India

ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਲਿੱਖੀ ਅੱਠ ਸਫ਼ਿਆਂ ਦੀ ਖੁੱਲ੍ਹੀ ਚਿੱਠੀ, ਖੇਤੀ ਕਾਨੂੰਨਾਂ ਦੇ ਦੱਸੇ ਫਾਇਦੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕਿਸਾਨਾਂ ਨੂੰ ਇੱਕ ਅੱਠ ਸਫ਼ਿਆਂ ਦੀ ਖੁੱਲ੍ਹੀ ਚਿੱਠੀ ਲਿਖ ਕੇ ਨਵੇਂ ਖੇਤੀ ਕਾਨੂੰਨਾਂ ਦੇ ਫ਼ਾਇਦੇ ਦੱਸੇ ਹਨ। ਉਨ੍ਹਾਂ ਨੇ ਚਿੱਠੀ ਆਪਣੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ। ਤੋਮਰ ਨੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

ਤੋਮਰ ਨੇ ਇਹ ਚਿੱਠੀ ਉਸ ਦਿਨ ਲਿਖੀ ਹੈ ਜਦੋਂ ਸੁਪੀਰਮ ਕੋਰਟ ਵਿੱਚ ਦਿੱਲੀ ਦੀਆਂ ਸਰਹੱਦਾਂ ਉੱਪਰ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਉੱਥੋਂ ਹਟਾਉਣ ਸੰਬੰਧੀ ਪਟੀਸ਼ਨ ਉੱਪਰ ਸੁਣਵਾਈ ਕੀਤੀ ਗਈ ਸੀ। ਤੋਮਰ ਨੇ ਕਿਸਾਨਾਂ ਨੂੰ ਬਿਨਾਂ ਕਿਸੇ ਬਾਹਰੀ ਪ੍ਰਭਾਵ ਦੇ ਤੱਥਾਂ ਉੱਪਰ ਵਿਚਾਰ ਕਰਨ ਦੀ ਬੇਨਤੀ ਕੀਤੀ ਹੈ।

 ਤੋਮਰ ਨੇ ਚਿੱਠੀ ਵਿੱਚ ਕੀ ਲਿਖਿਆ

ਨਰੇਂਦਰ ਸਿੰਘ ਤੋਮਰ ਨੇ ਚਿੱਠੀ ਵਿੱਚ ਮੁੱਖ ਤੌਰ ‘ਤੇ ਲਿਖਿਆ ਹੈ ਕਿ ਕਾਂਗਰਸ ਪਹਿਲਾਂ ਖੇਤੀ ਸੁਧਾਰਾਂ ਦੇ ਪੱਖ ਵਿੱਚ ਰਹੀ ਹੈ ਅਤੇ ਆਪਣੇ ਚੋਣ ਮੈਨੀਫੈਸਟੋ ਵਿੱਚ ਇਸ ਬਾਰੇ ਲਿਖਦੇ ਰਹੇ ਹਨ ਪਰ ਹੁਣ ਇਸ ਦਾ ਵਿਰੋਧ ਕਰ ਰਹੇ ਹਨ।

ਉਨ੍ਹਾਂ ਕਾਂਗਰਸ ‘ਤੇ ਨਿਸ਼ਾਨਾ ਸਾਧਦਿਆਂ ਲਿਖਿਆ ਕਿ “ਜੋ ਕਾਂਗਰਸ ਅੱਠ ਸਾਲਾਂ ਤੱਕ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੱਬ ਕੇ ਬੈਠੀ ਰਹੀ, ਉਹ ਕਿਸਾਨਾਂ ਦੀ ਹਿਤੈਸ਼ੀ ਕਿਵੇਂ ਹੋ ਸਕਦੀ ਹੈ। ਜੋ ਆਪ ਆਮ ਆਦਮੀ ਪਾਰਟੀ ਪੰਜਾਬ ਚੋਣਾਂ ਸਮੇਂ ਆਪਣੇ ਮੈਨੀਫੈਸਟੋ ਵਿੱਚ ਲਿਖ ਰਹੀ ਸੀ ਕਿ ਕਿਸਾਨਾਂ ਨੂੰ ਮੰਡੀ ਤੋਂ ਬਾਹਰ ਵੀ ਫ਼ਸਲ ਵੇਚਣ ਦੀ ਸਹੂਲਤ ਦੇਵੇਗੀ, ਉਹ ਪੁੱਠਾ ਕਿਉਂ ਬੋਲਣ ਲੱਗੀ ਹੈ?”

“ਹੁੱਡਾ ਕਮੇਟੀ ਨੇ ਖੇਤੀ ਸੁਧਾਰਾਂ ਦੀ ਗੱਲ ਕੀਤੀ ਸੀ, ਉਸ ਕਮੇਟੀ ਵਿੱਚ ਅਕਾਲੀ ਦਲ ਦੇ ਵੱਡੇ ਆਗੂ ਵੀ ਸਨ ਤਾਂ ਫਿਰ ਅੱਜ ਉਹ ਵੱਖਰੀ ਸੁਰ ਵਿੱਚ ਕਿਉਂ ਬੋਲ ਰਹੇ ਹਨ? ਜਦੋਂ ਲੇਹ-ਲਦਾਖ਼ ਵਿੱਚ ਸਰਹੱਦ ‘ਤੇ ਚੁਣੌਤੀਆਂ ਵਧੀਆਂ ਹੋਈਆਂ ਹੋਣ, ਜਦੋਂ ਕਈ ਫੁੱਟ ਬਰਫ਼ ਪਈ ਹੋਵੇ, ਤਾਂ ਸਰਹੱਦ ਵੱਲ ਜਵਾਨਾਂ ਲਈ ਰਸਦ ਲੈ ਕੇ ਜਾ ਰਹੀਆਂ ਟਰੇਨਾਂ ਰੋਕਣ ਵਾਲੇ ਲੋਕ ਕਿਸਾਨ ਨਹੀਂ ਹੋ ਸਕਦੇ।”

“ਇਨ੍ਹਾਂ ਲੋਕਾਂ ਕਾਰਨ ਸਾਨੂੰ ਆਪਣੇ ਫੌਜੀਆਂ ਤੱਕ ਰਸਦ ਅਤੇ ਹੋਰ ਜ਼ਰੂਰੀ ਵਸਤਾਂ ਹਵਾਈ ਮਾਰਗ ਅਤੇ ਹੋਰ ਸਾਧਨਾਂ ਰਾਹੀਂ ਪਹੁੰਚਾਉਣੀ ਪੈ ਰਹੀ ਹੈ। ਜਨਤਾ ਦੀ ਗਾੜ੍ਹੀ ਕਮਾਈ ਇਨ੍ਹਾਂ ਵਿਕਲਪੀ ਇੰਤਜ਼ਾਮਾਂ ਵਿੱਚ ਲੱਗ ਰਹੀ ਹੈ। ਪਰਦੇ ਪਿੱਛੇ ਲੁਕ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਵਾਲੇ ਇਨ੍ਹਾਂ ਲੋਕਾਂ ਦੀ ਵਿਚਾਰਧਾਰਾ ਸੰਨ 1962 ਦੀ ਲੜਾਈ ਵਿੱਚ ਵੀ ਦੇਸ਼ ਦੇ ਨਾਲ ਨਹੀਂ ਸੀ। ਅੱਜ ਇਹ ਲੋਕ ਫਿਰ 1962 ਦੀ ਭਾਸ਼ਾ ਬੋਲ ਰਹੇ ਹਨ”।

ਭਾਰਤੀ ਕਾਰਪੋਰਟਾਂ ਦਾ ਪੂਰਿਆ ਪੱਖ

ਉਨ੍ਹਾਂ ਕਿਹਾ ਕਿ “ਜਦੋਂ ਦੇਸ਼ ਆਤਮ ਨਿਰਭਰ ਭਾਰਤ ਦੇ ਸੰਕਲਪ ਨਾਲ ਅੱਗੇ ਵੱਧ ਰਿਹਾ ਹੈ, ਵੋਕਲ ਫਾਰ ਲੋਕਲ ਹੋ ਰਿਹਾ ਹੈ ਤਾਂ ਭਾਰਤ ਦੇ ਉਤਪਾਦਾਂ ਦਾ ਬਾਈਕਾਟ ਕਰਨ ਦਾ ਐਲਾਨ ਕਰਨ ਵਾਲੇ ਇਹ ਲੋਕ ਕਿਸਾਨ ਨਹੀਂ ਹੋ ਸਕਦੇ।”

“ਮੈਂ ਕਿਸਾਨ ਪਰਿਵਾਰ ਤੋਂ ਆਉਂਦਾ ਹਾਂ। ਖੇਤੀ ਦੀਆਂ ਬਰੀਕੀਆਂ ਅਤੇ ਖੇਤੀ ਦੀਆਂ ਚੁਣੌਤੀਆਂ, ਦੋਵਾਂ ਨੂੰ ਹੀ ਦੇਖਦੇ ਹੋਏ, ਸਮਝਦੇ ਹੋਏ, ਮੈਂ ਵੱਡਾ ਹੋਇਆ ਹਾਂ। ਮੇਰਾ ਫ਼ਰਜ਼ ਹੈ ਕਿ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਦਿੱਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਜੋ ਝੂਠ ਦੀ ਕੰਧ ਬਣਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ, ਉਸ ਦੀ ਸੱਚਾਈ ਅਤੇ ਸਹੀ ਸਥਿਤੀ ਤੁਹਾਡੇ ਸਾਹਮਣੇ ਰੱਖਾਂ। MSP ਜਾਰੀ ਹੈ ਅਤੇ ਜਾਰੀ ਰਹੇਗੀ।”

“ਮੰਡੀਆਂ ਚਾਲੂ ਹਨ ਅਤੇ ਚਾਲੂ ਰਹਿਣਗੀਆਂ। APMC ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਖੁੱਲ੍ਹਾ ਬਜ਼ਾਰ ਤੁਹਾਨੂੰ ਆਪਣੇ ਘਰ ਵਿੱਚ ਹੀ ਆਪਣੀ ਉਪਜ ਨੂੰ ਚੰਗੀਆਂ ਕੀਮਤਾਂ ਉੱਪਰ ਵੇਚਣ ਦਾ ਵਿਕਲਪ ਦੇਵੇਗਾ। ਕਿਸਾਨਾਂ ਦੀਆਂ ਜ਼ਮੀਨਾਂ ਖ਼ਤਰੇ ਵਿੱਚ ਨਹੀਂ ਹਨ। ਕਰਾਰ ਫ਼ਸਲ ਬਾਰੇ ਹੋਵੇਗਾ ਨਾ ਕਿ ਜ਼ਮੀਨ ਬਾਰੇ। ਕਿਸਾਨ ਜਦੋਂ ਚਾਹੇ ਕਰਾਰ ਤੋੜ ਸਕਦਾ ਹੈ।”