Punjab

ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਚੁਣੌਤੀ ਦੇਣ ਵਾਲੀ ਸਤਿਕਾਰ ਕਮੇਟੀ ਨੇ ਪਰਿਵਾਰ ਨੂੰ ਵਾਪਸ ਕੀਤਾ ਪਾਵਨ ਸਰੂਪ

‘ਦ ਖ਼ਾਲਸ ਬਿਊਰੋ:- ਭਾਈ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਵਾਲੀ ਸਤਿਕਾਰ ਕਮੇਟੀ ਨੇ 2016 ਵਿੱਚ ਜਲੰਧਰ ਦੇ ਇੱਕ ਸਿੱਖ ਪਰਿਵਾਰ ਦੇ ਘਰੋਂ ਚੁੱਕਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੁਰਾਤਨ ਪਾਵਨ ਸਰੂਪ ਪਰਿਵਾਰ ਨੂੰ ਵਾਪਿਸ ਕਰ ਦਿੱਤਾ ਹੈ। ਹਰਸਿਮਰਨਬੀਰ ਸਿੰਘ ਪੁੱਤਰ ਸਵਰਗਵਾਸੀ ਰਣਬੀਰ ਸਿੰਘ ਸਤਿਕਾਰ ਕਮੇਟੀ ਦੇ ਸੱਦੇ ‘ਤੇ ਪਿੰਡ ਸਿਆਲਕਾ, ਜ਼ਿਲ੍ਹਾ ਅੰਮ੍ਰਿਤਸਰ ਪੁੱਜੇ। ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਕਾਨੂੰਨੀ ਸਲਾਹਕਾਰ ਪਰਮਿੰਦਰ ਸਿੰਘ ਢੀਂਗਰਾ ਅਤੇ ਹੋਰਨਾਂ ਦੀ ਹਾਜ਼ਰੀ ਵਿੱਚ ਸਰੂਪ ਪਰਿਵਾਰ ਨੂੰ ਸੌਂਪਿਆ ਗਿਆ ਜੋ ਪੂਰੀ ਸ਼ਰਧਾ ਭਾਵਨਾ ਨਾਲ ਜਲੰਧਰ ਵਿੱਚ ਆਪਣੇ ਘਰ ਲੈ ਕੇ ਆਏ।

ਪਰਿਵਾਰ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਵਾਗਤ ਕਰਨ ਦੇ ਲਈ ਜ਼ਮੀਨ ‘ਤੇ ‘ਜੀ ਆਇਆਂ ਨੂੰ’ ਲਿਖਿਆ ਗਿਆ ਅਤੇ ਤੇਲ ਚੋਅ ਕੇ ਪਾਵਨ ਸਰੂਪ ਨੂੰ ਅੰਦਰ ਲਿਜਾਇਆ ਗਿਆ। ਪਰਿਵਾਰ ਵੱਲੋਂ ਬੜੀ ਸ਼ਰਧਾ ਦੇ ਨਾਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਆਪਣੇ ਘਰ ਸੁਸ਼ੋਭਿਤ ਕੀਤਾ ਗਿਆ। ਇਹ ਸਰੂਪ 4 ਸਾਲਾਂ ਬਾਅਦ ਸਤਿਕਾਰ ਕਮੇਟੀ ਦੇ ਕੰਮਾਂ ਬਾਰੇ ਵਿਵਾਦ ਖੜ੍ਹਾ ਹੋ ਜਾਣ ਕਾਰਨ ਅਤੇ ਪਰਿਵਾਰ ਵੱਲੋਂ ਮਾਮਲੇ ਨੂੰ ਮੀਡੀਆ ਵਿੱਚ ਲਿਜਾਏ ਜਾਣ ਤੋਂ ਬਾਅਦ ਪਰਿਵਾਰ ਨੂੰ ਵਾਪਿਸ ਕੀਤਾ ਗਿਆ।

‘ਦ ਖ਼ਾਲਸ ਟੀਵੀ ਨੇ ਇਹ ਖ਼ਬਰ ਬਹੁਤ ਪ੍ਰਮੁੱਖਤਾ ਨਾਲ ਦਿਖਾਈ ਸੀ ਜਿਸ ਤੋਂ ਮਗਰੋਂ ਇਹ ਮਸਲਾ ਗਰਮਾ ਗਿਆ ਅਤੇ ਸਤਿਕਾਰ ਕਮੇਟੀ ਨੇ ਪਰਿਵਾਰ ਨੂੰ ਸਰੂਪ ਵਾਪਿਸ ਕਰ ਦਿੱਤਾ।

ਸਤਿਕਾਰ ਕਮੇਟੀ ਨੇ 1 ਅਕਤੂਬਰ, 2016 ਨੂੰ ਸ: ਰਣਬੀਰ ਸਿੰਘ ਦੇ ਘਰੋਂ ਧਾਰਮਿਕ ਉਲੰਘਣਾ ਦਾ ਹਵਾਲਾ ਦੇ ਕੇ ਪਾਵਨ ਸਰੂਪ ਚੁੱਕਿਆ ਸੀ ਅਤੇ 16 ਅਗਸਤ, 2016 ਤੱਕ ਸਰੂਪ ਨੂੰ ਵਾਪਿਸ ਕੀਤੇ ਜਾਣ ਦਾ ਲਿਖਤੀ ਤੌਰ ‘ਤੇ ਦਾਅਵਾ ਕੀਤਾ ਸੀ। ਸਰੂਪ ਨੂੰ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਂਵੀਂ ਪਾਤਸ਼ਾਹੀ ਵਿਖੇ ਸੁਸ਼ੋਭਿਤ ਕਰ ਦਿੱਤਾ ਗਿਆ ਸੀ, ਜੋ ਬਾਅਦ ਵਿੱਚ ਸਤਿਕਾਰ ਕਮੇਟੀ ਉਸ ਗੁਰਦੁਆਰਾ ਸਾਹਿਬ ਤੋਂ ਵਾਪਿਸ ਲੈ ਆਈ।

ਪਿਛਲੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਤਿਕਾਰ ਕਮੇਟੀ ਵੱਲੋਂ ਘਰਾਂ ਵਿੱਚੋਂ ਪਾਵਨ ਸਰੂਪ ਚੁੱਕੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਸੀ। ਸਿੰਘ ਸਾਹਿਬ ਨੇ ਆਦੇਸ਼ ਜਾਰੀ ਕੀਤਾ ਸੀ ਕਿ ਆਪੂ ਬਣੀਆਂ ਸਤਿਕਾਰ ਕਮੇਟੀਆਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕੋਈ ਮਾਨਤਾ ਨਹੀਂ ਹੈ ਅਤੇ ਇਹਨਾਂ ਨੂੰ ਸਿੱਖਾਂ ਦੇ ਘਰਾਂ ਵਿੱਚੋਂ ਜ਼ਬਰਦਸਤੀ ਸਰੂਪ ਚੁੱਕ ਕੇ ਲਿਜਾਣ ਦਾ ਕੋਈ ਹੱਕ ਨਹੀਂ ਹੈ।