International

ਇੱਕ ਘੰਟਾ ਪਿੱਛੇ ਹੋਈਆਂ ਕੈਨੇਡਾ ਅਤੇ ਅਮਰੀਕਾ ਦੀਆਂ ਘੜੀਆਂ

‘ਦ ਖ਼ਾਲਸ ਬਿਊਰੋ :- ਕੈਨੇਡਾ ਅਤੇ ਅਮਰੀਕਾ ਵਿੱਚ ਅੱਜ ਤੋਂ ਘੜੀਆਂ ਦਾ ਟਾਈਮ ਇੱਕ ਘੰਟਾ ਪਿੱਛੇ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਹਰ ਸਾਲ ਦੋਵੇਂ ਦੇਸ਼ਾਂ ਵਿੱਚ 6 ਮਹੀਨਿਆਂ ਬਾਅਦ ਸਮਾਂ ਬਦਲ ਦਿੱਤਾ ਜਾਂਦਾ ਹੈ। ਲੋਕਾਂ ਨੂੰ ਮਾਰਚ ਮਹੀਨੇ ਦੇ ਦੂਜੇ ਐਤਵਾਰ ਨੂੰ ਆਪਣੀਆਂ ਘੜੀਆਂ ਇੱਕ ਘੰਟਾ ਅੱਗੇ ਕਰਨੀਆਂ ਪੈਂਦੀਆਂ ਹਨ ਅਤੇ ਨਵੰਬਰ ਮਹੀਨੇ ਦੇ ਪਹਿਲੇ ਐਤਵਾਰ ਨੂੰ ਇੱਕ ਘੰਟਾ ਪਿੱਛੇ ਕਰਨੀਆਂ ਪੈਂਦੀਆਂ ਹਨ।

ਅਜਿਹਾ ਕਰਨ ਨਾਲ ਦਿਨ ਦੀ ਰੌਸ਼ਨੀ ਦਾ ਵਧੇਰੇ ਲਾਹਾ ਲਏ ਜਾਣ ਦੀ ਦਲੀਲ ਦਿੱਤੀ ਜਾਂਦੀ ਹੈ। ਲੋਕਾਂ ਵੱਲੋਂ ਪਿਛਲੇ ਕੁੱਝ ਸਮੇਂ ਤੋਂ ਇਸ ਰਵਾਇਤ ਦਾ ਵਿਰੋਧ ਕਰਦਿਆਂ ਸਾਰਾ ਸਾਲ ਇੱਕੋ ਸਮਾਂ ਰੱਖਣ ਲਈ ਆਵਾਜ਼ ਉਠਾਈ ਜਾ ਰਹੀ ਹੈ ਪਰ ਅਜੇ ਤੱਕ ਸਬੰਧਤ ਧਿਰਾਂ ਵਿੱਚ ਕੋਈ ਸਹਿਮਤੀ ਬਣਦੀ ਨਜ਼ਰ ਨਹੀਂ ਆ ਰਹੀ।