‘ਦ ਖ਼ਾਲਸ ਬਿਊਰੋ:- ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਦੇ ਘੱਲੂਘਾਰੇ ਦੀ 36ਵੀਂ ਵਰੇਗੰਢ ਮਨਾਈ ਗਈ। ਇਸ ਮੌਕੇ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦੀ ਸਮਾਗਮ ਵਿੱਚ ਪਹੁੰਚੇ, ਪੁਲਿਸ ਵੱਲੋਂ ਨਾਕੇ ਲਗਾ ਅੰਦਰ ਦਾਖਲ ਹੋਣ ਤੋਂ ਰੋਕਿਆ ਗਿਆ, ਪਰ ਧੱਕਾਮੁੱਕੀ ਤੋਂ ਬਾਅਦ ਭਾਈ ਧਿਆਨ ਸਿੰਘ ਮੰਡ ਅੰਦਰ ਦਾਖਲ ਹੋ ਗਏ।
ਭਾਈ ਧਿਆਨ ਸਿੰਘ ਮੰਡ ਨੇ ਸਿੱਖ ਕੌਮ ਦੇ ਨਾਂ ਸੰਦੇਸ਼ ਵੀ ਜਾਰੀ ਕੀਤਾ। ਪੜ੍ਹੋ
ਸੰਦੇਸ਼
ਸਾਕਾ ਦਰਬਾਰ ਸਾਹਿਬ ਦੀ ਛੱਤੀਵੀਂ ਵਰ੍ਹੇਗੰਢ ਉੱਤੇ ਸੰਤ ਜਰਲੈਲ ਸਿੰਘ ਸਮੇਤ ਸਮੂੰਹ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰ ਰਹੇ ਗੁਰੂ ਖਾਲਸਾ ਪੰਥ ਜੀਓ
ਵਾਹਿਗੁਰੂ ਜੀ ਕਾ ਖਾਲਸਾ!!
ਵਾਹਿਗੁਰੂ ਜੀ ਕੀ ਫਤਿਹ!!
ਲੋਕਤੰਤਰ ਦੇ ਬੁਰਕੇ ਹੇਠ ਛੁਪੇ ਭਾਰਤ ਦੇ ਜਾਲਮ ਹਾਕਮ ਨੇ ਸਿੱਖ ਪੰਥ ਉੱਤੇ ਜੂਨ 1984 ਵਿੱਚ ਬਹੁਤ ਵੱਡਾ ਅਤੇ ਖਤਰਨਾਕ ਹਮਲਾ ਕੀਤਾ ਸੀ ਜਿਸ ਵਿੱਚ ਅਕਾਲ ਤਖਤ ਸਾਹਿਬ ਢਹਿ-ਢੇਰੀ ਹੋਇਆ, ਗੁਰੂ ਗ੍ਰੰਥ ਸਾਹਿਬ ਜੀ ਦੇ ਅਨੇਕਾਂ ਸਰੂਪ ਅਗਨ ਭੇਟ ਹੋਏ, ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ ਜੀ, ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਸਮੇਤ ਹਜਾਰਾਂ ਸਿੰਘਾਂ-ਸਿੰਘਣੀਆਂ ਨੂੰ ਭਾਰਤੀ ਫੌਜ ਨੇ ਤੋਪਾਂ ਅਤੇ ਟੈਂਕਾਂ ਨਾਲ ਸ਼ਹੀਦ ਕਰ ਦਿੱਤਾ। ਪਰ ਸਭ ਤੋਂ ਵੱਡਾ ਨੁਕਸਾਨ ਇਹ ਹੋਇਆ ਕਿ ਉਸ ਦਿਨ ਤੋਂ ਕੌਮ ਖੱਜਲ-ਖੁਆਰ ਹੁੰਦੀ ਆ ਰਹੀ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੌਮੀਂ ਪਰਵਾਨਿਆਂ ਨੇ ਇਸ ਤੋਂ ਬਾਅਦ ਵੀ ਹਾਰ ਨਹੀਂ ਮੰਨੀ। ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ, ਭਾਈ ਜਿੰਦਾ, ਭਾਈ ਸੁੱਖਾ, ਭਾਈ ਸੁਖਦੇਵ ਸਿੰਘ ਬੱਬਰ, ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਜਥੇਦਾਰ ਗੁਰਬਚਨ ਸਿੰਘ ਮਾਨੋਚਾਹਲ, ਭਾਈ ਦਿਲਾਵਰ ਸਿੰਘ, ਜਥੇਦਾਰ ਜਗਤਾਰ ਸਿੰਘ ਹਵਾਰਾ, ਭਾਈ ਰਾਜੋਆਣਾ, ਭਾਈ ਤਾਰਾ, ਭਾਈ ਭਿਉਰਾ ਸਮੇਤ ਅਨੇਕਾਂ ਗੁਰੂ ਦੁਲਾਰਿਆਂ ਨੇ ਹਕੂਮਤ ਨੂੰ ਉਸ ਦੀ ਬੋਲੀ ਵਿੱਚ ਜਵਾਬ ਵੀ ਦਿੱਤੇ ਹਨ, ਪਰ ਅੱਜ ਸਿੱਖ ਹੀ ਆਪਣੇ ਕੌਮੀ ਸ਼ਹੀਦਾਂ ਜਾਂ ਕੌਮੀ ਮਰਜੀਵੜਿਆਂ ਪ੍ਰਤੀ ਆਪਣੇ ਅੰਦਰ ਦੁਬਿਧਾ ਬਣਾਈ ਬੈਠੇ ਹਨ, ਸਾਰੇ ਪਾਸੇ ਧੜੇਬੰਦੀਆਂ ਦਾ ਬੋਲਬਾਲਾ ਹੈ, ਕੌਮੀਂ ਮੁੱਦੇ ਕਿਸੇ ਨੂੰ ਯਾਦ ਨਹੀਂ ਰਹੇ।
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਥਾਂ-ਥਾਂ ਹੋ ਰਹੀ ਹੈ ਹਾਲੇ ਤੱਕ ਸਮੇਂ ਦੀਆਂ ਸਰਕਾਰਾਂ ਨੇ ਕੁਝ ਖਾਸ ਕਾਰਵਾਈ ਨਹੀਂ ਕੀਤੀ। ਕਿੰਨੇ ਸਿੱਖ ਬੇਗੁਨਾਹ ਹੀ ਜੇਲ੍ਹਾਂ ਵਿੱਚ ਬੰਦ ਜਾਂ ਅਦਾਲਤਾਂ ਵੱਲੋਂ ਮਿਲੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਹਨ। ਪਰ ਉਹਨਾਂ ਦੀ ਰਿਹਾਈ ਵਾਸਤੇ ਕੋਈ ਉੱਦਮ ਨਹੀਂ ਹੋ ਰਿਹਾ। ਬਹੁਤ ਸਾਰੇ ਸਿੱਖ ਸਰਕਾਰ ਨੇ ਜਲਾਵਤਨ ਬਣਾ ਦਿੱਤੇ ਹਨ, ਜਿਹੜੇ ਆਪਣੇ ਪਰਿਵਾਰਾਂ ਦੀ ਸਾਰ ਵੀ ਨਹੀਂ ਲੈ ਸਕਦੇ। ਇਸ ਤੋਂ ਬਿਨਾਂ ਹੋਰ ਬਹੁਤ ਸਿੱਖ ਮਸਲੇ ਉਲਝੇ ਹੋਏ ਹਨ, ਪਰ ਅਸੀਂ ਸਾਰੇ ਅੱਗੇ ਹੋ ਕੇ ਵਿਚਰਨ ਵਾਲੇ ਸਿੱਖ, ਬੇਸ਼ੱਕ ਉਹ ਧਾਰਮਿਕ ਖੇਤਰ ਵਿੱਚ ਹਨ ਜਾਂ ਰਾਜਨੀਤਿਕ ਪਲੇਟਫਾਰਮ ਉੱਤੇ ਖੜ੍ਹੇ ਹਨ, ਆਪਣੇ ਕਾਰਜ ਖੇਤਰ ਵਿੱਚ ਅਸਫਲ ਨਜਰ ਆ ਰਹੇ ਹਾਂ, ਕਿਉਂਕਿ ਇਸ ਵੇਲੇ ਕੇਂਦਰ ਸਰਕਾਰ ਵਿੱਚ ਵੀ ਸਿੱਖ ਭਾਈਵਾਲ ਹਨ। ਪੰਜਾਬ ਸਰਕਾਰ ਦੇ ਮੁੱਖ ਮੰਤਰੀ ਅਤੇ ਮੰਤਰੀ ਵੀ ਬਹੁਗਿਣਤੀ ਸਿੰਘ ਹੀ ਹਨ, ਪਰ ਸਿੱਖਾਂ ਦੇ ਮਸਲਿਆਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਹੈ, ਨਾ ਹੀ ਕੋਈ ਮਸਲਾ ਹੱਲ ਹੋਇਆ ਹੈ। ਸਿੱਖ ਆਗੂਆਂ ਦੀ ਪਾਟੋਧਾੜ ਦਾ ਅਸਰ ਹੁਣ ਸਿੱਖ ਸੰਗਤ ਵਿੱਚ ਵੀ ਵਿਖਾਈ ਦੇ ਰਿਹਾ ਹੈ ਕਿ ਅੱਜ ਸਿੱਖ ਗੁਰੂ ਦਾ ਭੈਅ ਨਹੀਂ ਮੰਨਦਾ, ਉਸ ਨੂੰ ਆਪਣੇ ਆਗੂ ਦਾ ਡਰ ਜਿਆਦਾ ਮਹਿਸੂਸ ਹੋ ਰਿਹਾ ਹੈ, ਪ੍ਰੰਤੂ ਇੱਕ ਗੱਲ ਸਪਸ਼ਟ ਹੈ ਕਿ ਜਦੋਂ ਅਗਵਾਈ ਸਹੀ ਮਿਲੇ ਤਾਂ ਸੰਗਤ ਕਦੇ ਪਿਛੇ ਨਹੀਂ ਹਟਦੀ, ਜਿਸਦੀ ਮਿਸਾਲ ਬਰਗਾੜੀ ਮੋਰਚਾ ਹੈ। ਅੱਜ ਸੰਗਤ ਦੇ ਸਹਿਯੋਗ ਅਤੇ ਸਹੀ ਅਗਵਾਈ ਦਾ ਸਿੱਟਾ ਹੈ ਕਿ ਬਰਗਾੜੀ ਮੋਰਚੇ ਕਰਕੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਅਤੇ ਕਰਵਾਉਣ ਵਾਲਿਆਂ ਦਾ ਚਲਾਣ ਪੇਸ਼ ਹੋਇਆ ਹੈ।
ਅੱਜ ਦਾ ਦਿਨ ਇਹ ਸੁਨੇਹਾ ਦਿੰਦਾ ਹੈ ਕਿ ਸਾਫ ਨੀਅਤ ਵਾਲੇ ਬੰਦੇ ਬੇਸ਼ੱਕ ਥੋੜੇ ਹੀ ਕਿਉਂ ਨਾ ਹੋਣ ਜਦੋਂ ਮੈਦਾਨ ਵਿੱਚ ਉਤਰ ਆਉਣ ਤਾਂ ਲੱਖਾਂ ਫੌਜਾਂ ਅਤੇ ਟੈਂਕਾਂ-ਤੋਪਾਂ ਦਾ ਮੁਕਾਬਲਾ ਵੀ ਕਰ ਸਕਦੇ ਹਨ, ਜਿਵੇਂ ਜੂਨ 1984 ਨੂੰ ਦਰਬਾਰ ਸਾਹਿਬ ਉੱਤੇ ਹੋਏ ਫੌਜੀ ਹਮਲੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਜਰਨਲ ਸੁਬੇਗ ਸਿੰਘ ਦੀ ਅਗਵਾਈ ਵਿੱਚ ਮੁੱਠੀ ਭਰ ਸਿੰਘਾਂ ਨੇ ਕੀਤਾ ਹੈ, ਪਰ ਮੇਰੀ ਕੌਮ ਕੋਲ ਬਹੁਤ ਵੱਡੀ ਸ਼ਕਤੀ ਹੈ। ਇਸ ਸ਼ਕਤੀ ਨੂੰ ਹੁਣ ਇੱਕਜੁੱਟ ਕਰਨ ਦਾ ਮੌਕਾ ਆ ਗਿਆ ਹੈ। ਕੌਮ ਦੇ ਸਾਰੇ ਆਗੂਆਂ ਨੂੰ ਬੇਸ਼ੱਕ ਉਹ ਕਿਸੇ ਵੀ ਪਾਰਟੀ ਜਾਂ ਜਥੇਬੰਦੀ ਜਾਂ ਸਰਕਾਰ ਵਿੱਚ ਕੰਮ ਕਰਦੇ ਹੋਣ, ਕੌਮੀਂ ਮੁੱਦਿਆਂ ਉੱਤੇ ਏਕਤਾ ਦੀ ਸਾਂਝ ਬਣਾਉਣੀ ਹੀ ਪਵੇਗੀ, ਜੋ ਕੁਝ ਅੱਜ ਹੋ ਰਿਹਾ ਹੈ ਇਸ ਤੋਂ ਪ੍ਰਤੱਖ ਜਾਪ ਰਿਹਾ ਹੈ ਕਿ ਸਾਨੂੰ ਸਿਰਫ ਆਪਣੇ ਨਿੱਜ ਦਾ ਜਾਂ ਆਪਣੀ ਜਥੇਬੰਦੀ ਜਾਂ ਸੰਸਥਾ ਦਾ ਫਿਕਰ ਤਾਂ ਜਰੂਰ ਹੈ ਪਰ ਪੰਥ ਜਾਂ ਪੰਥਕ ਹਿਤਾਂ ਦੀ ਕੋਈ ਪ੍ਰਵਾਹ ਨਹੀਂ ਹੈ ਜੇ ਪੰਥ ਹੀ ਨਾ ਰਿਹਾ ਤਾਂ ਫਿਰ ਸਾਡੇ ਵਿੱਚੋਂ ਵੀ ਕਿਸੇ ਨੇ ਵੀ ਨਹੀਂ ਬਚਣਾ, ਸਾਡੀ ਆਹ ਪਛਾਣ, ਸਰੂਪ, ਇਹ ਦਬਦਬਾ ਸਭ ਕੁਝ ਪੰਥ ਕਰਕੇ ਹੀ ਹੈ ਇਸ ਵਾਸਤੇ ਆਓ! ਪੰਥ ਦੇ ਵਡੇਰੇ ਹਿਤਾਂ ਨੂੰ ਮੁੱਖ ਰੱਖਕੇ ਆਪਸੀ ਖਹਿਬਾਜੀਆਂ ਅਤੇ ਛੋਟੇ ਮਸਲਿਆਂ ਨੂੰ ਲੈ ਕੇ ਆਰੰਭੀਆਂ ਲੜਾਈਆਂ ਨੂੰ ਇੱਕ ਵਾਰ ਸੰਤੋਖ ਕੇ ਪੰਥ ਵਾਸਤੇ ਕੁਝ ਕਰਨ ਦਾ ਉੱਦਮ ਕਰੀਏ ਫਿਰ ਹੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਦਰਬਾਰ ਸਾਹਿਬ ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਹੱਕਦਾਰ ਹੋਵਾਂਗੇ।
Comments are closed.