ਚੰਡੀਗੜ੍ਹ- ਕੋਰੋਨਾਵਾਇਰਸ ਦੇ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਸਾਰੇ ਭਾਰਤ ਨੂੰ ਜਨਤਕ ਕਰਫਿਊ ਦਾ ਸੱਦਾ ਦਿੱਤਾ ਸੀ ਪਰ ਇਸ ਦੇ ਬਾਵਜੂਦ ਵੀ ਬਹੁਤ ਸਾਰੇ ਲੋਕ ਇਸ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਸ਼ਰੇਆਮ ਸੜਕਾਂ ‘ਤੇ ਘੁੰਮਦੇ ਹੋਏ ਨਜ਼ਰ ਆਏ। ਦੇਸ਼ ਦੇ ਬਹੁਤੇ ਹਿੱਸਿਆਂ ’ਚ ਜਨਤਾ ਕਰਫ਼ਿਊ ਦੇ ਬਾਵਜੂਦ ਲੋਕ ਸ਼ਾਮੀਂ 5:00 ਵਜੇ ਡਾਕਟਰਾਂ,ਪੁਲਿਸ ਕਰਮੀਆਂ ਦਾ ਹੌਂਸਲਾ ਵਧਾਉਣ ਲਈ ਥਾਲੀਆਂ, ਤਾਲੀਆਂ ਤੇ ਸ਼ੰਖ ਵਜਾਉਣ ਲਈ ਵੱਡੀ ਗਿਣਤੀ ’ਚ ਘਰਾਂ ਤੋਂ ਬਾਹਰ ਨਿੱਕਲ ਆਏ ਸਨ ਜਿਸ ’ਤੇ ਨਰਿੰਦਰ ਮੋਦੀ ਨੇ ਹੁਣ ਸਖ਼ਤੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਲੋਕ ਲੌਕਡਾਊਨ ਦੀ ਪਾਲਣਾ ਨਹੀਂ ਕਰ ਰਹੇ ਹਨ,ਇਸ ਲਈ ਸਰਕਾਰਾਂ ਕਾਨੂੰਨ ਦੀ ਪਾਲਣਾ ਕਰਵਾਉਣ। ਕੇਂਦਰ ਸਰਕਾਰ ਨੇ ਹੁਣ ਇੱਕ ਹਦਾਇਤ ਜਾਰੀ ਕੀਤੀ ਹੈ ਕਿ ਜੇ ਕੋਈ ਲੌਕਡਾਊਨ ਦੀ ਪਾਲਣਾ ਨਹੀਂ ਕਰਦਾ, ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਲੌਕਡਾਊਨ ਦੀ ਹਾਲਤ ਬਾਰੇ ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ’ਚ ਲਿਖਿਆ ਹੈ ਕਿ ਲੌਕਡਾਊਨ ਨੂੰ ਹਾਲੇ ਵੀ ਕਈ ਲੋਕ ਗੰਭੀਰਤਾ ਨਾਲ ਨਹੀਂ ਲੈ ਰਿਹਾ। ਕ੍ਰਿਪਾ ਕਰ ਕੇ ਆਪਣੇ–ਆਪ ਨੂੰ ਬਚਾਓ, ਆਪਣੇ ਪਰਿਵਾਰ ਨੂੰ ਬਚਾਓ, ਹਦਾਇਤਾਂ ਦੀ ਪਾਲਣਾ ਗੰਭੀਰਤਾ ਨਾਲ ਕਰੋ। ਸੂਬਾ ਸਰਕਾਰਾਂ ਨੂੰ ਮੇਰੀ ਬੇਨਤੀ ਹੈ ਕਿ ਉਹ ਨਿਯਮਾਂ ਤੇ ਕਾਨੂੰਨਾਂ ਦੀ ਪਾਲਣਾ ਕਰਵਾਉਣ।

ਕੋਰੋਨਾਵਾਇਰਸ ਦੇ ਮਾਮਲੇ ਦੇਸ਼ ’ਚ ਲਗਾਤਾਰ ਵਧਦੇ ਜਾ ਰਹੇ ਹਨ। ਕੋਰੋਨਾਵਾਇਰਸ ਨੇ ਹੁਣ ਤੱਕ 8 ਜਾਨਾਂ ਲੈ ਲਈਆਂ ਹਨ ਤੇ ਕੋਰੋਨਾ–ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਵਧ ਕੇ 429 ਹੋ ਗਈ ਹੈ। ਦੇਸ਼ ਦੇ 15 ਤੋਂ ਵੱਧ ਸੂਬਿਆਂ ਦੀਆਂ ਸਰਕਾਰਾਂ ਨੇ ਲੌਕਡਾਊਨ ਦੇ ਹੁਕਮ ਜਾਰੀ ਕੀਤੇ ਹੋਏ ਹਨ ਪਰ ਫਿਰ ਵੀ ਲੋਕ ਲਗਾਤਾਰ ਬਾਹਰ ਨਿਕਲ ਰਹੇ ਹਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਿਹੇ ਲੋਕਾਂ ਪ੍ਰਤੀ ਸਖ਼ਤ ਨਾਰਾਜ਼ਗੀ ਪ੍ਰਗਟਾਈ ਹੈ।

ਕੋਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਾਰਨ ਪੰਜਾਬ, ਦਿੱਲੀ, ਉੱਤਰ ਪ੍ਰਦੇਸ਼, ਰਾਜਸਥਾਨ ਸਮੇਤ ਦੇਸ਼ ਦੇ 15 ਸੂਬਿਆਂ ਵਿੱਚ ਲੌਕਡਾਊਨ ਦੇ ਹਾਲਾਤ ਹਨ ਪਰ ਅੱਜ ਸੋਮਵਾਰ ਸਵੇਰੇ ਕੁੱਝ ਲੋਕ ਸੜਕਾਂ ’ਤੇ ਵਿਖਾਈ ਦਿੱਤੇ। ਦਿੱਲੀ–ਨੌਇਡਾ ਐਕਸਪ੍ਰੈੱਸਵੇਅ ਉੱਤੇ ਤਾਂ ਅੱਜ ਸਵੇਰੇ ਜਾਮ ਹੀ ਲੱਗ ਗਿਆ ਸੀ। ਇਸ ਤੋਂ ਬਾਅਦ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਟਵੀਟ ਸਾਹਮਣੇ ਆਇਆ।