‘ਦ ਖ਼ਾਲਸ ਬਿਊਰੋ:- ਖੇਤੀਬਾੜੀ ਬਿੱਲਾਂ ਖਿਲਾਫ਼ ਅੱਜ ਪੰਜਾਬ ਯੂਥ ਕਾਂਗਰਸ ਵੱਲੋਂ ਟਰੈਕਟਰ ਰੈਲੀ ਕੀਤੀ ਜਾ ਰਹੀ ਹੈ। ਯੂਥ ਕਾਂਗਰਸ ਦੇ ਵਰਕਰ ਟਰੈਕਟਰਾਂ ‘ਤੇ ਸਵਾਰ ਹੋ ਕੇ ਦਿੱਲੀ ਨੂੰ ਕੂਚ ਕਰ ਰਹੇ ਹਨ, ਪਰ ਉਹਨਾਂ ਨੂੰ ਹਰਿਆਣਾ ਬਾਰਡਰ ‘ਤੇ ਰੋਕ ਲਿਆ ਗਿਆ ਹੈ। ਇਸ ਦੌਰਾਨ ਕਿਸਾਨਾਂ ਨੇ ਟਰੈਕਟਰ ਨੂੰ ਅੱਗ ਲਗਾ ਦਿੱਤੀ ਹੈ, ਜਿਸ ਕਾਰਨ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।
ਇਸ ਮੌਕੇ ਕਿਸਾਨਾਂ ਅਤੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲਗਾਤਾਰ ਕੇਂਦਰ ਸਰਕਾਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਯੂਥ ਕਾਂਗਰਸ ਦੇ ਆਗੂਆਂ ਦਾ ਕਹਿਣਾ ਹੈ ਕਿ ਜੋ ਮਰਜ਼ੀ ਹੋ ਜਾਵੇ, ਉਹ ਦਿੱਲੀ ਪਹੁੰਚ ਕੇ ਰਹਿਣਗੇ। ਯੂਥ ਕਾਂਗਰਸ ਦੀ ਮੰਗ ਹੈ ਕਿ ਖੇਤੀ ਆਰਡੀਨੈਂਸ ਬਿੱਲਾਂ ਨੂੰ ਰੱਦ ਕੀਤਾ ਜਾਵੇ।
ਲੋਕ ਸਭਾ ਮਗਰੋਂ ਹੁਣ ਰਾਜ ਸਭਾ ‘ਚ ਵੀ ਦੋ ਖੇਤੀ ਆਰਡੀਨੈਂਸ ਬਿੱਲ ਪਾਸ ਕਰ ਦਿੱਤੇ ਗਏ ਹਨ। ਰਾਜ ਸਭਾ ਨੇ ਕਿਸਾਨੀ ਤੇ ਉਤਪਾਦਨ ਵਪਾਰ ਤੇ ਵਣਜ (ਤਰੱਕੀ ਤੇ ਸਹੂਲਤ) ਬਿੱਲ, 2020 ਤੇ ਕਿਸਾਨੀ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਦਾ ਭਰੋਸਾ ਤੇ ਫਾਰਮ ਸੇਵਾਵਾਂ ਬਿੱਲ, 2020 ਨੂੰ ਪਾਸ ਕੀਤਾ ਹੈ।