‘ਦ ਖ਼ਾਲਸ ਬਿਊਰੋ:- ਤਿੰਨ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਵਧ ਗਿਆ ਹੈ, ਜਿਸ ਕਰਕੇ ਇੰਜਨੀਅਰਿੰਗ ਵਿਭਾਗ ਨੇ ਸਵੇਰੇ 4 ਵਜੇ ਦੇ ਕਰੀਬ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹ ਦਿੱਤੇ। ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਵਧਣ ਕਰਕੇ ਖੋਲ੍ਹੇ ਫਲੱਡ ਗੇਟ 10 ਘੰਟੇ ਬਾਅਦ ਬੰਦ ਕੀਤੇ ਗਏ।
ਇੰਜਨੀਅਰਿੰਗ ਵਿਭਾਗ ਅਨੁਸਾਰ ਸਵੇਰੇ ਸੁਖਨਾ ਝੀਲ ਵਿੱਚ ਪਾਣੀ 1163.5 ਫੁੱਟ ‘ਤੇ ਪਹੁੰਚ ਗਿਆ ਸੀ ਪਰ ਹੁਣ ਪਾਣੀ ਦਾ ਪੱਧਰ 1162 ਫੁੱਟ ਹੈ। ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਤੋਂ ਬਾਅਦ ਚੰਡੀਗੜ੍ਹ ਦੇ ਕਈ ਹੇਠਲੇ ਪਿੰਡਾਂ ਵਿੱਚ ਪਾਣੀ ਭਰ ਗਿਆ।
ਪ੍ਰਸ਼ਾਸਨ ਵੱਲੋਂ ਸੁਖਨਾ ਝੀਲ ਦੇ ਫਲੱਡ ਗੇਟ ਖੋਲ੍ਹਣ ਨਾਲ ਜ਼ੀਰਕਪੁਰ ਦਾ ਬਲਟਾਣਾ ਖੇਤਰ ਕਾਫੀ ਪ੍ਰਭਾਵਿਤ ਹੋਇਆ ਹੈ। ਝੀਲ ਤੋਂ ਛੱਡਿਆ ਪਾਣੀ ਬਲਟਾਣਾ ’ਚੋਂ ਲੰਘ ਰਹੇ ਸੁਖਨਾ ਚੋਅ ’ਚ ਭਰ ਗਿਆ। ਬਲਟਾਣਾ ਪੁਲਿਸ ਚੌਂਕੀ, ਮਿਊਂਸੀਪਲ ਪਾਰਕ ਹੋਟਲ ਵੈਲਵਟ ਕਲਾਰਕ ਦੀ ਬੇਸਮੈਂਟ ’ਚ ਵੀ ਪਾਣੀ ਭਰ ਗਿਆ। ਅਜੇ ਤੱਕ ਰਿਹਾਇਸ਼ੀ ਖੇਤਰ ਵਿੱਚ ਬਚਾਅ ਹੈ, ਪਰ ਜੇਕਰ ਪਾਣੀ ਵਧਦਾ ਰਿਹਾ ਤਾਂ ਰਿਹਾਇਸ਼ੀ ਖੇਤਰ ’ਚ ਵੀ ਪਾਣੀ ਭਰ ਸਕਦਾ ਹੈ। ਸੁਖਨਾ ਚੋਅ ‘ਚ ਪਾਣੀ ਭਰਨ ਮਗਰੋਂ ਨਗਰ ਕੌਂਸਲ ਦਾ ਕੋਈ ਵੀ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ ਸੀ। ਲੋਕਾਂ ਚ ਸਹਿਮ ਦਾ ਮਾਹੌਲ ਹੈ।