Punjab

ਸਤਲੁਜ ਦਰਿਆ ਨੇ ਚਾਰ ਨੰਨ੍ਹੀਆਂ ਜਾਨਾਂ ਨੂੰ ਆਪਣੀ ਬੁੱਕਲ ‘ਚ ਲਿਆ

‘ਦ ਖ਼ਾਲਸ ਬਿਊਰੋ :- ਲੁਧਿਆਣਾ ਨੇੜੇ ਕਸਬਾ ਜਗਰਾਂਉ ਵਿਖੇ ਪਿੰਡ ਸਿੱਧਵਾਂ ਬੇਟ ਦੀ ਰਹਿਣ ਵਾਲੀਆਂ ਚਾਰ ਲੜਕੀਆਂ ਦੀ ਕੱਲ੍ਹ 14 ਅਗਸਤ ਸਤਲੁਜ ਦਰਿਆ ਦੇ ਕੰਡੇ ਕੋਲ ਖੇਡਦੇ ਸਮੇਂ ਪਾਣੀ ’ਚ ਡੁੱਬਣ ਕਾਰਨ ਮੌਤ ਹੋ ਗਈ।

ਥਾਣਾ ਸਿੱਧਵਾਂ ਬੇਟ ਦੇ ਮੁਖੀ ਇੰਸਪੈਕਟਰ ਰਾਜ਼ੇਸ ਠਾਕਰ ਨੂੰ ਪਿੰਡ ਦੇ ਹਸਪਤਾਲ ਦੇ ਅਮਲੇ ਤੇ ਪੀੜਤ ਪਰਿਵਾਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪਿੰਡ ਚਾਰ ਬੱਚੀਆਂ ਕੁਲਵਿੰਦਰ ਕੌਰ ਪੁੱਤਰੀ ਮੁਖਤਿਆਰ ਸਿੰਘ (13), ਮਨਜਿੰਦਰ ਕੌਰ ਪੁੱਤਰੀ ਪਰਮਜੀਤ ਸਿੰਘ (13), ਸੁਮਨ ਪੁੱਤਰੀ ਸੁਰਜੀਤ ਸਿੰਘ (13) ਗਗਨਦੀਪ ਕੌਰ ਪੁੱਤਰੀ ਮਲਕੀਤ ਸਿੰਘ (12) ਸਾਰੀਆਂ ਬੱਚੀਆਂ ਵਾਸੀ ਪਿੰਡ ਗੋਰਸੀਆਂ ਕਾਦਰ ਬਖਸ਼ ਦੇਰ ਸ਼ਾਮ ਸਤਲੁਜ ਦਰਿਆ ਕਿਨਾਰੇ ਖੇਡ ਰਹੀਆਂ ਸਨ। ਖੇਡਦੇ-ਖੇਡਦੇ ਬੱਚੀਆਂ ਦਰਿਆ ਕਿਨਾਰੇ ਰੇਤ ਦੀਆਂ ਡੂੰਘੀਆਂ ਖੱਡਾਂ ਜਿਨ੍ਹਾਂ ’ਚ ਪਾਣੀ ਭਰਿਆ ਹੋਇਆ ਸੀ, ‘ਚ ਚਲੇ ਜਾਣ ਕਾਰਨ ਡੁੱਬ ਗਈਆਂ।

ਘਟਨਾ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕਾਂ ਨੇ ਲੰਬੀ ਜੱਦੋਜਹਿਦ ਮਗਰੋਂ ਪਾਣੀ ‘ਚੋਂ ਲੜਕੀਆਂ ਨੂੰ ਬਾਹਰ ਕੱਢ ਲਿਆ। ਪਿੰਡ ਦੇ ਲੋਕ ਲੜਕੀਆਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸਿੱਧਵਾਂ ਬੇਟ ਲੈ ਕੇ ਗਏ, ਜਿੱਥੇ ਡਾਕਟਰਾਂ ਦੀ ਜਾਂਚ ਉਪਰੰਤ ਉਨ੍ਹਾਂ ਨੂੰ ਚਾਰੋ ਬੱਚੀਆਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਲੜਕੀਆਂ ਕੁਲਵਿੰਦਰ ਕੌਰ ਤੇ ਮਨਜਿੰਦਰ ਕੌਰ ਆਪਸ ’ਚ ਚਾਚੇ-ਤਾਏ ਦੇ ਪਰਿਵਾਰ ਵਿੱਚੋਂ ਭੈਣਾਂ ਸਨ।

ਪੀੜਤ ਪਰਿਵਾਰਾਂ ਨੇ ਬੱਚੀਆਂ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਹਸਪਤਾਲ ਵੱਲੋਂ ਮ੍ਰਿਤਕ ਬੱਚੀਆਂ ਦੀਆਂ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਇਸੇ ਦੌਰਾਨ, ਘਟਨਾ ਦਾ ਪਤਾ ਲੱਗਣ ’ਤੇ ਹਲਕਾ ਦਾਖਾ ਕਾਂਗਰਸ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਸਿੱਧਵਾਂ ਬੇਟ ਹਸਪਤਾਲ ਪੁੱਜੇ ਤੇ ਪਰਿਵਾਰ ਦੇ ਦੁੱਖ ’ਚ ਸ਼ਰੀਕ ਹੋਏ।