂਦੇ ਸਮੇਂ ਉਸਨੂੰ ਅਗਵਾ ਕਰ ਲਿਆ ਗਿਆ ਅਤੇ ਗੈਂਸੜੀ ਕਸਬੇ ਦੇ ਇੱਕ ਕਮਰੇ ਵਿੱਚ ਉਸ ਨਾਲ ਗੈਂਗਰੇਪ ਕੀਤਾ ਗਿਆ।

ਕਰਿਆਨੇ ਦੀ ਦੁਕਾਨ ਦੇ ਮਾਲਿਕ ਦਾ ਨਾਮ ਆਇਆ ਸਾਹਮਣੇ

ਗੈਂਸੜੀ ਬਾਜ਼ਾਰ ਦੇ ਜਿਸ ਕਮਰੇ ਵਿੱਚ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ, ਉਹ ਇੱਕ ਕਰਿਆਨੇ ਦੀ ਦੁਕਾਨ ਦੇ ਪਿੱਛੇ ਦਾ ਕਮਰਾ ਸੀ।  ਜਾਣਕਾਰੀ ਮੁਤਾਬਕ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਨੌਜਵਾਨ ਨੂੰ ਹੀ ਇਸ ਘਟਨਾ ਦਾ ਮਾਸਟਰ-ਮਾਈਂਡ ਦੱਸਿਆ ਜਾ ਰਿਹਾ ਹੈ।  ਗੈਂਗਰੇਪ ਤੋਂ ਬਾਅਦ ਜਦੋਂ ਲੜਕੀ ਦੀ ਹਾਲਤ ਵਿਗੜਨ ਲੱਗੀ ਤਾਂ ਦੋਸ਼ੀਆਂ ਨੇ ਗੁਆਂਢ ਵਿੱਚ ਰਹਿੰਦੇ ਆਪਣੇ ਇੱਕ ਨਿੱਜੀ ਡਾਕਟਰ ਨੂੰ ਉਸਦੇ ਇਲਾਜ਼ ਲਈ ਬੁਲਾਇਆ ਪਰ ਡਾਕਟਰ ਨੇ ਕਮਰੇ ਵਿੱਚ ਇਕੱਲੀ ਲੜਕੀ ਨੂੰ ਵੇਖ ਕੇ ਇਲਾਜ਼ ਕਰਨ ਤੋਂ ਮਨ੍ਹਾ ਕਰ ਦਿੱਤਾ ਅਤੇ ਉਸਦੇ ਘਰ ਸੂਚਨਾ ਦੇਣ ਦੀ ਸਲਾਹ ਦਿੱਤੀ।

ਘਟਨਾ ‘ਤੇ ਹੋ ਰਹੀ ਹੈ ਸਿਆਸਤ

ਯੂ.ਪੀ. ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਵਿਧਾਇਕ ਅਖਿਲੇਸ਼ ਯਾਦਵ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਅਖਿਲੇਸ਼ ਯਾਦਵ ਨੇ ਕਿਹਾ ਕਿ ‘ਹਾਥਰਸ ਤੋਂ ਬਾਅਦ ਹੁਣ ਬਲਰਾਮਪੁਰ ਵਿੱਚ ਵੀ ਇੱਕ ਹੋਰ ਬੇਟੀ ਦੇ ਨਾਲ ਸਮੂਹਿਕ ਬਲਾਤਕਾਰ ਦਾ ਘਿਨੌਣਾ ਪਾਪ ਹੋਇਆ ਹੈ।  ਗੰਭੀਰ ਹਾਲਤ ਵਿੱਚ ਪੀੜਤਾ ਦੀ ਮੌਤ ਹੋਣ ‘ਤੇ ਉਸਨੂੰ ਸ਼ਰਧਾਂਜਲੀ ਦਿੰਦਾ ਹਾਂ’। ਯਾਦਵ ਨੇ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਬਲਰਾਮਪੁਰ ਵਿੱਚ ਹਾਥਰਾਸ ਵਰਗੀ ਲਾਪਰਵਾਹੀ ਨਾ ਵਰਤੇ ਅਤੇ ਦੋਸ਼ੀਆਂ ‘ਤੇ ਤੁਰੰਤ ਕਾਰਵਾਈ ਕਰੇ’।

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਇਸ ਮੁੱਦੇ ਨੂੰ ਲੈ ਕੇ ਰਾਜ ਸਰਕਾਰ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ‘ਬਲਰਾਮਪੁਰ ਵਿੱਚ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਹੈ, ਇੱਕ ਦਲਿਤ ਦੀ ਬੇਟੀ ਹੈਵਾਨਾਂ ਦੀ ਦਰਿੰਦਗੀ ਦਾ ਸ਼ਿਕਾਰ ਹੋ ਗਈ ਹੈ। ਯੋਗੀ ਰਾਜ ਵਿੱਚ ਬੇਟੀ ਹੋਣਾ ਸਰਾਪ ਬਣ ਗਿਆ ਹੈ, ਬੇਟੀਆਂ ਦੀ ਰੱਖਿਆ ਨਹੀਂ ਕਰ ਸਕਦੇ ਤਾਂ ਸੱਤਾ ਛੱਡ ਦਿਉ ਯੋਗੀ ਜੀ’।

Leave a Reply

Your email address will not be published. Required fields are marked *