‘ਦ ਖ਼ਾਲਸ ਬਿਊਰੋ :- ਪੰਜਾਬ ਦੇ ਕਿਸਾਨ ਅੰਦੋਲਨ ’ਚ ‘ਖੇਤਾਂ ਦਾ ਰਾਜਾ’ ਭੱਲ ਖੱਟ ਗਿਆ ਹੈ। ਕੇਂਦਰੀ ਖੇਤੀ ਕਾਨੂੰਨਾਂ ਦਾ ਭਵਿੱਖ ਕੁੱਝ ਵੀ ਹੋਵੇ ਪਰ ਪੰਜਾਬ ’ਚ ਟਰੈਕਟਰ ਪ੍ਰਤੀ ਖਿੱਚ ਵਧੀ ਹੈ। ਕੋਵਿਡ ਦੇ ਬਾਵਜੂਦ ਪੰਜਾਬ ’ਚ ਟਰੈਕਟਰਾਂ ਦੀ ਵਿਕਰੀ ਵਿੱਚ ਇਕਦਮ ਵਾਧਾ ਇਸ ਦਾ ਗਵਾਹ ਹੈ। ਹਾਲਾਂਕਿ ਵਿਕਰੀ ’ਚ ਵਾਧੇ ਦੇ ਕਾਰਨ ਹੋਰ ਵੀ ਹਨ ਪਰ ਟਰੈਕਟਰ ਮਾਰਚਾਂ ਅਤੇ ਕਿਸਾਨ ਅੰਦੋਲਨਾਂ ‘ਚ ਟਰੈਕਟਰ ਦਾ ਉਭਾਰ ਵੀ ਵੱਡਾ ਕਾਰਨ ਬਣਿਆ ਹੈ।

ਵੇਰਵਿਆਂ ਅਨੁਸਾਰ ਦੇਸ਼ ਭਰ ਵਿੱਚ 21 ਟਰੈਕਟਰ ਕੰਪਨੀਆਂ ਹਨ ਜਿਨ੍ਹਾਂ ਕੋਲ ਟਰੈਕਟਰ ਸਟਾਕ ਵਿੱਚ ਵੀ ਨਹੀਂ ਹਨ। ਟਰੈਕਟਰ ਹੁਣ ਬੁਕਿੰਗ ’ਤੇ ਮਿਲਣ ਲੱਗੇ ਹਨ। ਵੱਡੇ ਟਰੈਕਟਰਾਂ ਦੀ ਮੰਗ ਕੋਵਿਡ ਮਗਰੋਂ ਦੇਖਣ ’ਚ ਆਈ ਹੈ। ਪੰਜਾਬ ਵਿੱਚ ਜਨਵਰੀ 2020 ਤੋਂ ਹੁਣ ਤੱਕ 17,611 ਟਰੈਕਟਰਾਂ ਦੀ ਵਿਕਰੀ ਹੋਈ ਹੈ ਜਦਕਿ ਅਪਰੈਲ, ਮਈ ਤੇ ਜੂਨ ਮਹੀਨੇ ’ਚ ਕੋਵਿਡ ਕਰਕੇ ਵਿਕਰੀ ਬੁਰੀ ਤਰ੍ਹਾਂ ਪ੍ਰਭਾਵਿਤ ਰਹੀ ਹੈ।

ਪੰਜਾਬ ਵਿੱਚ ਰੋਜ਼ਾਨਾ ਔਸਤਨ 55 ਟਰੈਕਟਰਾਂ ਦੀ ਵਿਕਰੀ ਹੁੰਦੀ ਹੈ। ਵੇਰਵਿਆਂ ਅਨੁਸਾਰ ਪੰਜਾਬ ਵਿੱਚ ਇਕੱਲੇ ਸਤੰਬਰ ਮਹੀਨੇ ‘ਚ 3037 ਟਰੈਕਟਰ ਵਿਕੇ ਹਨ ਜੋ ਆਪਣੇ ਆਪ ’ਚ ਰਿਕਾਰਡ ਹੈ। ਸਾਲ 2020 ਦੇ ਅਕਤੂਬਰ ਮਹੀਨੇ ਤੱਕ ਦੇਸ਼ ਭਰ ਵਿੱਚ 4.01 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ ਅਤੇ ਸਾਲ 2019 ਵਿੱਚ ਇਹ ਵਿਕਰੀ 4.52 ਲੱਖ ਰਹੀ ਹੈ। ਕੋਵਿਡ ਦਾ ਵੱਡਾ ਅਸਰ ਦੇਸ਼ ਵਿੱਚ ਵੇਖਣ ਨੂੰ ਮਿਲਿਆ ਹੈ। ਪੂਰੇ ਮੁਲਕ ਵਿੱਚ ਸਾਲ 2018 ਵਿੱਚ 4.36 ਲੱਖ, ਸਾਲ 2017 ਵਿੱਚ 3.91 ਲੱਖ ਅਤੇ ਸਾਲ 2016 ਵਿੱਚ 3.33 ਲੱਖ ਟਰੈਕਟਰਾਂ ਦੀ ਵਿਕਰੀ ਹੋਈ ਹੈ।

ਦੇਸ਼ ’ਚੋਂ ਉੱਤਰੀ ਭਾਰਤ ਦੀ ਹਮੇਸ਼ਾ ਇਸ ਵਿਕਰੀ ’ਚ ਝੰਡੀ ਰਹੀ ਹੈ। ਪੰਜਾਬ ਵਿੱਚ ਸਾਲ 2016 ਵਿੱਚ 19,216 ਟਰੈਕਟਰ ਵਿਕੇ ਸਨ ਅਤੇ ਸਾਲ 2017 ਵਿੱਚ ਇਹ ਵਿਕਰੀ 20,334 ਟਰੈਕਟਰਾਂ ਦੀ ਹੋ ਗਈ। ਸਾਲ 2018 ਵਿੱਚ ਪੰਜਾਬ ਵਿੱਚ ਟਰੈਕਟਰਾਂ ਦੀ ਵਿਕਰੀ 19,698 ਰਹੀ ਜਦਕਿ ਸਾਲ 2019 ਵਿੱਚ ਪੰਜਾਬ ਵਿੱਚ 21,321 ਟਰੈਕਟਰ ਵਿਕੇ ਹਨ। ਇਸ ਵਾਰ ਇਹ ਅੰਕੜਾ ਪਾਰ ਹੋਣ ਦੀ ਸੰਭਾਵਨਾ ਹੈ ਪਰ ਟਰੈਕਟਰ ਕੰਪਨੀਆਂ ਕੋਲ ਸਟਾਕ ਮੁੱਕਿਆ ਪਿਆ ਹੈ।

ਕੋਵਿਡ ਕਰਕੇ ਕੰਪਨੀਆਂ ਨੂੰ ਸਪੇਅਰ ਪਾਰਟਸ ਵੀ ਨਹੀਂ ਮਿਲ ਰਿਹਾ ਹੈ। ਕਈ ਕੰਪਨੀਆਂ ਨੂੰ ਆਪਣੇ ਪਲਾਂਟ ਬੰਦ ਵੀ ਕਰਨੇ ਪਏ ਸਨ। ਬਰਨਾਲਾ ਦੇ ਪਿੰਡ ਠੂਲੇਵਾਲ ਦੇ ਕਿਸਾਨ ਸਰਬਜੀਤ ਸਿੰਘ ਢਿੱਲੋਂ ਆਖਦੇ ਹਨ ਕਿ ਟਰੈਕਟਰ ਕਿਸਾਨੀ ਦਾ ਪ੍ਰਤੀਕ ਹੈ ਅਤੇ ਕਿਸਾਨੀ ਘੋਲ ਨਾਲ ਇਸ ਪ੍ਰਤੀਕ ਨੂੰ ਵੀ ਵੱਡੀ ਮਾਨਤਾ ਮਿਲੀ ਹੈ। ਪੰਜਾਬ ’ਚ ਪੁਰਾਣੇ ਟਰੈਕਟਰਾਂ ਦੀ ਖਰੀਦੋ ਫਰੋਖਤ ਦਾ ਕੰਮ ਵੀ ਵਧਿਆ ਹੈ।

ਟਰੈਕਟਰਾਂ ਦੀ ਮੰਗ ਵਧੀ: ਖੇਤਰੀ ਮੈਨੇਜਰ

ਮਹਿੰਦਰਾ ਐਂਡ ਮਹਿੰਦਰਾ ਦੇ ਖੇਤਰੀ ਜਨਰਲ ਮੈਨੇਜਰ ਜੈ ਚੰਦਰ ਨੇ ਕਿਹਾ ਕਿ ਕੋਵਿਡ ਮਗਰੋਂ ਟਰੈਕਟਰ ਦੀ ਪੰਜਾਬ ਵਿੱਚ ਵਿਕਰੀ ਵਧੀ ਹੈ ਅਤੇ ਟਰੈਕਟਰ ਦੀ ਉਡੀਕ ਸੂਚੀ ਚੱਲ ਰਹੀ ਹੈ। ਉਨ੍ਹਾਂ ਵਿਕਰੀ ਲਈ ਮੋਟੇ ਤੌਰ ’ਤੇ ਤਿੰਨ ਕਾਰਨ ਦੱਸੇ। ਉਨ੍ਹਾਂ ਕਿਹਾ ਕਿ ਕਿਸਾਨ ਘਰਾਂ ਵਿੱਚ ਕੋਵਿਡ ਕਰਕੇ ਰੁਕੇ ਹਨ ਅਤੇ ਨਵੀਂ ਉਸਾਰੀ ਵੀ ਸ਼ੁਰੂ ਨਹੀਂ ਹੋਈ। ਉੱਪਰੋਂ ਮੁੰਡਿਆਂ ਨੂੰ ਵਿਦੇਸ਼ ਭੇਜਣ ਦਾ ਕੰਮ ਪੈਂਡਿੰਗ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਘੋਲ ਦੌਰਾਨ ਵੀ ਟਰੈਕਟਰ ਦਾ ਉਭਾਰ ਹੋਇਆ ਹੈ ਅਤੇ ਵੱਡੇ ਟਰੈਕਟਰਾਂ ਪ੍ਰਤੀ ਨਵੀਂ ਪੀੜ੍ਹੀ ਉਲਾਰ ਹੋਈ ਹੈ।

Leave a Reply

Your email address will not be published. Required fields are marked *