ਚੰਡੀਗੜ੍ਹ- ਕੋਰੋਨਾਵਾਇਰਸ ਨੂੰ ਲੈ ਕੇ ਭਾਰਤ ਸਮੇਤ ਸਮੁੱਚੇ ਵਿਸ਼ਵ ’ਚ ਹਾਹਾਕਾਰ ਮਚੀ ਹੋਈ ਹੈ। ਕੋਰੋਨਾਵਾਇਰਸ ਕਰਕੇ ਅੱਜ ਸਵੇਰੇ 7 ਵਜੇ ਤੋਂ ਜਨਤਾ–ਕਰਫ਼ਿਊ ਸ਼ੁਰੂ ਹੋ ਗਿਆ ਹੈ ਜੋ ਅੱਜ ਰਾਤ 9 ਵਜੇ ਤੱਕ ਜਾਰੀ ਰਹਿਣਾ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਰੋਨਾਵਾਇਰਸ ਨਾਲ ਜੰਗ ਲੜਨ ਲਈ 31 ਮਾਰਚ ਤੱਕ ਸਮੁੱਚੇ ਸੂਬੇ ’ਚ ਲੌਕਡਾਊਨ ਦੇ ਹੁਕਮ ਜਾਰੀ ਕਰ ਦਿੱਤੇ ਹਨ। ਪੰਜਾਬ ਦੇ ਮੁੱਖ ਮਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਸੂਬੇ ’ਚ ਸਾਰੀਆਂ ਗ਼ੈਰ–ਜ਼ਰੂਰੀ ਸੇਵਾਵਾਂ ਤੇ ਕਾਰੋਬਾਰੀ ਅਦਾਰੇ ਬੰਦ ਰਹਿਣਗੇ। 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਨਤਾ–ਕਰਫ਼ਿਊ ਦਾ ਸੱਦਾ ਦਿੱਤਾ ਸੀ। ਅੱਜ ਪੂਰੇ ਦੇਸ਼ ਵਿੱਚ ਸਭ ਕੁੱਝ ਬੰਦ ਪਿਆ ਹੈ।
ਪੰਜਾਬ ’ਚ 31 ਮਾਰਚ ਤੱਕ ਲੌਕਡਾਊਨ ਦੌਰਾਨ ਸਿਰਫ਼ ਜ਼ਰੂਰੀ ਸੇਵਾਵਾਂ ਹੀ ਚੱਲ ਸਕਣਗੀਆਂ। ਸਾਰੇ ਡਿਪਟੀ ਕਮਿਸ਼ਨਰਾਂ ਤੇ ਐੱਸਐੱਸਪੀਜ਼ ਨੂੰ ਇਸ ਸਬੰਧੀ ਹੁਕਮ ਜਾਰੀ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਜਾਣ।
ਇਸ ਦੌਰਾਨ ਪੁਲਿਸ, ਸਿਹਤ, ਬਿਜਲੀ, ਐਮਰਜੈਂਸੀ ਟ੍ਰਾਂਸਪੋਰਟ, ਦੁੱਧ ਦੀ ਸਪਲਾਈ, ਭੋਜਨ ਵਸਤਾਂ, ਦਵਾਈਆਂ ਅਦਿ ਸਮੇਤ ਸਿਰਫ਼ ਹੇਠ ਲਿਖੀਆਂ ਸੇਵਾਵਾਂ ਹੀ ਜਾਰੀ ਰਹਿ ਸਕਣਗੀਆਂ:
- ਤਾਜ਼ਾ ਫਲ ਤੇ ਸਬਜ਼ੀਆਂ
- ਪੀਣ ਵਾਲੇ ਪਾਣੀ ਦੀ ਸਪਲਾਈ
- ਜਾਨਵਰਾਂ ਦੇ ਚਾਰੇ ਦੀ ਸਪਲਾਈ
- ਪ੍ਰੋਸੈਸਡ ਭੋਜਨ ਤਿਆਰ ਕਰਨ ਵਾਲੀਆਂ ਸਾਰੀਆਂ ਫ਼ੂਡ ਪ੍ਰੋਸੈਸਿੰਗ ਇਕਾਈਆਂ
- ਪੈਟਰੋਲ, ਡੀਜ਼ਲ, ਸੀਐੱਨਜੀ ਪੰਪ/ਸਟੇਸ਼ਨ (ਸਿਰਫ਼ ਨਾਮਜ਼ਦ/ਮਨੋਨੀਤ ਪੰਪ/ਸਟੇਸ਼ਨ ਉੱਤੇ)
- ਝੋਨੇ ਦੀ ਛੜਾਈ ਕਰਨ ਵਾਲੇ ਰਾਈਸ ਸ਼ੈਲਰ
- ਦੁੱਧ ਪਲਾਂਟ, ਡੇਅਰੀ ਯੂਨਿਟਸ, ਪਸ਼ੂ–ਖੁਰਾਕ ਤੇ ਚਾਰਾ ਤਿਆਰ ਕਰਨ ਵਾਲੀਆਂ ਇਕਾਈਆਂ
- ਐੱਲਪੀਜੀ ਦੀ ਸਪਲਾਈ (ਘਰੇਲੂ ਤੇ ਵਪਾਰਕ)
- ਦਵਾਈਆਂ,ਕੈਮਿਸਟ ਦੀਆਂ ਦੁਕਾਨਾਂ
- ਸਿਹਤ ਸੇਵਾਵਾਂ
- ਮੈਡੀਕਲ ਤੇ ਸਿਹਤ ਉਪਕਰਣ ਤਿਆਰ ਕਰਨ ਵਾਲੀਆਂ ਇਕਾਈਆਂ
- ਟੈਲੀਕਾਮ ਆਪਰੇਟਰਜ਼ ਤੇ ਏਜੰਸੀਆਂ ਅਤੇ ਉਨ੍ਹਾਂ ਏਜੰਸੀਆਂ ਵੱਲੋਂ ਨਿਯੁਕਤ ਦੂਰਸੰਚਾਰ ਸੇਵਾਵਾਂ ਜਾਰੀ ਰੱਖਣ ਲਈ ਮਕੈਨਿਕ ਜਾਂ ਇੰਜੀਨੀਅਰ
- ਬੀਮਾ ਕੰਪਨੀਆਂ
- ਬੈਂਕ ਤੇ ਏਟੀਐੱਮ
- ਡਾਕਘਰ
- ਗੁਦਾਮਾਂ ’ਚੋਂ ਚੌਲਾਂ ਤੇ ਕਣਕ ਦੀ ਲੁਹਾਈ ਤੇ ਲਦਵਾਈ
- ਹੋਰ ਭੋਜਨ ਵਸਤਾਂ ਦੀ ਸਪਲਾਈ/ਉਤਪਾਦਨ।