ਚੰਡੀਗੜ੍ਹ- (ਪੁਨੀਤ ਕੌਰ) ਇੱਕ ਨਵੀਂ ਖੋਜ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੋਰੋਨਾਵਾਇਰਸ ਨਾਲ ਵਿਸ਼ਵ ਭਰ ਵਿੱਚ ਹੋਈਆਂ ਮੌਤਾਂ ਦੀ ਗਿਣਤੀ 1.5 ਕਰੋੜ ਤੱਕ ਪਹੁੰਚਣ ਦੀ ਉਮੀਦ ਹੈ। ਇਸਦੇ ਨਾਲ ਹੀ ਕੋਰੋਨਾਵਾਇਰਸ ਦੇ ਕਾਰਨ, ਵਿਸ਼ਵ ਆਰਥਿਕਤਾ ਨੂੰ ਵੀ ਨੁਕਸਾਨ ਹੋਣ ਦਾ ਖ਼ਤਰਾ ਹੈ।
ਆਸਟਰੇਲੀਆਈ ਨੈਸ਼ਨਲ ਯੂਨੀਵਰਸਿਟੀ ਵੱਲੋਂ ਕੀਤੀ ਖੋਜ ਵਿੱਚ ਪਤਾ ਲੱਗਾ ਕਿ ਮਹਾਂਮਾਰੀ ਕਾਰਨ ਗਲੋਬਲ ਜੀਡੀਪੀ 2.3 ਟ੍ਰਿਲੀਅਨ ਡਾਲਰ ਤੋਂ ਘੱਟ ਹੋ ਸਕਦੀ ਹੈ। ਕੋਰੋਨਾਵਾਇਰਸ ਦੀ ਸਭ ਤੋਂ ਵਿਨਾਸ਼ਕਾਰੀ ਸਥਿਤੀ ਵਿੱਚ ਬ੍ਰਿਟੇਨ ਅਤੇ ਅਮਰੀਕਾ ਵਿੱਚ ਹਜ਼ਾਰਾਂ ਲੋਕਾਂ ਦੀ ਮੌਤ ਸਮੇਤ ਇਹ ਅੰਕੜਾ 6 ਕਰੋੜ 80 ਲੱਖ ਤੱਕ ਪਹੁੰਚ ਸਕਦਾ ਹੈ।
ਭਾਰਤ ਵਿੱਚ ਕੇਰਲ ਦੇ ਇੱਕੋ ਪਰਿਵਾਰ ਦੇ ਪੰਜ ਜੀਅ ਕੋਰੋਨਾਵਾਇਰਸ ਤੋਂ ਪੀੜਤ ਪਾਏ ਗਏ ਹਨ। ਭਾਰਤ ’ਚ ਹੁਣ ਤੱਕ ਕੋਰੋਨਾ ਦੇ 39 ਪਾਜ਼ਿਟਿਵ ਕੇਸ ਸਾਹਮਣੇ ਆ ਚੁੱਕੇ ਹਨ। ਕੇਰਲ ਦੇ ਸਿਹਤ ਮੰਤਰੀ ਕੇ.ਕੇ. ਸ਼ੈਲਜਾ ਨੇ ਦੱਸਿਆ ਕਿ ਸਭ ਪਾਜ਼ਿਟਿਵ ਪਾਏ ਗਏ ਲੋਕਾਂ ਨੂੰ ਇਕੱਲੇ–ਕਾਰੇ ਵਾਰਡ ਵਿੱਚ ਰੱਖਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਪਰਿਵਾਰ ਦੇ ਤਿੰਨ ਵਿਅਕਤੀ ਇਟਲੀ ਤੋਂ ਪਰਤੇ ਹਨ ਅਤੇ ਦੋ ਹੋਰ ਉਨ੍ਹਾਂ ਦੇ ਸੰਪਰਕ ਵਿੱਚ ਆਉਣ ਕਾਰਨ ਬੀਮਾਰ ਹੋਏ ਹਨ। ਕੋਰੋਨਾ ਵਾਇਰਸ ਨੇ ਦੋ ਹੋਰ ਸੂਬਿਆਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸ਼ੁੱਕਰਵਾਰ ਨੂੰ ਆਪਣੇ ਪੈਰ ਫੈਲਾ ਦਿੱਤੇ ਹਨ। ਸਨਿੱਚਰਵਾਰ ਨੂੰ ਲੱਦਾਖ ’ਚ ਇਸ ਜਾਨਲੇਵਾ ਛੂਤ ਦੇ ਦੋ ਅਤੇ ਤਾਮਿਲ ਨਾਡੂ ’ਚ ਇੱਕ ਮਾਮਲਾ ਸਾਹਮਣੇ ਆਇਆ ਹੈ। ਇਸ ਤਰ੍ਹਾਂ ਦੇਸ਼ ਵਿੱਚ ਕੋਰੋਨਾ ਤੋਂ ਪੀੜਤ ਕੁੱਲ ਮਰੀਜ਼ਾਂ ਦੀ ਗਿਣਤੀ 39 ਹੋ ਗਈ ਹੈ।
ਸਿਹਤ ਮੰਤਰਾਲੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਲੱਦਾਖ ’ਚ ਮਿਲੇ ਦੋ ਮਰੀਜ਼ਾਂ ਈਰਾਨ ਦੀ ਯਾਤਰਾ ਤੋਂ ਵਾਪਿਸ ਮੁੜੇ ਹਨ। ਤਾਮਿਲ ਨਾਡੂ ’ਚ ਸਾਹਮਣੇ ਆਇਆ ਮਰੀਜ਼ ਫ਼ਿਲਹਾਲ ਓਮਾਨ ਤੋਂ ਪਰਤਿਆ ਹੈ। ਤਿੰਨੇ ਮਰੀਜ਼ਾਂ ਨੂੰ ਵੱਖਰੇ ਵਾਰਡ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ।
ਭੂਟਾਨ ਵਿੱਚ ਕੋਰੋਨਾ ਤੋਂ ਪ੍ਰਭਾਵਿਤ ਦੋ ਅਮਰੀਕੀ ਸੈਲਾਨੀਆਂ ਦੇ ਸੰਪਰਕ ਵਿੱਚ ਆਏ 150 ਭਾਰਤੀਆਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ ਹੈ। ਖੋਜ ਦੇ ਅਨੁਸਾਰ, ਚੀਨ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੀ ਮੌਤ ਦਰ 2 ਪ੍ਰਤੀਸ਼ਤ ਅਨੁਮਾਨਿਤ ਕੀਤੀ ਗਈ ਹੈ, ਜਦਕਿ ਵਿਸ਼ਵ ਪੱਧਰ ਉੱਤੇ ਇਹ ਦਰ ਇਸ ਸਮੇਂ 3.4 ਪ੍ਰਤੀਸ਼ਤ ਤੱਕ ਹੈ।