‘ਦ ਖ਼ਾਲਸ ਬਿਊਰੋ:- ਸਤਿਕਾਰ ਕਮੇਟੀਆਂ ਦੇ ਧਰਨੇ ਨੂੰ ਲੈ ਕੇ ਹੋਈ ਤਕਰਾਰ ਵਿੱਚ ਨਵਾਂ ਖੁਲਾਸਾ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਤਿਕਾਰ ਕਮੇਟੀਆਂ ‘ਤੇ ਗੁੰਡਾਗਰਦੀ ਦੇ ਇਲਜ਼ਾਮ ਲਗਾਏ ਹਨ। SGPC ਨੇ ਇੱਕ ਵੀਡੀਓ ਜਾਰੀ ਕਰਕੇ ਇਹ ਦਾਅਵਾ ਕੀਤਾ ਹੈ ਕਿ ਪਹਿਲਾਂ ਪ੍ਰਦਰਸ਼ਨਕਾਰੀਆਂ ਨੇ ਹਮਲਾ ਕੀਤਾ ਸੀ ਜਿਸਦੇ ਜਵਾਬ ਵਿੱਚ SGPC ਦੀ ਟਾਸਕ ਫੋਰਸ ਨੇ ਜਵਾਬੀ ਕਾਰਵਾਈ ਕੀਤੀ ਸੀ।
ਅੰਮ੍ਰਿਤਸਰ ਵਿੱਚ ਸਤਿਕਾਰ ਕਮੇਟੀਆਂ ਤੇ ਹੋਰ ਸਿੱਖ ਜਥੇਬੰਦੀਆਂ ਦੇ ਧਰਨੇ ਦੌਰਾਨ SGPC ਦੇ ਮੁਲਾਜ਼ਮਾਂ ਵੱਲੋਂ ਇਨ੍ਹਾਂ ਪ੍ਰਦਰਸ਼ਨਕਾਰੀਆਂ ‘ਤੇ ਹਮਲਾ ਕੀਤਾ ਗਿਆ ਸੀ। SGPC ਵੱਲੋਂ ਮੀਡੀਆ ਨੂੰ ਵੀ ਸਤਿਕਾਰ ਕਮੇਟੀਆਂ ਦੇ ਧਰਨੇ ਨੂੰ ਕਵਰ ਕਰਨ ਤੋਂ ਰੋਕਿਆ ਗਿਆ ਜਿਸ ਦੌਰਾਨ ਇੱਕ ਪੱਤਰਕਾਰ ‘ਤੇ ਵੀ ਹਮਲਾ ਕੀਤਾ ਗਿਆ ਤੇ ਕੈਮਰਾ ਤੋੜਿਆ ਗਿਆ।
ਸਿੱਖ ਜਥੇਬੰਦੀਆਂ ਨੂੰ ਜ਼ਬਰੀ ਧਰਨੇ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ ਅਤੇ ਪ੍ਰਦਰਸ਼ਨਕਾਰੀਆਂ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ। ਸਤਿਕਾਰ ਕਮੇਟੀਆਂ ਤੇ ਸਿੱਖ ਜਥੇਬੰਦੀਆਂ ਵੱਲੋਂ ਧਰਨਾ ਹਾਲੇ ਵੀ ਜਾਰੀ ਹੈ। SGPC ਵੱਲੋਂ ਧਰਨੇ ਵਾਲੀ ਜਗ੍ਹਾ ਨੂੰ ਚਾਰਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ ਸੀ ਤਾਂ ਕਿ ਉਸ ਪਾਸੇ ਕੋਈ ਵੀ ਨਾ ਜਾ ਸਕੇ।
ਉਨ੍ਹਾਂ ਦੇ ਹੱਥਾਂ ਦੇ ਵਿੱਚ ਜੋ ਪੋਸਟਰ ਸੀ, ਉਹ ਜਦੋਂ ਉਨ੍ਹਾਂ ਨੇ SGPC ਦੇ ਦਫਤਰ ਦੀਆਂ ਦੀਵਾਰਾਂ ‘ਤੇ ਲਾਉਣ ਦੀ ਕੋਸ਼ਿਸ਼ ਕੀਤੀ ਤਾਂ SGPC ਦੇ ਅਧਿਕਾਰੀਆਂ ਨੇ ਪੋਸਟਰਾਂ ਨੂੰ ਉਤਾਰ ਦਿੱਤਾ। ਇਸ ਤੋਂ ਬਾਅਦ ਸਥਿਤੀ ਤਣਾਅਪੂਰਨ ਹੋ ਗਈ ਸੀ।
ਅੰਮ੍ਰਿਤਸਰ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਫਤਰ ਦੇ ਬਾਹਰ ਤਿੰਨ ਦਿਨਾਂ ਤੋਂ ਸਤਿਕਾਰ ਕਮੇਟੀਆਂ ਦੇ ਲੋਕਾਂ ਵੱਲੋਂ 328 ਲਾਪਤਾ ਹੋਏ ਪਾਵਨ ਸਰੂਪਾਂ ਦੇ ਮਾਮਲੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਵਿੱਚ ਕਈ ਦੂਜੀਆਂ ਸਿੱਖ ਜਥੇਬੰਦੀਆਂ ਵੀ ਸ਼ਾਮਿਲ ਹੋਈਆਂ ਹਨ। ਸਿੱਖ ਜਥੇਬੰਦੀਆਂ ਨੇ ਇਨਸਾਫ ਮਿਲਣ ਤੱਕ ਇਹ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਉਹ ਲਾਪਤਾ ਪਾਵਨ ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਖਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਸਨ।