’ਦ ਖ਼ਾਲਸ ਬਿਊਰੋ: ਫਰਵਰੀ ਵਿੱਚ ਮਿਆਂਮਾਰ ਵਿੱਚ ਹੋਏ ਤਖ਼ਤਾ ਪਲਟ ਤੋਂ ਲੈ ਕੇ ਹੁਣ ਤਕ ਫੌਜ ਦੇ ਹੱਥੋਂ ਘੱਟੋ-ਘੱਟ 43 ਬੱਚਿਆਂ ਦੀ ਮੌਤ ਹੋ ਗਈ ਹੈ। ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰ ਰਹੀ ਇਕ ਸੰਸਥਾ ‘ਸੇਵ ਦਿ ਚਿਲਡਰਨ’ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਮਿਆਂਮਾਰ ਵਿੱਚ ਹਾਲਾਤ ਬਹੁਤ ਬੁਰੇ ਚੱਲ ਰਹੇ ਹਨ। ਪਿਛਲੇ ਦਿਨੀਂ ਦੇਸ਼ ਵਿੱਚ ਤਖ਼ਤਾ ਪਲਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਲੋਕਾਂ ’ਤੇ ਫੌਜ ਨੇ ਸਖ਼ਤ ਕਰਵਾਈ ਕਰਦਿਆਂ ਅੰਨ੍ਹੇਵਾਹ ਗੋਲ਼ੀ ਚਲਾ ਦਿੱਤੀ ਸੀ। ਇਸ ਘਟਨਾ ਵਿੱਚ ਹੁਣ ਤਕ 100 ਤੋਂ ਵੱਧ ਲੋਕਾਂ ਦੀ ਮੌਤ ਦਾ ਦਾਅਵਾ ਕੀਤਾ ਜਾ ਰਿਹਾ ਹੈ। ਲੋਕਾਂ ਦੇ ਅੰਦੋਲਨ ਨੂੰ ਕੁਚਲਣ ਲਈ ਮਿਆਂਮਾਰ ਫੌਜ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਕਾਰਵਾਈ ਦੱਸੀ ਜੀ ਰਹੀ ਹੈ।
ਮਿਆਂਮਾਰ ਵਿੱਚ ਸੈਨਾ ਦੀ ਵਧੀਕੀ ਵੱਧਦੀ ਜਾ ਰਹੀ ਹੈ ਅਤੇ 27 ਮਾਰਚ ਨੂੰ ਫੌਜ ਦੀ ਗੋਲੀਬਾਰੀ ਵਿੱਚ ਫੌਜੀ ਤਖ਼ਤਾਪਲਟ ਵਿਰੁੱਧ ਪ੍ਰਦਰਸ਼ਨ ਕਰ ਰਹੇ 100 ਤੋਂ ਵੱਧ ਲੋਕ ਮਾਰੇ ਗਏ ਹਨ। ਮਾਰੇ ਗਏ ਲੋਕਾਂ ਵਿੱਚ ਬੱਚੇ ਅਤੇ ਮਹਿਲਾਵਾਂ ਵੀ ਸ਼ਾਮਲ ਹਨ। ਚਸ਼ਮਦੀਦਾਂ ਨੇ ਸਿਪਾਹੀਆਂ ਨੂੰ ਸਿੱਧੇ ਗੋਲੀ ਮਾਰਨ ਦੀ ਗੱਲ ਕਹੀ ਹੈ।
ਆਨਲਾਈਨ ਨਿਊਜ਼ ਵੈਬਸਾਈਟ ਮਿਆਂਮਾਰ ਨਾਓ ਦੀ ਰਿਪੋਰਟ ਦੇ ਅਨੁਸਾਰ ਸੈਨਾ ਦੀ ਫਾਇਰਿੰਗ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ 114 ਤੱਕ ਪਹੁੰਚ ਗਈ ਹੈ। ਯੰਗੂਨ ਵਿੱਚ ਇੱਕ ਸੁਤੰਤਰ ਖੋਜਕਰਤਾ ਦੇ ਅਨੁਸਾਰ, ਫੌਜ ਨੇ ਦੋ ਦਰਜਨ ਤੋਂ ਵੱਧ ਸ਼ਹਿਰਾਂ ਅਤੇ ਕਸਬਿਆਂ ਵਿੱਚ ਅੰਦੋਲਨ ਕਰ ਰਹੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਜਿਸ ਵਿੱਚ 100 ਤੋਂ ਵੱਧ ਲੋਕ ਮਾਰੇ ਗਏ ਸਨ।
ਅਮਰੀਕਾ, ਬਰਤਾਨੀਆ ਅਤੇ ਯੂਰੋਪੀਅਨ ਯੂਨੀਅਨ ਨੇ ਇਸ ਹਿੰਸਾ ਦੀ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਹਰਕਤ ਨਾਲ ਮਿਆਂਮਾਰ ਦੀ ਫੌਜ ਨੇ ਆਪਣੀ ਸਾਖ ਗੁਆ ਲਈ ਹੈ।
ਫੌਜ ਨੇ ਪਹਿਲਾ ਫਰਵਰੀ ਨੂੰ ਚੁਣੀ ਹੋਈ ਸਰਕਾਰ ਦਾ ਕੀਤਾ ਸੀ ਤਖ਼ਤਾ ਪਲ਼ਟ
ਇਸ ਸਾਲ ਪਹਿਲੀ ਫਰਵਰੀ ਨੂੰ ਮਿਆਂਮਾਰ ਦੀ ਫੌਜ ਨੇ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਦਾ ਤਖ਼ਤਾ ਪਲਟਿਆ ਅਤੇ ਦੇਸ਼ ਵਿੱਚ ਇਕ ਸਾਲ ਲਈ ਐਮਰਜੈਂਸੀ ਲਾਗੂ ਕਰ ਦਿੱਤੀ। ਇਸ ਦੌਰਾਨ ਦੇਸ਼ ਦੇ ਸੁਪਰੀਮ ਨੇਤਾ ਆਂਗ ਸਾਨ ਸੂ ਕੀ ਅਤੇ ਰਾਸ਼ਟਰਪਤੀ ਵਿਨ ਮਿਅੰਟ ਸਮੇਤ ਕਈ ਚੋਟੀ ਦੇ ਨੇਤਾਵਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ।
ਤਖ਼ਤਾ ਪਲਟ ਤੋਂ ਬਾਅਦ ਸਾਬਕਾ ਜਨਰਲ ਮਿਅੰਟ ਸਵੀ ਨੂੰ ਕਾਰਜਕਾਰੀ ਰਾਸ਼ਟਰਪਤੀ ਬਣਾਇਆ ਗਿਆ ਅਤੇ ਮਿਲਟਰੀ ਚੀਫ ਮਿਨ ਆਂਗ ਲਾਇੰਗ ਨੇ ਦੇਸ਼ ਦੀ ਵਾਗ ਡੋਰ ਆਪਣੇ ਹੱਥੀਂ ਲੈ ਲਈ।
ਫੌਜੀ ਸ਼ਾਸਨ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ ਮਿਆਂਮਾਰ ਦੇ ਲੋਕ
ਫੌਜ ਵੱਲੋਂ ਤਖ਼ਤਾ ਪਲਟ ਤੋਂ ਬਾਅਦ ਤੋਂ ਹੀ ਮਿਆਂਮਾਰ ਦੇ ਕਈ ਸ਼ਹਿਰਾਂ ਅਤੇ ਇਲਾਕਿਆਂ ਵਿੱਚ ਫੌਜੀ ਸ਼ਾਸਨ ਵਿਰੁੱਧ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ। ਸ਼ਨੀਵਾਰ ਨੂੰ ਸੈਨਾ ਦਿਵਸ ਦੇ ਮੌਕੇ ‘ਤੇ ਵੀ ਦੇਸ਼ ਭਰ ‘ਚ ਤਖ਼ਤਾ ਪਲਟਣ ਖਿਲਾਫ ਵੱਡੇ ਪੱਧਰ ’ਤੇ ਪ੍ਰਦਰਸ਼ਨ ਹੋਏ ਅਤੇ ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸੈਨਾ ਦੀ ਗੋਲੀਬਾਰੀ ‘ਚ 100 ਤੋਂ ਜ਼ਿਆਦਾ ਲੋਕ ਮਾਰੇ ਗਏ।
ਮੀਡੀਆ ਵਿੱਚ ਆ ਰਹੀਆਂ ਵੱਖ-ਵੱਖ ਰਿਪੋਰਟਾਂ ਮੁਤਾਬਕ 107 ਤੋਂ 114 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ।
ਹੁਣ ਤੱਕ 400 ਤੋਂ ਵੱਧ ਲੋਕਾਂ ਦੀ ਮੌਤ
ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤਕ ਇੱਕ ਦਿਨ ਵਿੱਚ ਹੋਈਆਂ ਇਹ ਸਭ ਤੋਂ ਵੱਧ ਮੌਤਾਂ ਹਨ। 14 ਮਾਰਚ ਨੂੰ ਵੀ 74 ਤੋਂ 90 ਵਿਅਕਤੀਆਂ ਦੀ ਮੌਤ ਹੋਈ ਸੀ। ਪ੍ਰਦਰਸ਼ਨਾਂ ਦੌਰਾਨ ਹੁਣ ਤੱਕ ਕੁਲ 400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਅਸੀਂ ਮਿਆਂਮਾਰ ਦੀ ਫੌਜ ਦੇ ਖ਼ੂਨ-ਖ਼ਰਾਬੇ ਤੋਂ ਹੈਰਾਨ ਹਾਂ- ਅਮਰੀਕਾ
ਅਮਰੀਕਾ ਨੇ ਮਿਆਂਮਾਰ ਵਿੱਚ ਸ਼ਨੀਵਾਰ ਨੂੰ ਹੋਈ ਹਿੰਸਾ ‘ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ। ਯੂਐਸ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਟਵੀਟ ਕੀਤਾ, “ਅਸੀਂ ਬਰਮੀ ਫੌਜ ਦੁਆਰਾ ਕੀਤੇ ਖੂਨੀ ਸਾਕੇ ਤੋਂ ਹੈਰਾਨ ਹਾਂ। ਅਜਿਹਾ ਲਗਦਾ ਹੈ ਕਿ ਸੈਨਾ ਕੁਝ ਲੋਕਾਂ ਦੀ ਸੇਵਾ ਕਰਨ ਲਈ ਆਮ ਲੋਕਾਂ ਦੀਆਂ ਜਾਨਾਂ ਕੁਰਬਾਨ ਕਰ ਦਵੇਗੀ। ਮੈਂ ਪੀੜਤਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਭੇਜਦਾ ਹਾਂ। ਬਰਮਾ ਦੇ ਬਹਾਦਰ ਲੋਕਾਂ ਨੇ ਫੌਜ ਦੇ ਦਹਿਸ਼ਤ ਦੇ ਯੁੱਗ ਨੂੰ ਨਕਾਰ ਦਿੱਤਾ ਹੈ।”
ਬ੍ਰਿਟੇਨ ਅਤੇ ਯੂਰੋਪੀਅਨ ਯੂਨੀਅਨ ਨੇ ਵੀ ਕੀਤੀ ਸਖ਼ਤ ਨਿੰਦਾ
ਬ੍ਰਿਟੇਨ ਦੇ ਰਾਜਦੂਤ ਡੈਨ ਚੱਗ ਨੇ ਇਕ ਬਿਆਨ ਵਿੱਚ ਕਿਹਾ ਕਿ ਫੌਜ ਨੇ ਨਿਹੱਥੇ ਨਾਗਰਿਕਾਂ ‘ਤੇ ਗੋਲੀਆਂ ਚਲਾਉਣ ਨਾਲ ਆਪਣੀ ਵੱਕਾਰੀ ਗੁਆ ਦਿੱਤੀ ਹੈ। ਇਸ ਦੇ ਨਾਲ ਹੀ ਯੂਰੋਪੀਅਨ ਯੂਨੀਅਨ ਦੇ ਵਫ਼ਦ ਨੇ ਕਿਹਾ ਕਿ ਇਸ ਦਿਨ ਨੂੰ ਅੱਤਵਾਦ ਅਤੇ ਅਪਮਾਨ ਦੇ ਦਿਨ ਵਜੋਂ ਯਾਦ ਕੀਤਾ ਜਾਵੇਗਾ।
ਮਿਆਂਮਾਰ ਵਿੱਚ ਫੌਜੀ ਸ਼ਾਸਨ ਦਾ ਪੁਰਾਣਾ ਇਤਿਹਾਸ
ਦਰਅਸਲ ਮਿਆਂਮਾਰ ਦਾ ਸੈਨਿਕ ਰਾਜ ਅਤੇ ਤਖਤਾ ਪਲਟਣ ਦਾ ਪੁਰਾਣਾ ਇਤਿਹਾਸ ਰਿਹਾ ਹੈ। 1947 ਵਿੱਚ ਭਾਰਤ ਦੀ ਆਜ਼ਾਦੀ ਤੋਂ ਇੱਕ ਸਾਲ ਬਾਅਦ 1948 ਵਿੱਚ ਹੀ ਮਿਆਂਮਾਰ ਨੂੰ ਆਜ਼ਾਦੀ ਮਿਲੀ ਸੀ। 1948 ਵਿੱਚ ਆਜ਼ਾਦੀ ਤੋਂ ਬਾਅਦ ਇੱਥੇ 1962 ਵਿੱਚ ਪਹਿਲੀ ਵਾਰ ਤਖ਼ਤਾ ਪਲ਼ਟ ਹੋਇਆ ਸੀ। ਇਸ ਤੋਂ ਬਾਅਦ, ਪੰਜ ਦਹਾਕਿਆਂ ਤਕ ਇੱਕ ਸੈਨਿਕ ਤਾਨਾਸ਼ਾਹੀ ਬਣੀ ਰਹੀ ਅਤੇ ਇਸੇ ਸਮੇਂ ਦੌਰਾਨ ਸੂਈ ਚੀ ਨੇ 1989 ਤੋਂ 2010 ਤੱਕ ਲਗਭਗ ਦੋ ਦਹਾਕੇ ਨਜ਼ਰਬੰਦੀ ਵਿੱਚ ਹੀ ਬਿਤਾਏ।
ਫਿਰ 2011 ਵਿੱਚ, ਫੌਜ ਨੇ ਅਚਾਨਕ ਫੌਜੀ ਸ਼ਾਸਨ ਨੂੰ ਹਟਾ ਦਿੱਤਾ। ਇਸ ਤੋਂ ਬਾਅਦ ਐਨਐਲਡੀ ਨੇ ਸਾਲ 2015 ਅਤੇ 2019 ਵਿੱਚ ਹੋਈਆਂ ਦੋ ਚੋਣਾਂ ਵਿੱਚ ਵੱਡੀ ਜਿੱਤ ਦਰਜ ਕਰਕੇ ਆਪਣੀ ਸਰਕਾਰ ਬਣਾਈ ਸੀ।