Punjab

ਜ਼ੀਰਾ ਧਰਨਾ : ਪੁਲਿਸ ਨੇ ਗ੍ਰਿਫਤਾਰ ਕੀਤੇ ਬੇਕਸੂਰ ਲੋਕਾਂ ਨੂੰ ਕੀਤਾ ਰਿਹਾਅ

Zira Dharna: The police released the arrested innocent people

Zira Dharna : ਜ਼ੀਰਾ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਲੱਗਾ ਧਰਨਾ ਲਗਾਤਾਰ ਜ਼ੋਰ ਫੜ੍ਹ ਰਿਹਾ ਹੈ। ਧਰਨੇ ਵਿੱਚ ਜਾ ਰਹੇ ਜਥਿਆਂ ਨੂੰ ਰਾਹ ਵਿੱਚ ਰੋਕਣ ਦੀਆਂ ਪੁਲਿਸ ਦੀਆਂ ਕੋਸ਼ਿਸ਼ਾਂ ਨਾਕਾਮਯਾਬ ਹੋ ਰਹੀਆਂ ਹਨ, ਜਿਸ ਦਾ ਗੁੱਸਾ ਉਹ ਆਮ ਲੋਕਾਂ ‘ਤੇ ਕੱਢ ਰਹੀ ਹੈ। ਇਸਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਧਰਨਾਕਾਰੀਆਂ ਨੂੰ ਮਨਾਉਣ ਦੀ ਕੋਸ਼ਿਸ਼ ਫ਼ੇਲ੍ਹ ਹੋਣ ਤੋਂ ਬਾਅਦ ਪੁਲਿਸ ਨੇ ਕਿਸਾਨਾਂ ਖ਼ਿਲਾਫ਼ ਪਰਚਾ ਦਰਜ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ, ਜਿਸ ਵਿੱਚ ਇੱਕ ਬੇਕਸੂਰ ਨੌਜਵਾਨ ਪਰਪ੍ਰੀਤ ਅਤੇ ਮਾਤਾ ਗੁਰਮੀਤ ਕੌਰ ਦਾ ਨਾਂ ਵੀ ਸ਼ਾਮਲ ਸੀ।

ਇਸ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਬਿਨਾਂ ਕਿਸੇ ਗੁਨਾਹ ਤੋਂ ਗ੍ਰਿਫਤਾਰ ਕੀਤੇ ਨੌਜਵਾਨ ਪਰਪ੍ਰੀਤ ਅਤੇ ਮਾਤਾ ਗੁਰਮੀਤ ਕੌਰ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ 20 ਦਸੰਬਰ ਨੂੰ ਪਰਪ੍ਰੀਤ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ। ਇਸ ਮੌਕੇ ਇੱਕ ਨੌਜਵਾਨ ਪਰਪ੍ਰੀਤ ਸਿੰਘ ਦੀ ਗ੍ਰਿਫਤਾਰੀ ਦੀ ਪੁਸ਼ਟੀ ਮੋਰਚੇ ਦੇ ਆਗੂਆਂ ਨੇ ਕੀਤੀ ਸੀ ਤੇ ਦਾਅਵਾ ਕੀਤਾ ਸੀ ਕਿ ਉਕਤ ਨੌਜਵਾਨ, ਜੋ ਕਿ ਪਿੰਡ ਰਟੌਲ ਰੋਹੀ ਦਾ ਹੀ ਵਾਸੀ ਹੈ, ਦੀ ਇਸ ਪਿੰਡ ਵਿੱਚ ਹੀ ਰੈਡੀਮੇਡ ਕੱਪੜੇ ਦੀ ਦੁਕਾਨ ਸੀ,ਜਿਸ ਦਾ ਨਾਂ ਖਾਲਸਾ ਕਲਾਥ ਹਾਊਸ ਦੱਸਿਆ ਜਾ ਰਿਹਾ ਹੈ।

ਜ਼ੀਰਾ ਧਰਨਾ: ਪੁਲਿਸ ਤੇ ਲੱਗੇ ਬੇਕਸੂਰਾਂ ਨੂੰ ਤੰਗ ਕਰਨ ਦੇ ਦੋਸ਼,ਬੇਕਸੂਰ ਨੌਜਵਾਨ ਨਾਲ ਕੀਤਾ ਧੱਕਾ

ਆਈਪੀਐਸ ਦੀ ਤਿਆਰੀ ਕਰ ਰਿਹਾ ਉਕਤ ਨੌਜਵਾਨ ਆਪਣੀ ਦੁਕਾਨ ਅੱਗੇ ਖੜਾ ਸੀ ਤਾਂ ਪੁਲਿਸ ਨੇ ਬਿਨਾਂ ਕਿਸੇ ਪੁੱਛ ਪੜਤਾਲ ਦੇ ਇਸਨੂੰ ਬੱਸ ਵਿੱਚ ਸੁੱਟ ਲਿਆ ਅਤੇ ਪਰਚਾ ਦਰਜ ਕਰਕੇ ਜੇਲ ਭੇਜ ਦਿੱਤਾ। ਇਹ ਦਾਅਵਾ ਮੋਰਚੇ ਦੇ ਆਗੂਆਂ ਨੇ ਕੀਤਾ ਹੈ ਤੇ ਇਸ ਦਾਅਵੇ ਨੂੰ ਪੁਖਤਾ ਕਰਦੀ ਆਫਆਈਆਰ ਦੀ ਕਾਪੀ ਵੀ ਉਹਨਾਂ ਉਪਲਬੱਧ ਕਰਵਾਈ ਹੈ।

ਪਿਛਲੇ ਕਈ ਮਹੀਨਿਆਂ ਤੋਂ ਜ਼ੀਰਾ ਇਲਾਕੇ ਵਿੱਚ ਸ਼ਰਾਬ ਦੀ ਫੈਕਟਰੀ ਦਾ ਵਿਰੋਧ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਹਾਈਕੋਰਟ ਵਿੱਚ ਵੀ ਕੇਸ ਸੁਣਵਾਈ ਅਧੀਨ ਹੈ। ਹਾਈਕੋਰਟ ਨੇ ਇਸ ਸਬੰਧ ਵਿੱਚ ਹੁਕਮ ਜਾਰੀ ਕੀਤੇ ਸਨ ਕਿ ਜਲਦੀ ਤੋਂ ਜਲਦੀ ਫੈਕਟਰੀ ਨੂੰ ਚਾਲੂ ਕਰਵਾਇਆ ਜਾਵੇ ਕਿਉਂਕਿ ਮੌਨੀਟਰਿੰਗ ਕਮੇਟੀ ਦੀ ਰਿਪੋਰਟ ਵਿੱਚ ਫੈਕਟਰੀ ਨੂੰ ਕਲੀਨ ਚਿੱਟ ਦਿੱਤੀ ਗਈ ਹੈ ਪਰ ਇਲਾਕੇ ਦੇ ਲੋਕਾਂ ਦਾ ਦਾਅਵਾ ਹੈ ਕਿ ਜ਼ਮੀਨੀ ਹਕੀਕਤ ਕੁੱਝ ਹੋਰ ਹੈ । ਇਸ ਫੈਕਟਰੀ ਦੇ ਜ਼ਹਿਰੀਲੇ ਪਾਣੀ ਨੂੰ ਬੋਰ ਰਾਹੀਂ ਧਰਤੀ ਹੇਠਲੇ ਪਾਣੀ ਵਿੱਚ ਮਿਲਾ ਦਿੱਤਾ ਜਾਂਦਾ ਹੈ, ਜਿਸ ਕਾਰਨ ਪੀਣ ਵਾਲੇ ਪਾਣੀ ਰਾਹੀਂ ਕਈ ਜਾਨਲੇਵਾ ਬਿਮਾਰੀਆਂ ਫੈਲ ਰਹੀਆਂ ਹਨ।