India

ਨਵੇਂ ਸਾਲ ਤੋਂ ਪਹਿਲਾਂ ਨਿਕਲ ਸਕਦਾ ਹੈ ਕਿਸਾਨੀ ਮਸਲੇ ਦਾ ਹੱਲ – ਖੇਤੀਬਾੜੀ ਮੰਤਰੀ ਤੋਮਰ

‘ਦ ਖ਼ਾਲਸ ਬਿਊਰੋ :- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਸਰਕਾਰ ਨੂੰ ਉਮੀਦ ਹੈ ਕਿ ਨਵੇਂ ਸਾਲ ਤੋਂ ਪਹਿਲਾਂ ਖੇਤੀ ਕਾਨੂੰਨਾਂ ਖ਼ਿਲਾਫ਼ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਹੱਲ ਕੱਢ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸੰਕਟ ਨੂੰ ਖ਼ਤਮ ਕਰਨ ਲਈ ਕਿਸਾਨਾਂ ਦੇ ਵੱਖ-ਵੱਖ ਸਮੂਹਾਂ ਨਾਲ ਗੈਰ-ਰਸਮੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਕਿਹਾ ਕਿ,”ਅਸੀਂ ਕਿਸਾਨ ਜਥੇਬੰਦੀਆਂ ਨਾਲ ਲਗਾਤਾਰ ਗੱਲ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਉਨ੍ਹਾਂ ਨਾਲ ਗੱਲਬਾਤ ਰਾਹੀਂ ਕਿਸੇ ਨਤੀਜੇ ‘ਤੇ ਪਹੁੰਚਣ ਦੀ ਹੈ। ਅਸੀਂ ਗੱਲਬਾਤ ਲਈ ਤਿਆਰ ਹਾਂ। ਮੈਨੂੰ ਕੋਈ ਰਾਹ ਨਿਕਲਣ ਦੀ ਉਮੀਦ ਹੈ।”

ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨ ਭਾਈਚਾਰੇ ਦੀਆਂ ਅਸਲੀ ਚਿੰਤਾਵਾਂ ਦੂਰ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਵੀ ਸਮੇਂ ਰਸਮੀ ਗੱਲਬਾਤ ਲਈ ਤਿਆਰ ਹੈ। ਪਰ ਉਨ੍ਹਾਂ ਲੋਕਾਂ ਨਾਲ ਗੱਲਬਾਤ ਦਾ ਕੋਈ ਮਤਲਬ ਨਹੀਂ, ਜੋ ਦੂਜਿਆਂ ਦੇ ਮੋਢਿਆਂ ਤੋਂ ਬੰਦੂਕ ਚਲਾ ਰਹੇ ਹਨ।

ਉਨ੍ਹਾਂ ਨੇ ਵਿਰੋਧੀਆਂ ਨੂੰ ਕਿਸਾਨਾਂ ਨੂੰ ਗੁੰਮਰਾਹ ਕਰਨ ਲਈ ਜ਼ਿੰਮੇਵਾਰ ਠਹਿਰਾਇਆ ਅਤੇ ਸੁਧਾਰ ਪ੍ਰਕਿਰਿਆ ਬਾਰੇ ਆਪਣਾ ਰੁਖ ਬਦਲਣ ਅਤੇ ਮੁੱਦੇ ਦਾ ਸਿਆਸੀਕਰਣ ਕਰਨ ਦਾ ਇਲਜ਼ਾਮ ਲਾਇਆ। ਸਰਕਾਰ ਦਾ ਕਹਿਣਾ ਹੈ ਕਿ ਉਹ ਕਿਸਾਨਾਂ ਨਾਲ ਗੱਲਬਾਤ ਲਈ ਤਿਆਰ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਗੱਲਬਾਤ ਤਾਂ ਹੀ ਹੋ ਸਕਦੀ ਹੈ ਜਦੋਂ ਤਿੰਨੇਂ ਖੇਤੀ ਕਾਨੰਨ ਰੱਦ ਕਰਨ ਦੀ ਗੱਲ ਹੋਵੇ।

ਇਸ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਸਾਨਾਂ ਨੂੰ ਇੱਕ ਅੱਠ ਪੰਨਿਆਂ ਦੀ ਖੁੱਲ੍ਹੀ ਚਿੱਠੀ ਲਿਖੀ ਸੀ ਅਤੇ ਕਾਨੂੰਨਾਂ ਦੇ ਫਾਇਦੇ ਦੱਸਦਿਆਂ ਗੁੰਮਰਾਹ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਬਾਰੇ ਕਿਹਾ ਸੀ।