ਖਾਸ ਲੇਖ-
-ਜਗਜੀਵਨ ਮੀਤ

‘‘ਇਨਾਮ ਨਾਲ ਮਿਲੀ ਰਾਸ਼ੀ ਨਾਲ ਕਿਸੇ ਕਲਾਕਾਰ ਦਾ ਸਾਰੀ ਉਮਰ ਘਰ ਨਹੀਂ ਚੱਲ ਸਕਦਾ। ਖਰਚੇ ਰੋਜ਼ਾਨਾ ਹੁੰਦੇ ਨੇ, ਢਿੱਡ ਰੋਟੀ ਰੋਜ਼ਾਨਾਂ ਮੰਗਦਾ ਹੈ, ਦਵਾ-ਦਾਰੂ ਜਦੋਂ ਲੋੜ ਪਵੇਗੀ, ਉਦੋਂ ਕਰਨੀ ਹੀ ਪਵੇਗੀ। ਭਾਸ਼ਾ, ਸਾਹਿਤ ਤੇ ਸੰਸਕਾਰ, ਤਿੰਨ ਕੜੀਆਂ ‘ਤੇ ਜ਼ਿੰਦਗੀ ਬੰਨ੍ਹੀ ਜਾ ਸਕਦੀ ਹੈ। ਭਾਸ਼ਾ ਬਿਨ੍ਹਾਂ ਸਾਹਿਤ ਨਹੀਂ ਤੇ ਸਾਹਿਤ ਬਿਨਾਂ ਸੰਸਕਾਰ ਨਹੀਂ। ਤੇ ਜੇ ਇਹ ਕੜੀਆਂ ਸਾਂਭਣ ਵਾਲਿਆਂ ਦੀ ਗੱਲ ਕਰੀਏ ਤਾਂ ਸਰਕਾਰ ਦੇ ਪੁਖਤਾ ਹੱਲ ਤੋਂ ਬਗੈਰ ਇਨ੍ਹਾਂ ਦੇ ਸਾਹ ਸੌਖੇ ਨਹੀਂ ਨਿਕਲ ਸਕਦੇ…।’’

ਕਲਾ-ਸਾਹਿਤ ਦਾ ਸਮੁੰਦਰ ਬਹੁਤ ਵਿਸ਼ਾਲ ਹੈ। ਕੋਈ ਇੱਕ ਰੂਹ ਸਦੀਆਂ ਬਾਅਦ ਕਿਤੇ ਜਾ ਕੇ ਜਨਮ ਲੈਂਦੀ ਹੈ, ਸਾਰੀ ਉਮਰ ਸ਼ਬਦਾਂ ਨਾਲ ਖੇਡਦੀ ਹੈ, ਅਦਾਕਾਰੀਆਂ ਕਰਕੇ ਪਸੀਨਾ ਪੂੰਝਦੀ ਹੈ ਤੇ ਵਿਰਸਾ ਸਾਂਭਣ ਦੇ ਦਾਅਵੇ ਨਾਲ ਆਪਣਾ ਸਾਰਾ ਕੁੱਝ ਦਾਅ ‘ਤੇ ਲਾ ਕੇ ਫਿਰ ਉਸੇ ਮਿੱਟੀ ਵਿੱਚ ਮਿਲ ਜਾਂਦੀ ਹੈ, ਜਿਸ ਵਿੱਚੋਂ ਪੁੰਗਰੀ ਸੀ। ਇੱਕ ਨਹੀਂ ਹਜ਼ਾਰ ਕਲਾਕਾਰਾਂ ਦੀਆਂ ਉਦਾਹਰਣਾਂ ਹਨ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸਾਜ਼ਾਂ, ਪਰਦੇ ਦੇ ਅੰਦਰ ਬਾਹਰ ਦੀਆਂ ਰੰਗ ਬਿਰੰਗੀਆਂ ਲਾਈਟਾਂ ਦੇ ਅੱਗੇ ਪਿੱਛੇ ਕੱਟੀ, ਪਰ ਅਖੀਰਲੇ ਦਿਨਾਂ ਵਿੱਚ ਖੌਫਨਾਕ ਹਨੇਰਿਆਂ ਨਾਲ ਮੱਥਾ ਲਾਇਆ ਹੈ। ਇਹ ਕਹਾਣੀ ਸਤੀਸ਼ ਕੌਲ ਦੇ ਮਰਹੂਮ ਹੋਣ ਨਾਲ ਅੱਗੇ ਤੋਰ ਕੇ ਵਿਚਾਰ ਸਕਦੇ ਹਾਂ।


ਕਿਹਾ ਜਾਂਦਾ ਹੈ ਕਿ ਪੰਜਾਬੀ ਫਿਲਮ ਇੰਡਸਟਰੀ ‘ਚ 300 ਦੇ ਕਰੀਬ ਹਿੰਦੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਸਤੀਸ਼ ਕੌਲ ਨੂੰ ਅਮਿਤਾਭ ਬੱਚਨ ਵਰਗੀ ਅਦਾਕਾਰੀ ਦਾ ਦਰਜਾ ਹਾਸਿਲ ਸੀ। ਲੋਕ ਇਸ ਨਾਇਕ ਨੂੰ ਇਸ ਅੱਖ ਨਾਲ ਵੇਖਦੇ ਸੀ, ਕਿ ਉਨ੍ਹਾਂ ਦੀ ਅਦਾਕਾਰੀ ਅਮਿਤਾਭ ਬੱਚਨ ਦੇ ਬਰਾਬਰ ਦੀ ਅਦਾਕਾਰੀ ਲੱਗਦੀ ਹੈ। ਹਾਲਾਂਕਿ ਹਰ ਕਲਾਕਾਰ ਦਾ ਆਪਣਾ ਰੁੱਤਬਾ ਹੈ, ਆਪਣੀ ਕਲਾ ਯਾਤਰਾ ਹੈ।

ਅਕਾਲ ਚਲਾਣਾ ਕਰਨ ਤੋਂ ਪਹਿਲਾਂ ਜੋ ਹਾਲਾਤ ਸਤੀਸ਼ ਕੌਲ ਨੇ ਹੰਢਾਏ ਹਨ, ਉਹ ਕਈ ਸਵਾਲ ਖੜ੍ਹੇ ਕਰਦੇ ਹਨ। ਅਖੀਰਲੇ ਦਿਨਾਂ ਵਿੱਚ ਆਸ਼ਰਮ ਵਿੱਚ ਜਿੰਦਗੀ ਜਿਉਣ ਲਈ ਸਤੀਸ਼ ਕੌਲ ਨੂੰ ਕਿਉਂ ਮਜ਼ਬੂਰ ਹੋਣਾ ਪਿਆ ਹੈ? ਮਹਾਂਭਾਰਤ ਦੇ ਇੰਦਰਦੇਵ ਨੇ ਸ਼ਾਇਦ ਨਹੀਂ ਸੋਚਿਆ ਹੋਣਾ ਕਿ ਇੰਦਰ ਦੇਵਤਾ ਨੂੰ ਅਖੀਰਲੇ ਸਮੇਂ ਵਿੱਚ ਨਮਸਕਾਰ ਕਰਨ ਵਾਲਾ ਕੋਈ ਨਜ਼ਰ ਨਹੀਂ ਆਵੇਗਾ। ਮੀਡੀਆ ਨੇ ਗੱਲ ਚੁੱਕੀ ਤਾਂ ਕਿਤੇ ਜਾ ਕੇ ਸਤੀਸ਼ ਕੌਲ ਦਾ ਵੀ ਪਤਾ ਲੱਗਿਆ ਕਿ ਇਹ ਮਹਾਨਾਇਕ ਕਿਹੜੀ ਮਿੱਟੀ ਵਿੱਚ ਅਜਾਈਂ ਰੁਲ ਰਿਹਾ ਹੈ।

ਸਪੁਰਦ-ਏ-ਖਾਕ ਹੋਣ ਤੋਂ ਪਹਿਲਾਂ ਈਦੂ ਸ਼ਰੀਫ ਦੀ ਵੀਰਾਨ ਜ਼ਿੰਦਗੀ


ਸਾਲ ਕੁ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਣ ਵਾਲੇ ਈਦੂ ਸ਼ਰੀਫ ਨੇ ਜਿੰਨਾ ਸੰਗੀਤ ਦੀ ਵਿਰਾਸਤ ਨੂੰ ਸਾਂਭਣ ਲਈ ਆਪਣਾ ਸਭ ਕੁੱਝ ਦਾਅ ‘ਤੇ ਲਗਾਇਆ ਹੈ, ਜ਼ਿੰਦਗੀ ਦੇ ਅਖੀਰਲੇ ਮੋੜ ‘ਤੇ ਇਹ ਕਲਾਕਾਰ ਵੀ ਕੋਈ ਸੌਖਾ ਸਾਹ ਲੈ ਕੇ ਨਹੀਂ ਮੁੜਿਆ ਹੈ। ਲੰਬਾ ਸਮਾਂ ਅਧਰੰਗ ਦੀ ਬੀਮਾਰੀ ਤੋਂ ਪੀੜਿਤ ਰਹੇ ਈਦੂ ਸ਼ਰੀਫ ਨੇ ਪਰਿਵਾਰ ਸਣੇ ਗਰੀਬੀ ਦੀ ਅੱਤ ਵੇਖੀ ਹੈ।

ਮੀਡੀਆ ਰਿਪੋਰਟਾਂ ਤੋਂ ਸਬਕ ਲੈ ਕੇ ਬੇਸ਼ੱਕ ਸਰਕਾਰਾਂ ਨੇ ਬੀਮਾਰੀ ਨਾਲ ਜੂਝ ਰਹੇ ਇਸ ਕਲਾਕਾਰ ਦੀ ਸਾਰ ਲਈ, ਖਰਚਾ ਦਿੱਤਾ, ਪਰ ਇਹ ਸਾਰਾ ਕੁੱਝ ਉਦੋਂ ਦਿੱਤਾ ਜਾ ਰਿਹਾ ਸੀ, ਜਦੋਂ ਸਾਰਾ ਕੁੱਝ ਮੁਕ-ਮੁਕਾ ਚੁੱਕਾ ਸੀ। ਚੰਡੀਗੜ੍ਹ ਦੇ ਬਾਹਰਵਾਰ ਭਿੜੀਆਂ ਜਿਹੀਆਂ ਗਲੀਆਂ ਵਿੱਚ ਰਹਿੰਦਾ ਸੰਗੀਤ ਦਾ ਇਹ ਪਹਾੜ ਜਿੱਡਾ ਮਨੁੱਖ ਗਰੀਬੀ ਦੀ ਮਾਰ ਝੱਲਦਾ ਤੁਰ ਗਿਆ। ਮਾਣ ਸਨਮਾਨ ਨਾਲ ਬੇਸ਼ੱਕ ਘਰ ਦੀ ਪਰਛੱਤੀ ਭਰੀ ਹੋਈ ਹੈ, ਪਰ ਢਿੱਡ ਮਾਣ ਸਨਮਾਨ ਨਾਲ ਨਹੀਂ, ਰਿਜ਼ਕ ਰੋਟੀ ਨਾਲ ਭਰਦਾ ਹੈ।

ਬਰਕਤ ਸਿੱਧੂ ਵੀ ਆਪਣੀ ਜੇਬ੍ਹ ਵਿੱਚ ਪੈਸੇ ਦੀ ਬਰਕਤ ਨਹੀਂ ਪਾ ਸਕਿਆ


ਪੂਰੇ ਸੰਸਾਰ ਵਿੱਚ ਸੂਫੀ ਗਾਇਕੀ ਦਾ ਲੋਹਾ ਮਨਵਾਉਣ ਵਾਲੇ ਬੁਲੰਦ ਅਵਾਜ਼ ਦੇ ਮਾਲਕ ਦਰਵੇਸ਼ ਪੰਜਾਬੀ ਗਾਇਕ ਬਰਕਤ ਸਿੱਧੂ ਦੀ ਸੁਰੀਲੀ ਅਵਾਜ਼ ਨੂੰ ਕੌਣ ਨਹੀਂ ਜਾਣਦਾ। ਮੋਗਾ ਵਿਖੇ ਆਪਣੇ ਘਰ ਵਿੱਚ ਅੰਤਿਮ ਸਾਹ ਲੈਣ ਲਈ ਉਨ੍ਹਾਂ ਨੇ ਕੈਂਸਰ ਦੀ ਨਾਮੁਰਾਦ ਬਿਮਾਰੀ ਨਾਲ ਬੁਰੀ ਤਰ੍ਹਾਂ ਜੂਝ ਕੇ ਦਿਨ ਕੱਟੇ ਸਨ। ਬਰਕਤ ਸਿੱਧੂ ਦਾ ਇਲਾਜ ਪੰਜਾਬ ਸਰਕਾਰ ਦੇ ਖਰਚੇ ‘ਤੇ ਲੁਧਿਆਣਾ ਵਿਖੇ ਚੱਲਿਆ।

‘ਬੋਲ ਮਿੱਟੀ ਦਿਆ ਬਾਵਿਆ, ਗਾਉਣ ਵਾਲੀ ਇਹ ਬੁਲੰਦ ਆਵਾਜ਼ ਬੋਲ ਕੇ ਦੱਸ ਨਹੀਂ ਸਕੀ ਕਿ ਗੁਰਬਤ ਨਾਲ ਕਿਉਂ ਜੂਝ ਰਹੀ ਹੈ, ਸੰਗੀਤ ਦੀ ਵਿਰਾਸਤ ਸਾਂਭਣ ਵਾਲੇ ਜ਼ਿੰਦਗੀ ਦੇ ਅਖੀਰਲੇ ਦਿਨਾਂ ਵਿੱਚ ਤਰਸਦੇ ਰਹਿੰਦੇ ਹਨ ਕਿ ਕੋਈ ਉਨ੍ਹਾਂ ਦੀ ਸਾਰ ਲੈ ਲਵੇ। ਸਰਕਾਰ ਲੱਖ, ਦੋ ਲੱਖ, ਚਾਰ ਲੱਖ ਕਿਸੇ ਮੰਤਰੀ ਦੇ ਹੱਥ ਭੇਜ ਕੇ ਆਪਣੀ ਜਿੰਮੇਦਾਰੀ ਤੋਂ ਫਾਰਗ ਹੋ ਜਾਂਦੀ ਹੈ।

ਪਰ ਸਵਾਲ ਇਹ ਉੱਠਦਾ ਹੈ ਕਿ ਐਨ ਸਿਰੇ ‘ਤੇ ਆ ਕੇ ਲੋੜ ਵੇਲੇ ਕੀਤੀ ਗਈ ਇਸ ਮਦਦ ਨਾਲ ਕੀ ਸੰਵੇਦਨਾਵਾਂ, ਕਲਾ ਸਾਹਿਤ ਨੂੰ ਸਾਰੀ ਉਮਰ ਸਾਂਭਦੀਆਂ ਇਨ੍ਹਾਂ ਰੂਹਾਂ ਦੀ ਹੋਈ ਭੰੜਤੋੜ ਨੂੰ ਦਰੁਸਤ ਕੀਤਾ ਜਾ ਸਕਦਾ ਹੈ? ਕੀ ਕਲਾ-ਸਾਹਿਤ, ਸਿਨੇਮਾ ਜਗਤ ਦੇ ਇਨ੍ਹਾਂ ਮਹਾਨ ਕਲਾਕਾਰਾਂ ਦੀ ਕਲਾ ਨੂੰ ਪਛਾਨਣ ਲਈ ਸਰਕਾਰ ਕੋਲ ਕੋਈ ਮਾਪਦੰਡ ਹੈ ਕਿ ਇਨ੍ਹਾਂ ਦੇ ਪੈਰ ਹੋਲੀ-ਹੋਲੀ ਗਰੀਬੀ ਦੀ ਦਲਦਲ ਵਿੱਚ ਨਾ ਧਸਣ? ਕੀ ਪੰਜਾਬ ਦਾ ਤਕਨੀਕੀ ਸਿੱਖਿਆ, ਰੁਜ਼ਗਾਰ, ਸੈਰ-ਸਪਾਟਾ ਅਤੇ ਸੱਭਿਆਚਾਰ ਵਿਭਾਗ ਕੋਈ ਅਜਿਹਾ ਖਾਨਾ ਨਹੀਂ ਬਣਾ ਸਕਦਾ ਕਿ ਜਿਸ ਵਿੱਚ ਇਹ ਕਲਾਕਾਰ ਸਨਮਾਨ ਦੀ ਜ਼ਿੰਦਗੀ ਜੀ ਸਕਣ ਤੇ ਇਨ੍ਹਾਂ ਨੂੰ ਇਲਾਜ, ਰੋਜ਼ਾਨਾ ਰੋਟੀ ਪਾਣੀ, ਸਾਹਿਤਿਕ ਖਰਚਿਆਂ ਤੇ ਵਿਰਾਸਤ ਨੂੰ ਸਾਂਭਣ ਲਈ ਕੀਤੇ ਯਤਨਾਂ ਲਈ ਦੋ ਚਾਰ ਲੱਖ ਦੀ ਅਖੀਰੀ ਰਾਸ਼ੀ ਲਈ ਮੁਹਤਾਜ਼ ਨਾ ਹੋਣਾ ਪਵੇ?

ਹਾਲੇ ਵੀ ਸਰਕਾਰ ਨੂੰ ਜਾਗ ਕੇ ਵੇਖ ਲੈਣਾ ਚਾਹੀਦਾ ਹੈ ਕਿ ਕਲਾ ਸਾਹਿਤ ਦੇ ਹੋਰ ਕਿੰਨੇ ਕੁ ਹੀਰੇ ਭੰਗ ਦੇ ਭਾੜੇ ਆਪਣੀ ਕਲਾ ਨੂੰ ਦਾਅ ‘ਤੇ ਲਾ ਰਹੇ ਹਨ ਤੇ ਜ਼ਿੰਦਗੀ ਉਨ੍ਹਾਂ ਨੂੰ ਕਿਹੜੇ ਹਾਲਾਤ ਵਿੱਚੋਂ ਲੰਘਾ ਕੇ ਮੁਕਾ ਰਹੀ ਹੈ।

Leave a Reply

Your email address will not be published. Required fields are marked *