‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਹਰਿਆਣਾ ਦੇ ਹਿਸਾਰ ਤੋਂ ਇੱਕ ਅਨੌਖਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਆਪਣੇ ਬੇਟੇ ਕੋਲ ਜਾਣ ਤੋਂ ਬਾਅਦ ਅਮਰੀਕਾ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਭਾਰਤ ਦੇ ਇੱਕ ਮਿਠਾਈ ਵਾਲੇ ਦੇ 28 ਰੁਪਏ ਦੇਣੇ ਨਹੀਂ ਭੁੱਲਿਆ।
68 ਸਾਲ ਬਾਅਦ ਜਦੋਂ ਉਹ ਵਿਅਕਤੀ 85 ਸਾਲ ਦੀ ਉਮਰ ਵਿੱਚ ਅਮਰੀਕਾ ਤੋਂ ਭਾਰਤ ਆਇਆ ਤਾਂ ਉਸ ਨੇ 28 ਰੁਪਏ ਦੀ ਬਜਾਏ 10 ਹਜ਼ਾਰ ਰੁਪਏ ਵਾਪਿਸ ਕੀਤੇ। ਇਹ ਘਟਨਾ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਹੈ। ਨੇਵੀ ਕਮਾਂਡਰ ਬੀਐਸ ਉੱਪਲ, ਜਿਨ੍ਹਾਂ ਨੂੰ ਹਰਿਆਣਾ ਵਿੱਚ ਪਹਿਲਾ ਨੇਵੀ ਬਹਾਦਰੀ ਪੁਰਸਕਾਰ ਦਿੱਤਾ ਗਿਆ ਸੀ, ਸੇਵਾਮੁਕਤੀ ਤੋਂ ਬਾਅਦ ਆਪਣੇ ਪੁੱਤਰ ਨਾਲ ਅਮਰੀਕਾ ਵਿੱਚ ਰਹਿੰਦੇ ਹਨ। ਉਹ ਹਿਸਾਰ ਦੇ ਮੋਤੀ ਬਾਜ਼ਾਰ ਸਥਿਤ ਦਿੱਲੀ ਵਾਲਾ ਹਲਵਾਈ ਕੋਲ ਪਹੁੰਚੇ ਅਤੇ ਦੁਕਾਨ ਦੇ ਮਾਲਕ ਵਿਨੈ ਬਾਂਸਲ ਨੂੰ ਕਿਹਾ ਕਿ ਮੈਂ ਤੁਹਾਡੇ ਦਾਦਾ ਸ਼ੰਭੂ ਦਿਆਲ ਨੂੰ 1954 ਵਿੱਚ 28 ਰੁਪਏ ਦੇਣੇ ਸਨ, ਪਰ ਮੈਨੂੰ ਅਚਾਨਕ ਸ਼ਹਿਰ ਤੋਂ ਬਾਹਰ ਜਾਣਾ ਪਿਆ ਅਤੇ ਨੇਵੀ ਵਿੱਚ ਭਰਤੀ ਹੋ ਗਿਆ।
ਉੱਪਲ ਨੇ ਦੱਸਿਆ, “ਤੁਹਾਡੀ ਦੁਕਾਨ ‘ਤੇ ਮੈਂ ਪੇੜੇ ਪਾ ਕੇ ਦਹੀਂ ਲੱਸੀ ਪੀਂਦਾ ਸੀ, ਜਿਸ ਦੇ ਮੈਂ 28 ਰੁਪਏ ਦੇਣੇ ਸਨ। ਫੌਜੀ ਸੇਵਾ ਦੌਰਾਨ ਮੈਨੂੰ ਹਿਸਾਰ ਆਉਣ ਦਾ ਮੌਕਾ ਨਹੀਂ ਮਿਲਿਆ ਅਤੇ ਸੇਵਾਮੁਕਤ ਹੋਣ ਤੋਂ ਬਾਅਦ ਮੈਂ ਆਪਣੇ ਪੁੱਤਰ ਨਾਲ ਅਮਰੀਕਾ ਚਲਾ ਗਿਆ। ਉੱਥੇ ਹਿਸਾਰ ਦੀਆਂ ਦੋ ਗੱਲਾਂ ਹਮੇਸ਼ਾ ਯਾਦ ਆਉਂਦੀਆਂ ਸਨ। ਇੱਕ ਤਾਂ ਤੁਹਾਡੇ ਦਾਦਾ ਜੀ ਨੂੰ 28 ਰੁਪਏ ਦੇਣੇ ਸਨ ਅਤੇ ਦੂਜਾ ਮੈਂ 10ਵੀਂ ਪਾਸ ਕਰਨ ਤੋਂ ਬਾਅਦ ਹਰਜੀਰਾਮ ਹਿੰਦੂ ਹਾਈ ਸਕੂਲ ਨਹੀਂ ਜਾ ਸਕਿਆ ਸੀ। ਤੁਹਾਡਾ ਕਰਜ਼ਾ ਚੁਕਾਉਣ ਅਤੇ ਆਪਣੀ ਵਿੱਦਿਅਕ ਸੰਸਥਾ ਨੂੰ ਦੇਖਣ ਲਈ ਮੈਂ ਵਿਸ਼ੇਸ਼ ਤੌਰ ‘ਤੇ ਹਿਸਾਰ ਆਇਆ ਹਾਂ।”
ਜਦੋਂ ਬੀਐਸ ਉੱਪਲ ਨੇ ਵਿਨੈ ਬਾਂਸਲ ਦੇ ਹੱਥ ਵਿੱਚ ਦਸ ਹਜ਼ਾਰ ਦੀ ਰਕਮ ਰੱਖੀ ਤਾਂ ਉਨ੍ਹਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ। ਤਦ ਉੱਪਲ ਨੇ ਬੇਨਤੀ ਕੀਤੀ ਕਿ ਮੇਰੇ ਸਿਰ ‘ਤੇ ਤੁਹਾਡੀ ਦੁਕਾਨ ਦਾ ਕਰਜ਼ਾ ਬਕਾਇਆ ਹੈ, ਕਿਰਪਾ ਕਰਕੇ ਇਸ ਤੋਂ ਮੁਕਤ ਕਰਨ ਲਈ ਇਹ ਰਕਮ ਸਵੀਕਾਰ ਕਰੋ। ਮੈਂ ਇਸ ਕੰਮ ਲਈ ਅਮਰੀਕਾ ਤੋਂ ਵਿਸ਼ੇਸ਼ ਤੌਰ ‘ਤੇ ਆਇਆ ਹਾਂ।
ਮੇਰੀ ਉਮਰ 85 ਸਾਲ ਹੈ, ਕਿਰਪਾ ਕਰਕੇ ਇਹ ਰਕਮ ਸਵੀਕਾਰ ਕਰੋ। ਫਿਰ ਵਿਨੈ ਬਾਂਸਲ ਨੇ ਕਾਫੀ ਮੁਸ਼ਕਿਲ ਬਾਅਦ ਉਹ ਰਕਮ ਸਵੀਕਾਰ ਕੀਤੀ ਤਾਂ ਉੱਪਲ ਨੇ ਸੁੱਖ ਦਾ ਸਾਹ ਲਿਆ। ਇਸ ਤੋਂ ਬਾਅਦ ਉਹ ਆਪਣੇ ਸਕੂਲ ਗਏ ਅਤੇ ਬੰਦ ਸਕੂਲ ਦੇਖ ਕੇ ਨਿਰਾਸ਼ ਹੋ ਕੇ ਵਾਪਿਸ ਪਰਤ ਗਏ। ਦੱਸ ਦਈਏ ਕਿ ਉੱਪਲ ਉਸ ਪਣਡੁੱਬੀ ਦੇ ਕਮਾਂਡਰ ਸਨ ਜਿਸ ਨੇ ਭਾਰਤ-ਪਾਕਿ ਯੁੱਧ ਦੌਰਾਨ ਪਾਕਿਸਤਾਨੀ ਜਹਾਜ਼ ਨੂੰ ਡੁਬੋਇਆ ਸੀ ਅਤੇ ਆਪਣੀ ਪਣਡੁੱਬੀ ਅਤੇ ਸੈਨਿਕਾਂ ਨੂੰ ਸੁਰੱਖਿਅਤ ਲਿਆਂਦਾ ਸੀ। ਇਸ ਬਹਾਦਰੀ ਲਈ ਭਾਰਤੀ ਫੌਜ ਨੇ ਉਨ੍ਹਾਂ ਨੂੰ ਬਹਾਦਰੀ ਲਈ ਜਲ ਸੈਨਾ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ।