‘ਦ ਖ਼ਾਲਸ ਬਿਊਰੋ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ 60 ਸਾਲਾ ਪਤਨੀ ਬੀਬੀ ਅਮਰਪਾਲ ਕੌਰ ਦਾ ਸਸਕਾਰ ਕੱਲ੍ਹ ਪਿੰਡ ਲੌਂਗੋਵਾਲ ਦੇ ਰਾਮ ਬਾਗ ਵਿੱਚ ਪੰਥਕ ਗੁਰਮਰਿਆਦਾ ਅਤੇ ਕੋਰੋਨਾ ਸਬੰਧੀ ਸਰਕਾਰ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਅਨੁਸਾਰ ਹੋਇਆ। ਕੱਲ੍ਹ ਸਵੇਰੇ 10 ਕੁ ਵਜੇ ਬੀਬੀ ਅਮਰਪਾਲ ਕੌਰ ਦੀ ਮ੍ਰਿਤਕ ਦੇਹ ਭਾਈ ਲੌਂਗੋਵਾਲ ਦੀ ਰਿਹਾਇਸ਼ ਤੋਂ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ’ਚ ਸਮਸ਼ਾਨਘਾਟ ਲਈ ਰਵਾਨਾ ਹੋਈ। ਰਸਤੇ ਵਿੱਚ ਲੋਕ ਆਪੋ-ਆਪਣੇ ਘਰਾਂ ਅੱਗੇ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਕਰਨ ਲਈ ਖੜੇ ਸਨ।
ਬੀਬੀ ਅਮਰਪਾਲ ਕੌਰ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਕਾਕਾ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਨੇ ਦਿਖਾਈ। ਅੰਤਿਮ ਸਸਕਾਰ ਮੌਕੇ ਉਨ੍ਹਾਂ ਦੀ ਪੁੱਤਰੀ ਗੁਰਮਨ ਕੌਰ ਵੀ ਮੌਜੂਦ ਸੀ। ਕੋਰੋਨਾ ਦੀ ਮਹਾਂਮਰੀ ਕਾਰਨ ਭਾਈ ਲੌਂਗੋਵਾਲ ਦੀ ਰਿਹਾਇਸ਼ ਤੇ ਸ਼ਮਸ਼ਾਨਘਾਟ ਵਿੱਚ ਸੋਸ਼ਲ ਡਿਸਟੈਂਸਿੰਗ, ਹੱਥ ਧੋਣ ਤੇ ਸੈਨੇਟਾਈਜ਼ੇਸ਼ਨ ਦੀ ਪਾਲਣਾ ਕੀਤੀ ਗਈ। ਇਸ ਮੌਕੇ ਪਿੰਗਲਵਾੜਾ ਸੰਸਥਾ ਦੇ ਮੁਖੀ ਡਾ. ਇੰਦਰਜੀਤ ਕੌਰ, ਗੋਪਾਲ ਸਿੰਘ ਦਰਦੀ, ਵਿਨਰਜੀਤ ਸਿੰਘ ਗੋਲਡੀ, ਰਵਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਕੈਂਬੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਮਲਕੀਤ ਸਿੰਘ ਚੰਗਾਲ, ਬਲਦੇਵ ਸਿੰਘ ਮਾਨ, ਬੀਬੀ ਪਰਮਜੀਤ ਕੌਰ ਵਿਰਕ, ਸਤਵੰਤ ਸਿੰਘ ਲਖਮੀਰਵਾਲਾ, ਵਿਜੇ ਗੋਇਲ, ਡਾ. ਇੰਦਰਮਨਜੋਤ ਸਿੰਘ, ਸੁਰਿੰਦਰ ਸਿੰਘ, ਨਵਦੀਪ ਕੁੱਕ, ਸਰਪੰਚ ਸੁਖਦੇਵ ਸਿੰਘ ਤੇ ਅਮਰਜੀਤ ਸਿੰਘ ਨਿੱਜੀ ਸਹਾਇਕ ਹਾਜ਼ਰ ਸਨ।