Punjab

BKU ਉਗਰਾਹਾਂ ਨੇ ਰੇਲ ਲਾਈਨਾਂ ਖਾਲੀ ਕਰਕੇ ਸੰਘਰਸ਼ ਛੱਡਣ ਦਾ ਕੀਤਾ ਖੰਡਨ, ਦੱਸੀ ਆਪਣੀ ਨਵੀਂ ਯੋਜਨਾ

‘ਦ ਖ਼ਾਲਸ ਬਿਊਰੋ:- ਖੇਤੀ ਕਾਨੂੰਨਾਂ ਦੇ ਵਿਰੁੱਧ ਪੰਜਾਬ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਵੱਲੋਂ ਰੇਲਵੇ ਲਾਈਨਾਂ ਉੱਪਰ ਲਗਾਤਾਰ ਦਿੱਤੇ ਜਾ ਰਹੇ ਧਰਨਿਆਂ ਨੂੰ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਚੁੱਕਣ ਦਾ ਫੈਸਲਾ ਕੀਤਾ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾਈ ਕਮੇਟੀ ਦੇ ਫ਼ੈਸਲੇ ਅਨੁਸਾਰ ਹੀ ਅੱਜ ਰੇਲਵੇ ਲਾਈਨਾਂ ਤੋਂ ਧਰਨੇ ਉਠਾ ਲਏ ਜਾਣਗੇ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਕਿਸਾਨ ਹਿੱਤਾਂ ਲਈ ਕਾਫ਼ੀ ਸੋਚ ਵਿਚਾਰ ਕੇ ਹੀ ਲਿਆ ਗਿਆ ਹੈ।

ਕਿਸਾਨ ਜਥੇਬੰਦੀ ਬੀਕੇਯੂ ਉਗਰਾਹਾਂ ਨੇ ਰੇਲ ਲਇਨਾਂ ਤੋਂ ਧਰਨਾ ਚੁੱਕੇ ਜਾਣ ਤੋਂ ਬਾਅਦ ਸੰਘਰਸ਼ ਛੱਡਣ ਦਾ ਖੰਡਨ ਕਰਦਿਆਂ ਕਿਹਾ ਕਿ ਅਸੀਂ ਆਪਣੇ ਸੰਘਰਸ਼ ਨੂੰ ਹੋਰ ਵਿਸ਼ਾਲ ਕਰਨ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼ੋਸ਼ਲ ਮੀਡੀਆ ‘ਤੇ ਅਫਵਾਹ ਫੈਲਾਈ ਜਾ ਰਹੀ ਹੈ ਕਿ ਭਾਕਿਯੂ ਉਗਰਾਹਾਂ ਰੇਲ ਲਾਇਨਾਂ ਖਾਲੀ ਕਰਕੇ ਸੰਘਰਸ਼ ਨੂੰ ਛੱਡ ਰਹੀ ਹੈ।  ਝੰਡਾ ਸਿੰਘ ਜੇਠੂਕੇ ਨੇ ਸਪੱਸ਼ਟ ਕਰਦਿਆਂ ਕਿਹਾ ਕਿ ‘ਜਥੇਬੰਦੀ ਸੰਘਰਸ਼ ਛੱਡ ਕੇ ਘਰ ਨਹੀਂ ਬੈਠਣ ਜਾ ਰਹੀ ਬਲਕਿ ਸੰਘਰਸ਼ ਨੂੰ ਵਿਸ਼ਾਲ ਕਰਨ ਜਾ ਰਹੀ ਹੈ’।

ਉਨਾਂ ਕਿਹਾ ਕਿ ‘ਜਥੇਬੰਦੀ ਦੇ ਕਾਰਕੁੰਨ ਭਾਜਪਾਂ ਲੀਡਰਾਂ ਦੇ ਘਰਾਂ ਦਾ ਘਿਰਾਉ ਹੋਰ ਜਿਆਦਾ ਵੱਡੀ ਗਿਣਤੀ ਵਿੱਚ ਕਰਨ ਜਾ ਰਹੀ ਹੈ ਅਤੇ ਸ਼ਹਿਰੀ ਲੋਕਾਂ ਨੂੰ ਕਿਸਾਨ ਸੰਘਰਸ਼ ‘ਚ ਜੋੜਨ ਲਈ ਮੁਹਿੰਮ ਸ਼ੁਰੂ ਕਰਨ ਜਾ ਰਹੇ ਹਨ’। ਉਹਨਾਂ ਕਿਹਾ ਕਿ ‘ਰੇਲ ਲਾਇਨਾਂ ਉੱਪਰ ਪਹਿਲਾਂ ਹੀ ਹਜ਼ਾਰਾਂ ਲੋਕ ਬੈਠੇ ਹਨ ਅਤੇ ਉਹਨਾਂ ਦੀ ਜਥੇਬੰਦੀ ਵੀ ਸਮੇਂ-ਸਮੇਂ ‘ਤੇ ਰੇਲ ਲਾਇਨਾਂ ਉੱਪਰ ਲੱਗੇ ਮੋਰਚਿਆਂ ਦੀ ਹਿਮਾਇਤ ‘ਚ ਹਾਜ਼ਰੀ ਭਰਦੀ ਰਹੇਗੀ’।

ਉਹਨਾਂ ਕਿਹਾ ਕਿ ਅਗਲੀ ਸਾਝੀਂ ਮੀਟਿੰਗ ਵਿੱਚ ਉਹਨਾਂ ਦੀ ਜਥੇਬੰਦੀ ਸਾਰੀਆ ਧਿਰਾਂ ਨਾਲ ਮਿਲ ਕੇ ਬੈਠੇਗੀ। ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਜਥੇਬੰਦੀ ਵੱਲੋਂ ਬਾਕੀ ਸਾਰੇ ਸੰਘਰਸ਼ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਉਨ੍ਹਾਂ ਦੱਸਿਆਂ ਕਿ ਰਿਲਾਇੰਸ ਦੇ ਪੰਪਾਂ, ਸ਼ਾਪਿੰਗ ਮਾਲ, ਥਰਮਲ ਪਲਾਂਟ, ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ, ਟੌਲ ਪਲਾਜ਼ਿਆ ਉੱਪਰ ਧਰਨੇ ਅਤੇ ਘਿਰਾਓ ਪਹਿਲਾਂ ਵਾਂਗ ਹੀ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਇਹ ਧਰਨੇ ਰੇਲਵੇ ਰਾਹੀਂ ਆਉਂਦੇ ਬਾਰਦਾਨੇ, ਕੋਲੇ, ਡੀਏਪੀ ਅਤੇ ਯੂਰੀਆ ਖਾਦ ਸਮੇਤ ਹੋਰ ਮੁਨੱਖੀ ਲੋੜਾਂ ਦੀ ਪੂਰਤੀ ਲਈ ਆਉਂਦੇ ਸਾਮਾਨ ਨੂੰ ਮੁੱਖ ਰੱਖਦਿਆਂ ਹੀ ਉਠਾਏ ਜਾ ਰਹੇ ਹਨ।