Punjab

ਇੱਕ ਸੈਂਪਲ ਦੇ ਦੋ ਨਤੀਜੇ, ਪਹਿਲਾਂ ਨੈਗੇਟਿਵ ਤੇ ਫਿਰ ਪਾਜ਼ਿਟਿਵ

‘ਦ ਖ਼ਾਲਸ ਬਿਊਰੋ :- ਕੋਰੋਨਾ ਦੀ ਜਾਂਚ ਲਈ ਸ਼ੱਕੀ ਮਰੀਜ਼ਾਂ ਦੇ ਲਏ ਜਾ ਰਹੇ ਸੈਂਪਲਾਂ ਦੀ ਰਿਪੋਰਟ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ। ਹਜ਼ੂਰ ਸਾਹਿਬ ਤੋਂ ਆਏ ਇੱਕ ਸ਼ਰਧਾਲੂ ਨੇ ਆਡੀਓ ਵਾਇਰਲ ਕਰ ਕੇ ਇਸ ਦੀ ਪੋਲ ਖੋਲ੍ਹੀ ਹੈ। ਆਡੀਓ ਅਨੁਸਾਰ ਚਾਰ ਸ਼ਰਧਾਲੂਆਂ ਦੀ ਰਿਪੋਰਟ ਪਹਿਲਾਂ ਨੈਗੇਟਿਵ ਦੱਸੀ ਗਈ ਪਰ ਅਗਲੇ ਦਿਨ ਪਾਜ਼ਿਟਿਵ ਵਿਅਕਤੀਆਂ ਵਾਲੀ ਲਿਸਟ ਵਿੱਚ ਵੀ ਉਨ੍ਹਾਂ ਦਾ ਨਾਂ ਸ਼ੁਮਾਰ ਸੀ।

ਇਥੇ ਆਮ ਆਦਮੀ ਪਾਰਟੀ ਦੇ ਬੁਲਾਰੇ ਨਵਦੀਪ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂ ਗੁਰਪ੍ਰੀਤ ਸਿੰਘ ਮੋਗਾ ਨੇੜੇ ਪਿੰਡ ਬਾਘਾਪੁਰਾਣਾ ਦਾ ਵਾਸੀ ਨੇ ਇੱਕ ਆਡੀਓ ਸੁਣਾਈ। ਆਡੀਓ ਮੁਤਾਬਕ ਉਹ 27 ਅਪ੍ਰੈਲ ਨੂੰ ਬਾਘਾਪੁਰਾਣਾ ਪਹੁੰਚੇ ਤਾਂ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਉਨ੍ਹਾਂ ਨੂੰ ਚੈੱਕਅੱਪ ਕਰਨ ਮਗਰੋਂ ਤੰਦਰੁਸਤ ਆਖ ਕੇ ਘਰ ਭੇਜ ਦਿੱਤਾ। 28 ਅਪ੍ਰੈਲ ਨੂੰ ਉਨ੍ਹਾਂ ਦੇ ਸੈਂਪਲ ਲਏ ਗਏ ਅਤੇ 29 ਨੂੰ ਮੁੜ ਧਰਮਕੋਟ ਨੇੜੇ ਇੱਕ ਨਿੱਜੀ ਸਕੂਲ ’ਚ ਸਥਾਪਤ ਆਈਸੋਲੇਸ਼ਨ ਕੇਂਦਰ ’ਚ ਭੇਜ ਦਿੱਤਾ। 30 ਅਪ੍ਰੈਲ ਨੂੰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆ ਗਈ ਪਰ 2 ਮਈ ਨੂੰ ਨਾਂਦੇੜ ਤੋਂ ਪਰਤੇ ਜਿਹੜੇ 17 ਸ਼ਰਧਾਲੂਆਂ ਨੂੰ ਪਾਜ਼ੇਟਿਵ ਮਰੀਜ਼ ਕਰਾਰ ਦਿੱਤਾ ਗਿਆ, ਉਸ ਸੂਚੀ ਵਿੱਚ ਵੀ ਉਨ੍ਹਾਂ ਦਾ ਨਾਂ ਸ਼ਾਮਲ ਸੀ। ਸਿਵਲ ਸਰਜਨ ਡਾ. ਅੰਦੇਸ਼ ਕੰਗ ਨੇ ਕਿਹਾ ਕਿ ਉਨ੍ਹਾਂ ਕੋਲ ਆਡੀਓ ਆਈ ਹੈ ਤੇ ਉਹ ਇਸ ਦੀ ਪੜਤਾਲ ਕਰ ਰਹੇ ਹਨ। ਕੋਵਿਡ-19 ਜ਼ਿਲ੍ਹਾ ਨੋਡਲ ਅਫ਼ਸਰ ਡਾ. ਨਰੇਸ਼ ਕੁਮਾਰ ਆਮਲਾ ਨੇ ਇੱਕੋ ਸੈਂਪਲ ਦੀਆਂ ਦੋ ਰਿਪੋਰਟਾਂ ਹੋਣ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਗਲਤੀ ਲੈੱਬ ’ਚ ਹੋਈ ਹੈ।