Punjab

ਕੋਰੋਨਾਵਾਇਰਸ ਕਾਰਨ ਲੁੱਟ,50 ਤੋਂ 100 ਰੁਪਏ ਕੀਤੇ ਗੰਢੇ

ਚੰਡੀਗੜ੍ਹ- ਕੋਰੋਨਾਵਾਇਰਸ ਕਾਰਨ ਸਮੂਹ ਭਾਰਤ ਵਾਸੀਆਂ ਨੂੰ ਕਰਫ਼ਿਊ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੋਹਾਲੀ ਵਿੱਚ ਸਬਜ਼ੀ–ਵਿਕਰੇਤਾਵਾਂ ਵੱਲੋਂ ਆਮ ਜਨਤਾ ਨਾਲ ਲੁੱਟ ਕੀਤੀ ਜਾ ਰਹੀ ਹੈ। ਸਬਜ਼ੀ–ਵਿਕਰੇਤਾ ਇਸ ਵੇਲੇ ਪਿਆਜ਼ 50 ਤੋਂ 100 ਰੁਪਏ, ਟਮਾਟਰ 55 ਤੋਂ 80 ਰੁਪਏ, ਗਾਜਰ 50 ਰੁਪਏ ਕਿਲੋਗ੍ਰਾਮ, ਪਾਲਕ ਦੀ ਗੁੱਛੀ 40 ਰੁਪਏ, ਅਦਰਕ 250 ਰੁਪਏ, ਪਿਆਜ਼ 40 ਰੁਪਏ ਪ੍ਰਤੀ ਕਿਲੋਗ੍ਰਾਮ, ਮਟਰ 60 ਰੁਪਏ ਪ੍ਰਤੀ ਕਿਲੋਗ੍ਰਾਮ, ਹਰੀ ਮਿਰਚ 320 ਰੁਪਏ ਪ੍ਰਤੀ ਕਿਲੋਗ੍ਰਾਮ ਵੇਚ ਰਹੇ ਹਨ। ਇਸ ਤੋਂ ਇਲਾਵਾ ਸੇਬ 200 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਭਾਅ ਵੇਚੇ ਜਾ ਰਹੇ ਹਨ।

ਮੋਹਾਲੀ ਦੇ ਸੈਕਟਰ–70 ਸਥਿਤ ਵਾਰਡ ਨੰਬਰ 47 ਤੋਂ ਨਗਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ ਸਬਜ਼ੀ–ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਆਮ ਜਨਤਾ ਦੀ ਲੁੱਟ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਅਜਿਹੇ ਲੋਕ–ਨੁਮਾਇੰਦਿਆਂ ਨੂੰ ਜਨਤਾ ਦੀ ਆਵਾਜ਼ ਬਣਨ ਦੀ ਲੋੜ ਹੁੰਦੀ ਹੈ। ਮੋਹਾਲੀ ’ਚ 50 ਨਗਰ ਕੌਂਸਲਰ (MC) ਹਨ ਤੇ ਉਨ੍ਹਾਂ ਸਭਨਾਂ ਨੂੰ ਹੀ ਆਮ ਜਨਤਾ ਨੂੰ ਦਰਪੇਸ਼ ਸਮੱਸਿਆਵਾਂ ਦਾ ਤੁਰੰਤ ਹੱਲ ਲੱਭਣ ਲਈ ਲੋਕਾਂ ਤੇ ਪ੍ਰਸ਼ਾਸਨ ਵਿਚਾਲੇ ਮਜ਼ਬੂਤ ਪੁਲ ਦਾ ਕੰਮ ਕਰਨਾ ਚਾਹੀਦਾ ਹੈ।

ਨਗਰ ਕੌਂਸਲਰ ਸੁਖਦੇਵ ਸਿੰਘ ਪਟਵਾਰੀ ਨੇ DMO ਮੋਹਾਲੀ ਨੂੰ ਸਬਜ਼ੀ ਵਿਕਰੇਤਾਵਾਂ ਵੱਲੋਂ ਕੀਤੀ ਜਾ ਰਹੀ ਲੁੱਟ ਦੀ ਸ਼ਿਕਾਇਤ ਕੀਤੀ ਸੀ। DMO ਨੇ ਇਸ ਸਬੰਧੀ ਮਟੌਰ ਦੇ SHO ਨੂੰ ਸ਼ਿਕਾਇਤ ਕਰਨ ਲਈ ਕਿਹਾ ਹੈ। ਸੁਖਦੇਵ ਸਿੰਘ ਪਟਵਾਰੀ ਨੇ ਦੱਸਿਆ ਕਿ ਮੋਹਾਲੀ ਦੇ ਸੈਕਟਰ–70 ’ਚ ਸਬਜ਼ੀ ਵੇਚ ਰਹੇ ਵਿਕਰੇਤਾਵਾਂ ਦੀ ਲੁੱਟ ਤੋਂ ਲੋਕਾਂ ਨੂੰ ਬਚਾਉਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਮੌਕੇ ’ਤੇ ਜਾ ਕੇ ਇਹ ਸਭ ਵੇਖਿਆ ਹੈ। ਪਟਵਾਰੀ ਨੇ ਡੀਐੱਮਓ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਮੰਡੀ ਸੁਪਰਵਾਈਜ਼ਰ ਨੂੰ ਨਾਲ ਲੈ ਕੇ ਚੋਰੀ ਛਿਪੇ ਜਾ ਕੇ ਚੈਕਿੰਗ ਕਰਨ। ਅਜਿਹੇ ਵੇਲੇ ਉਨ੍ਹਾਂ ਨਾਲ ਸਾਦੇ ਕੱਪੜਿਆਂ ’ਚ ਪੁਲਿਸ ਵੀ ਮੌਜੂਦ ਰਹੇ।