India Punjab

ਸਿੰਘੂ ਬਾਰਡਰ ‘ਤੇ ਬੇਅਦਬੀ ਤੋਂ ਬਾਅਦ ਹੋਏ ਕਤਲ ਦੇ ਸਬੂਤ ਮੰਗਣ ਵਾਲੇ ਪੜ੍ਹਨ ਆਹ ਖ਼ਾਸ ਰਿਪੋਰਟ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸਿੰਘੂ ਬਾਰਡਰ ਉੱਤੇ 15 ਅਕਤੂਬਰ ਨੂੰ ਬੇਅਦਬੀ ਦੀ ਘਟਨਾ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਕੀਤੇ ਲਖਬੀਰ ਨਾਂ ਦੇ ਬੰਦੇ ਦੇ ਕਤਲ ਤੋਂ ਬਾਅਦ ਲਗਾਤਾਰ ਇਸ ਬੇਅਦਬੀ ਦੀ ਘਟਨਾ ਦੇ ਸਬੂਤ ਮੰਗੇ ਜਾ ਰਹੇ ਸਨ। ਇਸਦੇ ਸਬੂਤ ਖਾਸਤੌਰ ਉੱਤੇ ‘ਦ ਖ਼ਾਲਸ ਟੀਵੀ ਨਾਲ ਵੀਡੀਓ ਦੇ ਰੂਪ ਵਿੱਚ ਸਾਂਝੇ ਕਰਦਿਆਂ ਉਡਨਾ ਦਲ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੇ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ ਅਤੇ ਕਈ ਸਵਾਲਾਂ ਦੇ ਤਰਕ ਨਾਲ ਜਵਾਬ ਵੀ ਦਿੱਤੇ।


‘ਦ ਖ਼ਾਲਸ ਟੀਵੀ ਨੇ ਬੇਅਦਬੀ ਵਾਲੀ ਘਟਨਾ ਦਾ ਖੁਦ ਜਾ ਕੇ ਜਾਇਜਾ ਲਿਆ ਤੇ ਇਸ ਘਟਨਾ ਨੂੰ ਸੰਗਤ ਨਾਲ ਪੂਰੀ ਬਰੀਕੀ ਨਾਲ ਸਾਂਝਾ ਕਰਨ ਦੀ ਪਹਿਲ ਵੀ ਕੀਤੀ। ਇੱਥੇ ਦੱਸ ਦਈਏ ਕਿ ਸਿੰਘੂ ਬਾਰਡਰ ਉੱਤੇ ਜਿਸ ਥਾਂ ਉੱਤੇ ਬੇਅਦਬੀ ਹੋਈ ਹੈ, ਉਹ ਥਾਂ ਕਿਸਾਨੀ ਸਟੇਜ ਤੋਂ ਮਹਿਜ਼ 500 ਮੀਟਰ ਦੀ ਦੂਰੀ ਉੱਤੇ ਹੈ। ਨਿਹੰਘ ਸਿੰਘਾਂ ਵੱਲੋਂ ਇਕ ਬੱਸ ਵਿਚ ਪੂਰਣ ਮਰਿਆਦਾ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦਸ਼ਮ ਗ੍ਰੰਥ ਤੇ ਸਰਬਲੋਹ ਦੀ ਪੋਥੀ (ਜਿਸਦੀ ਬੇਅਦਬੀ ਹੋਈ) ਦਾ ਪ੍ਰਕਾਸ਼ ਕੀਤਾ ਗਿਆ ਹੈ।

ਗੱਲਬਾਤ ਕਰਦਿਆਂ ਉਡਨਾ ਦਲ ਦੇ ਮੁਖੀ ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਦੀ ਹੁਣ ਤੱਕ ਸਬੂਤ ਦੇ ਰੂਪ ਵਿਚ ਵੀਡੀਓ ਇਸ ਲਈ ਰੋਕੀ ਗਈ ਸੀ, ਤਾਂ ਜੋ ਅਸੀਂ ਇਹ ਸਪਸ਼ਟ ਕਰ ਲਈਏ ਕਿ ਸਾਥੋਂ ਸਬੂਤ ਕਿਹੜੇ ਲੋਕ ਮੰਗ ਰਹੇ ਹਨ। ਕਿਉਂ ਕਿ ਸਾਨੂੰ ਇਹ ਸਪਸ਼ਟ ਨਹੀਂ ਸੀ ਕਿ ਸਬੂਤ ਆਪਣੇ ਹੀ ਮੰਗ ਰਹੇ ਹਨ ਕਿ ਕੋਈ ਹੋਰ ਲੋਕ। ਬਾਬਾ ਬਲਵਿੰਦਰ ਸਿੰਘ ਨੇ ਕਿਹਾ ਕਿ ਇਹ ਵੀਡੀਓ ਸਵੇਰੇ 5.27 ਵਜੇ ਦੀ ਹੈ ਤੇ ਇਸ ਵੀਡੀਓ ਵਿਚ ਭਗਵੰਤ ਸਿੰਘ (ਜੋ ਇਸ ਵੇਲੇ ਪੁਲਿਸ ਹਿਰਾਸਤ ਵਿੱਚ ਹੈ) ਘਟਨਾ ਦੀ ਜਾਣਕਾਰੀ ਦੇ ਰਿਹਾ ਹੈ। ਉਸਨੇ ਪਾਲਕੀ ਸਾਹਿਬ ਦੇ ਅੰਦਰ ਦਾ ਸਾਰਾ ਬ੍ਰਿਤਾਂਤ ਦੱਸਿਆ ਹੈ ਕਿ ਕਿਵੇਂ ਲਖਵੀਰ ਸਿੰਘ ਨੇ ਬੇਅਦਬੀ ਕੀਤੀ ਤੇ ਮੌਕੇ ਉੱਤੇ ਮਾਚਿਸ ਵੀ ਪਈ ਸੀ ਤੇ ਹੋ ਸਕਦਾ ਸੀ ਕਿ ਲਖਬੀਰ ਸਿੰਘ ਅੱਗ ਲਗਾਉਣ ਦੀ ਘਟਨਾ ਨੂੰ ਅੰਜਾਮ ਦੇ ਦਿੰਦਾ।

ਉਨ੍ਹਾਂ ਕਿ ਭਗਵੰਤ ਸਿੰਘ ਨੇ ਹਿਰਾਸਤ ਵਿਚ ਜਾਣ ਤੋਂ ਬਾਅਦ ਇਸ ਮੁਬਾਇਲ ਦੀ ਜਾਣਕਾਰੀ ਦਿੱਤੀ ਸੀ ਕਿ ਉਸ ਵਿਚ ਇਹ ਸਾਰੀ ਘਟਨਾ ਦਰਜ ਹੈ। ਫੋਨ ਵਿਚ ਵੀਡੀਓ ਬਣਾਉਣ ਦਾ ਸਮਾਂ ਅਤੇ ਤਰੀਕ ਵੀ ਉਹੀ ਹੈ, ਜਿਸ ਦਿਨ ਅਤੇ ਜਿਸ ਵਕਤ ਇਹ ਬੇਅਦਬੀ ਦੀ ਘਟਨਾ ਹੋਈ ਸੀ। 15 ਅਕਤੂਬਰ ਨੂੰ ਦੁਸ਼ਹਿਰਾ ਸੀ ਤੇ ਉਸੇ ਦਿਨ ਸਵੇਰ ਕਰੀਬ ਸਾਢੇ ਪੰਜ ਵਜੇ ਇਹ ਘਟਨਾ ਰਿਕਾਰਡ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬਸ ਵਿਚ ਵੜ ਕੇ ਲਖਬੀਰ ਸਰਬਲੋਹ ਦੀ ਪੋਥੀ ਆਪਣੇ ਨਾਲ ਲੈ ਗਿਆ ਸੀ।

ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਕਈ ਲੋਕ ਇਹ ਕਹਿ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੀ ਤਾਂ ਬੇਅਦਬੀ ਹੋਈ ਹੀ ਨਹੀਂ, ਉਨ੍ਹਾਂ ਕਿਹਾ ਕਿ ਸਰਬਲੋਹ ਦੀ ਪੋਥੀ ਦੀ ਬੇਅਦਬੀ ਹੋਣਾ ਵੀ ਕੋਈ ਛੋਟੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਕਈ ਪੁੱਛ ਰਹੇ ਕਿ ਪੋਥੀ ਦਾ ਕੋਈ ਅੰਗ ਤਾਂ ਪਾੜਿਆ ਹੀ ਨਹੀਂ ਗਿਆ ਹੈ ਤਾਂ ਬੇਅਦਬੀ ਕਿਵੇਂ ਹੋ ਗਈ। ਇਸ ਉੱਤੇ ਉਨ੍ਹਾਂ ਕਿਹਾ ਕਿ ਜਿਸ ਵਕਤ ਉਹ ਨਸ਼ੇੜੀ ਬੰਦਾ ਤੰਬਾਕੂ ਖਾ ਕੇ ਪਾਲਕੀ ਸਾਹਿਬ ਅੰਦਰ ਵੜ ਗਿਆ ਸੀ, ਬੇਅਦਬੀ ਤਾਂ ਉਸੇ ਵੇਲੇ ਹੋ ਗਈ ਸੀ। ਉਨ੍ਹਾਂ ਕਿਹਾ ਕਿ ਮੌਕੇ ਉੱਤੇ ਸਿੰਘ ਮੌਜੂਦ ਸਨ ਪਰ ਪਾਲਕੀ ਸਾਹਿਬ ਤੋਂ ਥੋੜਾ ਇਧਰ ਉੱਧਰ ਹੋਣ ਕਰਕੇ ਮੌਕਾ ਤਾੜਦਾ ਇਹ ਲਖਬੀਰ ਸਿੰਘ ਬਸ ਵਿਚ ਦਾਖਿਲ ਹੋ ਗਿਆ।

ਉਨ੍ਹਾਂ ਦੱਸਿਆ ਕਿ ਲਖਬੀਰ ਸਿੰਘ ਕਈ ਦਿਨ ਤੋਂ ਸਾਡੇ ਮੋਰਚੇ ਲਾਗੇ ਘੁੰਮ ਰਿਹਾ ਸੀ ਤੇ ਇੱਥੇ ਹੀ ਸੌਂਦਾ ਸੀ। ਇੱਥੋਂ ਹੀ ਉਸਨੇ ਕਿਸੇ ਨਿਹੰਗ ਸਿੰਘ ਦੇ ਬਾਣੇ ਨੂੰ ਚੁੱਕ ਕੇ ਪਾ ਲਿਆ ਤੇ ਸਰਬਲੋਹ ਦੀ ਪੋਥੀ ਕਿਸੇ ਦੂਜੀ ਥਾਂ ਲੈ ਗਿਆ ਤੇ ਉਸਨੇ ਇੱਕ ਸਾਇਕਲ ਕੋਲ ਇਹ ਪੋਥੀ ਰੱਖੀ ਹੋਈ ਸੀ। ਤਲਵਾਰ ਉਸਦੇ ਕੋਲ ਸੀ ਤੇ ਸਖਤੀ ਕਰਨ ਉਤੇ ਉਸਨੇ ਦੱਸਿਆ ਕਿ ਪੋਥੀ ਕਿੱਥੇ ਰੱਖੀ ਹੈ। ਉਨ੍ਹਾਂ ਕਿਹਾ ਕਿ ਪੋਥੀ ਨੂੰ ਫਿਰ ਸਤਿਕਾਰ ਨਾਲ ਲਿਆਂਦਾ ਗਿਆ ਤੇ ਮਰਿਆਦਾ ਅਨੁਸਾਰ ਰੱਖਿਆ ਗਿਆ। ਲਖਬੀਰ ਸਿੰਘ ਨੇ ਉਸ ਵੇਲੇ ਕਈ ਨਾਂ ਦੱਸੇ ਤੇ ਕਈ ਖੁਲਾਸੇ ਕੀਤੇ ਸਨ। ਇੱਕ ਨੰਬਰ ਵੀ ਦੱਸਿਆ ਸੀ, ਜੋ ਜਾਂਚ ਦਾ ਵਿਸ਼ਾ ਹੋਣ ਕਰਕੇ ਸਾਡੇ ਵੱਲੋਂ ਪਰਖਿਆ ਨਹੀਂ ਗਿਆ ਕਿ ਇਹ ਕਿਸਦਾ ਨੰਬਰ ਹੈ।

ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਡੇ ਮਨ ਵਿਚ ਬਹੁਤ ਚਿਰ ਤੋਂ ਸੀ ਕਿ ਅਸੀਂ ਲਗਾਤਾਰ ਹੋ ਰਹੀਆਂ ਬੇਅਦਬੀ ਵਿਚ ਇਨਸਾਫ ਕਰਨਾ ਹੈ, ਕਿਉਂ ਕਿ ਕਿਸੇ ਵੀ ਬੇਅਦਬੀ ਦਾ ਸਰਕਾਰਾਂ ਇਨਸਾਫ ਨਹੀਂ ਕਰ ਸਕੀਆਂ ਹਨ। ਪਰ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਹੀ ਖੇਮੇ ਵਿਚ ਬੇਅਦਬੀ ਦੀ ਇਹ ਘਟਨਾ ਵਾਪਰ ਜਾਵੇਗਾ। ਉਨ੍ਹਾਂ ਕਿਹਾ ਕਿ ਅਸੀਂ ਕੋਈ ਗਲਤ ਤਰੀਕਾ ਨਹੀਂ ਵਰਤਿਆ ਹੈ, ਲਖਬੀਰ ਸਿੰਘ ਨੂੰ ਗੁਰੂ ਰਵਾਇਤਾਂ ਅਨੁਸਾਰ ਹੀ ਸਜਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਹ ਪਹਿਲੀ ਘਟਨਾ ਹੈ, ਜਿਸ ਵਿੱਚ ਮੌਕੇ ਉੱਤੇ ਹੀ ਸੋਧਾ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਨੂੰ ਕੋਈ ਤਾਲਿਬਾਨ ਵਾਂਗ ਦੇਖਦਾ ਹੈ ਤਾਂ ਇਹ ਉਸਦਾ ਨਜਰੀਆ ਹੈ। ਹੁਣ ਵੀ ਜੇ ਕਿਤੇ ਬੇਅਦਬੀ ਹੁੰਦੀ ਹੈ ਤਾਂ ਸਜਾ ਦੇਣ ਦਾ ਤਰੀਕਾ ਇਹੀ ਹੋਵੇਗਾ।

ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨੀ ਅੰਦੋਲਨ ਨੂੰ ਕੋਈ ਢਾਅ ਨਹੀਂ ਲੱਗੀ ਹੈ। ਇਹ ਢਾਅ ਤਾਂ ਲੱਗਦੀ ਜੇਕਰ ਸੋਧਾ ਲਗਾਉਣ ਤੋਂ ਬਾਅਦ ਸਿੰਘ ਦੌੜ ਜਾਂਦੇ। ਅਸੀਂ ਰਵਾਇਤਾਂ ਨਾਲ ਅਰਦਾਸ ਬੇਨਤੀਆਂ ਕਰਕੇ ਹੀ ਬੇਅਦਬੀ ਤੋਂ ਬਾਅਦ ਦੋਖੀ ਨੂੰ ਸਜਾ ਦੇਣ ਵਾਲੇ ਸਿੰਘਾਂ ਨੂੰ ਪੁਲਿਸ ਪ੍ਰਸ਼ਾਸਨ ਕੋਲ ਛੱਡ ਕੇ ਆਏ ਹਾਂ। ਉਨ੍ਹਾਂ ਕਿਹਾ ਕਿ ਲਖਬੀਰ ਸਿੰਘ ਦੇ ਪਰਿਵਾਰ ਨਾਲ ਕੋਈ ਵਿਤਕਰਾ ਨਹੀਂ ਹੈ। ਕਸੂਰ ਲਖਬੀਰ ਸਿੰਘ ਦਾ ਸੀ ਤੇ ਪਰਿਵਾਰ ਨਾਲ ਕੋਈ ਵੈਰ ਨਹੀਂ ਹੈ। ਦਸ਼ਮ ਪਾਤਸ਼ਾਹ ਦੇ ਤੀਰ ‘ਤੇ ਲੱਗੇ ਸੋਨੇ ਦੀ ਰਵਾਇਤ ਅਨੁਸਾਰ ਉਸਦੀਆਂ ਲੜਕੀਆਂ ਨੂੰ ਲੱਖ ਲੱਖ ਰੁਪਏ ਦਿੱਤੇ ਗਏ ਹਨ ਤੇ ਸੰਗਤ ਨੂੰ ਕਿਹਾ ਗਿਆ ਹੈ ਕਿ ਉਸਦੇ ਪਰਿਵਾਰ ਨਾਲ ਵਿਤਕਰਾ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਦੇ ਕਹਿਣ ‘ਤੇ ਨਹੀਂ ਆਏ ਤੇ ਨਾ ਹੀ ਜਾਵਾਂਗੇ, ਅਸੀਂ ਡਟੇ ਹੋਏ ਹਾਂ। ਸੰਗਤ ਸਾਨੂੰ ਲਗਾਤਾਰ ਫੋਨ ਕਰਕੇ ਕਹਿ ਰਹੀ ਹੈ ਕਿ ਅਸੀਂ ਮੋਰਚਾ ਛੱਡ ਕੇ ਨਾ ਜਾਈਏ।

ਕੀ ਹੈ ਸਰਬਲੋਹ
ਬਾਬਾ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਰਬਲੋਹ ਦਾ ਮਤਲਬ ਹੁੰਦਾ ਹੈ…ਸਾਰਾ ਲੋਹੇ ਵਿਚ ਮੜਿਆ ਹੋਣਾ। ਇਸ ਵਿੱਚ ਵੀਰ ਰਸ ਦੀਆਂ ਬਾਣੀਆ ਹੈ। ਇਹ ਦਸ਼ਮ ਪਾਤਸ਼ਾਹ ਦੀਆਂ ਸਾਰੀਆਂ ਹੀ ਗੁਰਬਾਣੀਆਂ ਹਨ, ਜਿਸ ਕਾਰਨ ਇਸਦਾ ਸਤਿਕਾਰ ਬਹੁਤ ਵੱਡਾ ਹੈ।