International

ਅਮਰੀਕਾ ਨੇ ਚੀਨੀ ਜਾਸੂਸ ਗ੍ਰਿਫਤਾਰ ਕਰਨ ਦਾ ਕੀਤਾ ਦਾਅਵਾ, ਵਧ ਸਕਦਾ ਹੈ ਅਮਰੀਕਾ-ਚੀਨ ਤਣਾਅ

‘ਦ ਖ਼ਾਲਸ ਬਿਊਰੋ- ਅਮਰੀਕਾ ਅਤੇ ਚੀਨ ਵਿੱਚ ਤਣਾਅ ਲਗਾਤਾਰ ਵੱਧਦਾ ਜਾ ਰਿਹਾ ਹੈ। ਇਸ ਤਣਾਅ ਨੇ ਹੁਣ ਇੱਕ ਹੋਰ ਨਵਾਂ ਮੋੜ ਲੈ ਲਿਆ ਹੈ। ਅਮਰੀਕਾ ਨੇ ਸਿੰਗਾਪੁਰ ਦੇ ਇੱਕ ਨਾਗਰਿਕ ‘ਤੇ ਚੀਨੀ ਜਾਸੂਸ ਵਜੋਂ ਕੰਮ ਕਰਨ ਦਾ ਦੋਸ਼ ਲਾਇਆ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ, ਜੂਨ ਵੇਈ ਯੋ ਅਮਰੀਕਾ ਵਿੱਚ ਇੱਕ ਰਾਜਨੀਤਿਕ ਕੰਸਲਟੈਂਸੀ ਚਲਾ ਰਿਹਾ ਸੀ, ਜਿਸ ਰਾਹੀਂ ਉਹ ਚੀਨ ਦੀ ਖੁਫੀਆ ਏਜੰਸੀ ਲਈ ਜਾਣਕਾਰੀ ਇਕੱਤਰ ਕਰ ਰਿਹਾ ਸੀ।   ਅਮਰੀਕਾ ਦੇ ਨਿਆਂ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਜੂਨ ਵੇਈ ਯੋ, ਜਿਸਦਾ ਦੂਜਾ ਨਾਮ ਡਿਕਸਨ ਯੋ ਹੈ, ਨੂੰ ਇੱਕ ਸੰਘੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਕਿ ਉਹ 2015–19 ਤੋਂ ਚੀਨੀ ਸਰਕਾਰ ਦੇ ਗੈਰ-ਕਾਨੂੰਨੀ ਏਜੰਟ ਵਜੋਂ ਕੰਮ ਕਰਦਾ ਆ ਰਿਹਾ ਹੈ।

ਜੂਨ ਵੇਈ ਯੋ ਨੇ ਇਹ ਮੰਨਿਆ ਹੈ ਕਿ ਉਹ ਉੱਚ-ਪੱਧਰੀ ਸੁਰੱਖਿਆ ਪ੍ਰਵਾਨਗੀ ਵਾਲੇ ਅਮਰੀਕੀਆਂ ਨੂੰ ਲੱਭਦਾ ਸੀ ਅਤੇ ਫਿਰ ਉਨ੍ਹਾਂ ਦੇ ਜਾਅਲੀ ਗਾਹਕਾਂ ਲਈ ਰਿਪੋਰਟ ਲਿਖਦਾ ਹੁੰਦਾ ਸੀ। ਉਸਨੂੰ 2019 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।  ਇਸ ਤੋਂ ਇਲਾਵਾ ਇੱਕ ਚੀਨੀ ਖੋਜਕਰਤਾ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ, ਜਿਸ ‘ਤੇ ਚੀਨੀ ਫੌਜ ਨਾਲ ਆਪਣੇ ਸੰਬੰਧ ਲੁਕਾਉਣ ਦਾ ਦੋਸ਼ ਹੈ। ਅਮਰੀਕੀ ਅਧਿਕਾਰੀਆਂ ਦੇ ਅਨੁਸਾਰ 37 ਸਾਲਾ ਇਸ ਖੋਜਕਰਤਾ ਦਾ ਨਾਮ ਜੁਆਨ ਟੈਂਗ ਹੈ। ਉਹ ਉਨ੍ਹਾਂ ਚਾਰ ਚੀਨੀ ਨਾਗਰਿਕਾਂ ਵਿੱਚੋਂ ਸੀ ਜੋ ਵੀਜ਼ਾ ਧੋਖਾਧੜੀ ਦੇ ਕੇਸ ਵਿੱਚ ਫੜੇ ਗਏ ਸਨ।

ਇਸ ਤੋਂ ਪਹਿਲਾਂ ਚੀਨ ਨੇ ਚਾਂਗੜੂ ਵਿੱਚ ਅਮਰੀਕੀ ਕੌਂਸਲੇਟ ਜਨਰਲ ਬੰਦ ਕਰਨ ਦੇ ਆਦੇਸ਼ ਦਿੱਤੇ ਸਨ ਕਿਉਂਕਿ ਅਮਰੀਕਾ ਨੇ ਹਿਊਸਟਨ ਵਿੱਚ ਚੀਨੀ ਦੂਤਘਰ ਨੂੰ ਬੰਦ ਕਰ ਦਿੱਤਾ ਸੀ। ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਸ ਫੈਸਲੇ ਪਿੱਛੇ ਚੀਨ ਵੱਲੋਂ ਬੌਧਿਕ ਜਾਇਦਾਦ ਨੂੰ ਚੋਰੀ ਕਰਨ ਦਾ ਕਾਰਨ ਦਿੱਤਾ ਹੈ। ਚੀਨੀ ਡਿਪਲੋਮੈਂਟਾਂ ਨੂੰ ਹਿਊਸਟਨ ਛੱਡਣ ਲਈ 72 ਘੰਟੇ ਦਿੱਤੇ ਗਏ ਸਨ।