India International

ਭਾਰਤ ਦੀ ਬਾਂਹ ਛੱਡ ਹਸੀਨਾ ਸ਼ੇਖ ਬਣੀ ਚੀਨ ਤੇ ਪਾਕਿਸਤਾਨ ਦੀ ਹਮਦਰਦ

‘ਦ ਖ਼ਾਲਸ ਬਿਊਰੋ :- 15 ਅਗਸਤ, 1975 ਨੂੰ, ਸ਼ੇਖ ਹਸੀਨਾ ਬ੍ਰਸੇਲਜ਼ ‘ਚ ਬੰਗਲਾਦੇਸ਼ ਦੇ ਰਾਜਦੂਤ ਸਨਾਉਲ ਹੱਕ ਦੇ ਘਰ ਆਪਣੇ ਪਤੀ ਤੇ ਭੈਣ ਦੇ ਨਾਲ ਰੁੱਕੀ ਹੋਈ ਸੀ। ਜਦੋਂ ਰਾਜਦੂਤ ਸਨਾਉਲ ਹੱਕ ਨੂੰ ਪਤਾ ਲੱਗਿਆ ਕਿ ਉਸੇ ਦਿਨ ਦੀ ਸਵੇਰੇ ਨੂੰ ਬੰਗਲਾਦੇਸ਼ ‘ਚ ਇੱਕ ਸੈਨਿਕ ਵਿਦਰੋਹ ਛਿੜਿਆ ਹੋਇਆ ਹੈ, ਅਤੇ ਸ਼ੇਖ ਮੁਜੀਬ ਇਸ ਲੜਾਈ ‘ਚ ਮਾਰਿਆ ਗਿਆ ਹੈ, ਤਾਂ ਉਸਨੇ ਸ਼ੇਖ ਮੁਜੀਬ ਦੀਆਂ ਦੋਵਾਂ ਧੀਆਂ ਤੇ ਜਵਾਈ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਉਸ ਨੂੰ ਆਪਣਾ ਘਰ ਛੱਡਣ ਲਈ ਕਿਹਾ।

ਇਸ ਤੋਂ ਬਾਅਦ ਉਸ ਨੂੰ ਜਰਮਨੀ ‘ਚ ਬੰਗਲਾਦੇਸ਼ ਦੇ ਰਾਜਦੂਤ ਹੁਮਾਯੂੰ ਰਸ਼ੀਦ ਚੌਧਰੀ ਦੀ ਮਦਦ ਨਾਲ ਜਰਮਨੀ ਲਿਜਾਇਆ ਗਿਆ। ਪਰ ਵੱਡਾ ਸਵਾਲ ਇਹ ਸੀ ਕਿ ਸ਼ੇਖ ਹਸੀਨਾ ਤੇ ਉਸ ਦੀਆਂ ਭੈਣਾਂ ਨੂੰ ਰਾਜਨੀਤਿਕ ਸ਼ਰਨ ਕੌਣ ਦੇਵੇਗਾ?

ਹੁਮਾਯੂੰ ਰਾਸ਼ਿਦ ਚੌਧਰੀ ਨੇ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਸਾਰੀ ਗੱਲ ਦੱਸੀ ਤੇ ਦੋਵੇਂ ਭੈਣਾਂ ਨੂੰ ਸ਼ਰਨ ਦੇਣ ਦੀ ਬੇਨਤੀ ਕੀਤੀ। ਇੰਦਰਾ ਗਾਂਧੀ ਨੇ ਰਸ਼ੀਦ ਦੀ ਗੱਲ ਮੰਨੀ ਤੇ ਦੋਵਾਂ ਭੈਣਾਂ ਨੂੰ ਪਨਾਹ ਦੇਣ ਲਈ ਰਾਜ਼ੀ ਹੋ ਗਈ।

24 ਅਗਸਤ 1975 ਨੂੰ, ਸ਼ੇਖ ਹਸੀਨਾ ਤੇ ਉਸ ਦਾ ਪਰਿਵਾਰ ਏਅਰ ਇੰਡੀਆ ਦੇ ਇੱਕ ਜਹਾਜ਼ ਰਾਹੀਂ ਦਿੱਲੀ ਦੇ ਪਾਲਮ ਏਅਰਪੋਰਟ ਪਹੁੰਚੇ, ਉਨ੍ਹਾਂ ਨੂੰ ਇੱਥੇ ਇੱਕ ਫਲੈਟ ਅਲਾਟ ਕਰ ਦਿੱਤਾ ਗਿਆ, ਹਸੀਨਾ ਦੇ ਪਤੀ ਡਾਕਟਰ ਵਾਜੇਦ ਨੂੰ ਵੀ ਪਰਮਾਣੂ ਊਰਜਾ ਵਿਭਾਗ ‘ਚ ਫੈਲੋਸ਼ਿਪ ਦਿੱਤੀ ਗਈ।

ਇੰਦਰਾ ਨਾ ਸਿਰਫ ਹਸੀਨਾ ਦੇ ਨਾਲ ਖੜ੍ਹੀ ਸੀ ਬਲਕਿ ਉਸ ਦੇ ਪਿਤਾ ਸ਼ੇਖ ਮੁਜੀਬ ਦੇ ਨਾਲ ਵੀ ਖੜ੍ਹੀ ਦਿਖਾਈ ਦਿੱਤੀ ਸੀ।

13 ਮਈ, 1971 ਨੂੰ, ਇੰਦਰਾ ਗਾਂਧੀ ਨੇ ਅਮਰੀਕਾ ‘ਚ ਭਾਰਤ ਦੇ ਰਾਜਦੂਤ, ਲਕਸ਼ਮੀਕਾਂਤ ਝਾ ਦੁਆਰਾ ਅਮਰੀਕਾ ਰਾਸ਼ਟਰਪਤੀ, ਰਿਚਰਡ ਨਿਕਸਨ ਨੂੰ ਇੱਕ ਚਿੱਠੀ ਭੇਜੀ, ਜਿਸ ‘ਚ ਉਸਨੇ ਮੁਜੀਬ ਨੂੰ ਇੱਕ ਪਾਕਿਸਤਾਨੀ ਜੇਲ੍ਹ ‘ਚ ਬੰਦ ਹੋਣ ਬਾਰੇ ਆਪਣੀ ਚਿੰਤਾ ਜ਼ਾਹਰ ਕੀਤੀ।

ਕੀ ਸ਼ੇਖ ਹਸੀਨਾ ਆਪਣਾ ਰਵੱਈਆ ਬਦਲ ਰਹੀ ਹੈ?

ਭਾਰਤ ਨੇ ਮੁਸ਼ਕਲ ਦੀ ਘੜੀ ‘ਚ ਸ਼ੇਖ ਹਸੀਨਾ ਤੇ ਬੰਗਲਾਦੇਸ਼ ਨਾਲ ਬਿਹਤਰ ਸੰਬੰਧਾਂ ਦੀ ਨੀਂਹ ਰੱਖੀ ਸੀ, ਪਰ ਕੀ ਹੁਣ ਹਾਲਾਤ ਬਦਲੇ ਹਨ? ਕੀ ਬੰਗਲਾਦੇਸ਼ ਸ਼ੇਖ ਹਸੀਨਾ ਦੀ ਅਗਵਾਈ ਹੇਠ ਪਾਕਿਸਤਾਨ ਤੇ ਚੀਨ ਦੇ ਨੇੜੇ ਜਾ ਰਿਹਾ ਹੈ?

22 ਜੁਲਾਈ ਨੂੰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਫੋਨ ਕਰ ਗੱਲਬਾਤ ਕੀਤੀ। ਹਾਲ ਹੀ ਦੇ ਸਮੇਂ ਵਿੱਚ, ਚੀਨ ਨੂੰ ਬੰਗਲਾਦੇਸ਼ ਤੋਂ ਅਰਬਾਂ ਡਾਲਰ ਦੇ ਪ੍ਰੋਜੈਕਟ ਵੀ ਮਿਲੇ ਹਨ, ਤੇ ਚੀਨ ਨੇ ਬੰਗਲਾਦੇਸ਼ ਦੇ ਮਾਲ ਨੂੰ ਵੱਖ – ਵੱਖ ਟੈਕਸਾਂ ਤੋਂ ਛੋਟ ਦੇ ਕੇ ਦੋਵਾਂ ਦੇਸ਼ਾਂ ਵਿਚਾਲੇ ਸਾਂਝੇ ਵਪਾਰ ‘ਚ ਵਾਧਾ ਕੀਤਾ ਹੈ।

BBC ਬੰਗਲਾ ਸਰਵਿਸ ਦੇ ਪੱਤਰਕਾਰ ਸ਼ੁਭਜੋਤੀ ਘੋਸ਼ ਨੇ ਕਿਹਾ ਕਿ, “ਸ਼ੇਖ ਹਸੀਨਾ ਦੇ ਕਾਰਜਕਾਲ ‘ਚ ਭਾਰਤ ਨਾਲ ਚੰਗੇ ਸੰਬੰਧ ਰਹੇ ਹਨ। 1996 ‘ਚ ਗੰਗਾ ਜਲ ਸੰਧੀ, ਜ਼ਮੀਨ ਸੀਮਾ ਸਮਝੌਤੇ ਵਰਗੇ ਵੱਡੇ ਫੈਸਲੇ ਲਏ ਗਏ ਸਨ। ਇਸ ਤੋਂ ਇਲਾਵਾ ਗਾਂਧੀ ਪਰਿਵਾਰ ਤੇ ਕਾਂਗਰਸ ਨਾਲ ਹਸੀਨਾ ਦੇ ਬਹੁਤ ਚੰਗੇ ਸੰਬੰਧ ਰਹੇ ਹੈ। ”

ਸਾਲ 2014 ‘ਚ ਜਦੋਂ ਨਰਿੰਦਰ ਮੋਦੀ ਦੀ ਸਰਕਾਰ ਭਾਰਤ ਆਈ ਸੀ, ਉਦੋਂ ਦੋਵਾਂ ਵਿਚਾਲੇ ਸਬੰਧਾਂ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ। ਪਰ ਸ਼ੁਰੂਆਤ ਸ਼ਾਨਦਾਰ ਸੀ, ਘੋਸ਼ ਦੇ ਅਨੁਸਾਰ, “ਮੋਦੀ ਦਾ ਬੰਗਲਾਦੇਸ਼ ਦੌਰਾ ਇੱਕ ਸਫ਼ਲਤਾ ਸੀ, ਲੋਕ ਇਸਨੂੰ ਇੱਕ ਮਹਾਨ ਸ਼ੁਰੂਆਤ ਦੇ ਰੂਪ ‘ਚ ਵੇਖ ਰਹੇ ਸਨ।”

JNU ਦੇ ਪ੍ਰੋਫੈਸਰ ਸੰਜੇ ਭਾਰਦਵਾਜ ਦਾ ਕਹਿਣਾ ਹੈ, “ਪਿਛਲੇ 10-12 ਸਾਲਾਂ ‘ਚ ਭਾਰਤ ਤੇ ਬੰਗਲਾਦੇਸ਼ ਦੇ ਰਿਸ਼ਤੇ ਬਹੁਤ ਚੰਗੇ ਰਹੇ ਹਨ, ਦੋਵਾਂ ਮੁਲਕਾਂ ਨੇ ਇੱਕ ਦੂਜੇ ਲਈ ਜੋ ਕੁੱਝ ਕਰ ਸਕਦੇ ਸੀ, ਕੀਤਾ, ਜ਼ਮੀਨੀ ਵਿਵਾਦ, ਵਪਾਰਕ ਫੈਸਲੇ, ਸੁਰੱਖਿਆ ਨਾਲ ਜੁੜੇ ਫੈਸਲਾ, ਉਨ੍ਹਾਂ ਨੇ ਇਹ ਸਭ ਕੀਤਾ। ”

ਪਰ ਮਾਹਰ ਇਹ ਵੀ ਮੰਨਦੇ ਹਨ ਕਿ ਅਜੋਕੇ ਸਮੇਂ ‘ਚ ਸਬੰਧਾਂ ‘ਚ ਥੋੜ੍ਹੀ ਕੜਵਾਹਟ ਆਈ ਹੈ। ਮੋਦੀ ਸਰਕਾਰ ਦੀ ਹਿੰਦੂਤਵੀ ਰਾਜਨੀਤੀ ਤੇ ਹਾਲ ਹੀ ‘ਚ ਪਾਸ ਹੋਏ ਨਾਗਰਿਕਤਾ ਸੋਧ ਐਕਟ ਨੇ ਬੰਗਲਾਦੇਸ਼ ਦੇ ਲੋਕਾਂ ਦੇ ਮਨਾਂ ‘ਚ ਭਾਰਤ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ। ਬਹੁਤ ਸਾਰੇ ਲੋਕਾਂ ਨੇ ਭਾਰਤ ਦੀਆਂ ਨੀਤੀਆਂ ਨੂੰ ਮੁਸਲਿਮ ਵਿਰੋਧੀ ਵਜੋਂ ਵੇਖਿਆ।

ਭਾਰਦਵਾਜ ਦੱਸਦੇ ਹਨ, “ਬੰਗਲਾਦੇਸ਼ ਮੁਸਲਮਾਨ ਬਹੁ-ਗਿਣਤੀ ਵਾਲਾ ਦੇਸ਼ ਹੈ। CAA ਤੇ NRC ਦੇ ਮੁੱਦੇ ਤੋਂ ਬਾਅਦ ਬੰਗਲਾਦੇਸ਼ ਦੇ ਲੋਕਾਂ ਦੇ ਮਨ ‘ਚ ਇਹ ਭਾਵਨਾ ਹੈ ਕਿ ਇਹ ਕਾਨੂੰਨ ਮੁਸਲਮਾਨਾਂ ਦੇ ਵਿਰੁੱਧ ਹੈ। ਇਸ ਦੇ ਕਾਰਨ ਉਥੋਂ ਦੇ ਲੋਕਾਂ ਦਾ ਦਬਾਅ ਵਧਿਆ ਹੈ, ਜਨਤਾ ਭਾਰਤ ਨਾਲ ਜੁੜੇ ਇਨ੍ਹਾਂ ਮੁੱਦਿਆਂ ‘ਤੇ ਨਾਰਾਜ਼ ਹੈ ਤੇ ਸ਼ੇਖ ਹਸੀਨਾ ਇਸ ਪ੍ਰਤੀ ਸੁਚੇਤ ਹਨ। ”

ਹਾਲਾਂਕਿ, ਵੀਨਾ ਸੀਕਰੀ ਦਾ ਗਿਆਨ ਬੰਗਲਾਦੇਸ਼ ਨਾਲ ਜੁੜੇ ਮਾਮਲਿਆਂ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ, “ਮੈਨੂੰ ਨਹੀਂ ਲਗਦਾ CAA ਬਾਰੇ ਬੰਗਲਾਦੇਸ਼ ਵਿੱਚ ਅਜਿਹੀ ਕੋਈ ਭਾਵਨਾ ਹੈ। “ਕੁੱਝ ਰਾਜਨੀਤਿਕ ਤਾਕਤਾਂ ਅਜਿਹੀਆਂ ਭਾਵਨਾਵਾਂ ਭੜਕਾਉਣ ਦੀ ਕੋਸ਼ਿਸ਼ ਕਰਦੀਆਂ ਹਨ, ਇਹ ਭਾਰਤ ਵਿੱਚ ਇਕੋ ਜਿਹਾ ਹੈ। ਭਾਰਤ ਨੇ ਆਪਣੀ ਤਰਫੋਂ ਸਮਝਾਇਆ ਹੈ ਕਿ ਇਹ ਭਾਰਤ ਜਾਂ ਬੰਗਲਾਦੇਸ਼ ‘ਚ ਰਹਿੰਦੇ ਮੁਸਲਮਾਨਾਂ ਨਾਲ ਸਬੰਧਤ ਨਹੀਂ ਹੈ ਤੇ ਮੈਨੂੰ ਯਕੀਨ ਹੈ ਕਿ ਉਹ ਵੀ ਇਸ ਗੱਲ ਨੂੰ ਸਮਝਣਗੇ।

ਆਰਥਿਕ ਮੋਰਚੇ ‘ਤੇ ਚੀਨ ਦਾ ਰੁਖ?

ਰਾਜਨੀਤਿਕ ਸਥਿਰਤਾ, ਵਪਾਰ, ਆਰਥਿਕ ਵਿਕਾਸ ਦੇ ਦ੍ਰਿਸ਼ਟੀਕੋਣ ਤੋਂ ਬੰਗਲਾਦੇਸ਼ ਲਈ ਭਾਰਤ ਬਹੁਤ ਮਹੱਤਵਪੂਰਨ ਹੈ, ਪਰ ਚੀਨ ਬਹੁਤ ਵੱਡਾ ਨਿਵੇਸ਼ ਦੀ ਪੇਸ਼ਕਸ਼ ਕਰ ਰਿਹਾ ਹੈ।

ਸ਼ੇਖ ਹਸੀਨਾ ਚੀਨ ਦੇ ਇਸ ਨਿਵੇਸ਼ ਨੂੰ ਅਵਸਰ ਦੇ ਰੂਪ ‘ਚ ਵੇਖਦੀਆਂ ਹਨ। ਭਾਰਦਵਾਜ ਦਾ ਕਹਿਣਾ ਹੈ, “ਹਸੀਨਾ ਉਨ੍ਹਾਂ ਮੌਕਿਆਂ ਨੂੰ ਗੁਆਉਣਾ ਨਹੀਂ ਚਾਹੁੰਦੀਆਂ। ਇਸ ਤੋਂ ਇਲਾਵਾ, ਉੱਥੋਂ ਦੇ ਨੌਜਵਾਨ ਵੀ ਵਿਕਾਸ ਚਾਹੁੰਦੇ ਹਨ, ਉਨ੍ਹਾਂ ਨੂੰ ਲੱਗਦਾ ਹੈ ਕਿ ਜੋ ਵੀ ਦੇਸ਼ ਵਿਕਾਸ ਵਿੱਚ ਸਹਾਇਤਾ ਕਰਦਾ ਹੈ, ਉਸ ਦਾ ਸਮਰਥਨ ਕੀਤਾ ਜਾਣਾ ਚਾਹੀਦਾ ਹੈ। ਇਥੋਂ ਤੱਕ ਕਿ ਰੋਹਿੰਗਿਆ ਮੁੱਦੇ ‘ਤੇ ਵੀ ਚੀਨ ਨੇ ਭਾਰਤ’ ਤੇ ਕਬਜ਼ਾ ਜਮਾ ਲਿਆ ਹੈ, ਇਸ ਲਈ ਸ਼ੇਖ ਹਸੀਨਾ ਵੀ ਇੱਕ ਬਦਲ ਦੇਖ ਰਹੀਆਂ ਹਨ। ”

ਇਸ ਤੋਂ ਇਲਾਵਾ ਭਾਰਦਵਾਜ ਇਹ ਵੀ ਮੰਨਦੇ ਹਨ ਕਿ ਰਾਜਨੀਤਿਕ ਸਥਿਰਤਾ ਲਈ ਹਸੀਨਾ ਨੂੰ ਭਾਰਤ ਦੀ ਬਹੁਤੀ ਜ਼ਰੂਰਤ ਨਹੀਂ ਸੀ, ਕਿਉਂਕਿ ਵਿਰੋਧੀ ਤਾਕਤਾਂ ਉਥੇ ਬਹੁਤ ਕਮਜ਼ੋਰ ਹਨ।

ਵੀਨਾ ਸੀਕਰੀ ਦਾ ਕਹਿਣਾ ਹੈ ਕਿ ਭਾਰਤ ਅਤੇ ਬੰਗਲਾਦੇਸ਼ ਮਿਲ ਕੇ ਕਈ ਪ੍ਰੋਜੈਕਟਾਂ ‘ਤੇ ਹਨ। ਉਸਦੇ ਅਨੁਸਾਰ, “ਭਾਰਤ ਨੇ ਹਾਲ ਹੀ ਵਿੱਚ ਲੋਕੋਮੋਟਿਵ ਇੰਜਣ ਪੇਸ਼ ਕੀਤੇ, ਜਿਨ੍ਹਾਂ ਦੀ ਬੰਗਲਾਦੇਸ਼ ਨੂੰ ਜ਼ਰੂਰਤ ਹੈ, ਇਸ ਤੋਂ ਪਤਾ ਚੱਲਦਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਸਬੰਧ ਬਹੁਤ ਵਧੀਆ ਚੱਲ ਰਹੇ ਹਨ। ਇਸ ਤੋਂ ਇਲਾਵਾ, ਸ਼ੇਖ ਹਸੀਨਾ ਦਾ 2019 ਵਿੱਚ ਭਾਰਤ ਦੌਰਾ ਵੀ ਸਫਲ ਰਿਹਾ।

ਤਾਂ ਕੀ ਸ਼ੇਖ ਹਸੀਨਾ ਦੀ ਪਾਕਿਸਤਾਨ ਨਾਲ ਨੇੜਤਾ ਵੀ ਵਧੇਗੀ?

ਹਾਲ ਹੀ ਵਿੱਚ ਪਾਕਿਸਤਾਨ-ਬੰਗਲਾਦੇਸ਼ ‘ਚ ਹੋਈ ਗੱਲਬਾਤ ਤੋਂ ਇਹ ਸਪਸ਼ਟ ਹੈ ਕਿ ਪਾਕਿਸਤਾਨ ਬੰਗਲਾਦੇਸ਼ ਨਾਲ ਨੇੜਤਾ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਮਾਹਰ ਮੰਨਦੇ ਹਨ ਕਿ ਇਸ ਨਾਲ ਬੰਗਲਾਦੇਸ਼ ਤੇ ਭਾਰਤ ਦੇ ਰਿਸ਼ਤੇ ਉੱਤੇ ਕੋਈ ਅਸਰ ਨਹੀਂ ਪਵੇਗਾ।

ਭਾਰਦਵਾਜ ਦਾ ਕਹਿਣਾ ਹੈ, “ਬੰਗਲਾਦੇਸ਼ ਤੇ ਪਾਕਿਸਤਾਨ ਇਕੱਠੇ ਨਹੀਂ ਹੋ ਸਕਦੇ। ਹਸੀਨਾ ਜਿਨ੍ਹਾਂ ਨਾਲ ਲੜਦੀ ਆਈ, ਉਹ ਪਾਕਿਸਤਾਨ ਪੱਖੀ ਫੋਰਸ ਰਹੀ ਹੈ।

ਬੰਗਲਾਦੇਸ਼ ਵਿਚ ਪਾਕਿਸਤਾਨ ਪੱਖੀ ਲੋਕ ਵੀ ਹਨ, ਜੋ ਮੰਨਦੇ ਹਨ ਕਿ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਵੱਖ ਕਰਨਾ ਗਲਤ ਸੀ, ਪਰ ਇਹ ਸ਼ੇਖ ਹਸੀਨਾ ਦਾ ਵੋਟ ਬੇਸ ਨਹੀਂ ਹੈ। ਗੱਲਬਾਤ ਦੀ ਕੋਸ਼ਿਸ਼ ਹਮੇਸ਼ਾ ਪਾਕਿਸਤਾਨ ਵੱਲੋਂ ਲਗਾਤਾਰ ਹੁੰਦੀ ਰਹੀ।

ਜਾਣਕਾਰ ਦੱਸਦੇ ਹਨ ਕਿ ਭਾਰਤ ਤੇ ਬੰਗਲਾਦੇਸ਼ ਵਿਚਾਲੇ ਹਾਲੇ ਅਨਸੁਲਝਾਏ ਮੁੱਦੇ ਹਨ, ਜਿਸ ਕਾਰਨ ਦੋਨਾਂ ਮੁਲਕਾਂ ਵਿਚਾਲੇ ਬਹੁਤ ਜ਼ਿਆਦਾ ਸੁਧਾਰ ਦੀ ਸੰਭਾਵਨਾ ਨਹੀਂ ਹੈ, ਪਰ ਦੋਨੋਂ ਦੇਸ਼ ਇੱਕ-ਦੂਸਰੇ ਨਾਲ ਕਈ ਮਾਮਲਿਆਂ ‘ਤੇ ਨਿਰਭਰ ਕਰਦੇ ਹਨ। ਇਸ ਲਈ ਇਹ ਕਹਿਣਾ ਗਲਤ ਹੋਵੇਗਾ ਕਿ ਦੋਨਾਂ ਦੇਸ਼ਾਂ ਵਿਚਾਲੇ ਰਿਸ਼ਤੇ ਵਿਘੜ ਸਕਦੇ ਹਨ।